ਪੱਤਰ ਪ੍ਰੇਰਕ
ਅੰਮ੍ਰਿਤਸਰ, 20 ਨਵੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਿੰਡ ਉਦੋਂ ਨੰਗਲ ਵਿੱਚ ਬੀਬੀਆਂ, ਕਿਸਾਨਾਂ, ਮਜ਼ਦੂਰਾਂ ਦੀ ਕਨਵੈਨਸ਼ਨ ਕਰਵਾਈ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਿੰਨੀ ਦੇਰ ਤਕ ਸੰਸਦ ਵਿੱਚ ਕਾਨੂੰਨੀ ਪ੍ਰਕਿਰਿਆ ਤਹਿਤ ਤਿੰਨੇ ਖੇਤੀ ਵਿਰੋਧੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਅਤੇ ਐੱਮਐੱਸਪੀ. ਦੀ ਗਰੰਟੀ ਦਾ ਕਾਨੂੰਨ, ਪ੍ਰਦੂਸ਼ਣ ਐਕਟ ਤੇ ਬਿਜਲੀ ਸੋਧ ਬਿਲ ਰੱਦ ਨਹੀ ਕੀਤੇ ਜਾਂਦੇ ਅਤੇ ਲਖੀਮਪੁਰ ਖੀਰੀ ਘਟਨਾ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।ਇਹ ਉਹ ਇਤਿਹਾਸ ਹੈ ਜਿਸ ਵਿਚ ਪੂਰੀ ਦੁਨੀਆਂ ਵਿੱਚ ਵੱਸਦੇ ਭਾਰਤੀ ਤੇ ਪੰਜਾਬੀ ਭਾਈਚਾਰੇ, ਬਰਤਾਨਵੀ ਸੰਸਦ ਵਿੱਚ ਵੀ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਅਵਾਜ਼ ਉੱਠੀ ਅਤੇ ਹੋਰ ਵੀ ਧਾਰਮਿਕ ਜਥੇਬੰਦੀਆਂ, ਲੋਕ ਪੱਖੀ ਗਾਇਕ, ਐਕਟਰ, ਕਵੀਸ਼ਰ ਰਾਗੀ, ਢਾਡੀ ਜਥੇ, ਲੋਕ ਪੱਖੀ ਜਥੇਬੰਦੀਆਂ ਤੇ ਸਾਰੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਦੀ ਜਿੱਤ ਹੈ ਅਤੇ 700 ਤੋਂ ਵੱਧ ਕਿਸਾਨਾਂ ਮਜ਼ਦੂਰਾਂ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਨ੍ਹਾਂ ਦੀ ਕੁਰਬਾਨੀ ਹੀ ਇਹ ਰੰਗ ਲਿਆਈ ਹੈ। ਇਸ ਲਈ, ਉਨ੍ਹਾਂ ਕਿਹਾ ਕਿ ਇਸ ਜਿੱਤ ਨੂੰ ਪੱਕੇ ਪੈਰੀਂ ਕਰਨ ਲਈ ਇਹ ਮੋਰਚਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ 24 ਨਵੰਬਰ ਨੂੰ ਅੰਮ੍ਰਿਤਸਰ ਤੋਂ ਜਿਹੜਾ ਜੱਥਾ ਦਿੱਲੀ ਰਵਾਨਾ ਹੋ ਰਿਹਾ ਹੈ, ਉਸ ਲਈ ਹਰ ਪਿੰਡ ਵਿੱਚ ਟਰਾਲੀ ਜਾਵੇਗੀ।