ਅੰਮ੍ਰਿਤਸਰ: ਕਰਫਿਊ ਦੀ ਉਲੰਘਣਾ ਦੇ ਦੋਸ਼ ਹੇਠ ਪੁਲੀਸ ਨੇ ਦੋ ਵੱਖ ਵੱਖ ਰੈਸਤਰਾਂ ਦੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਤੋਂ ਇਲਾਵਾ ਕਰਫਿਊ ਦੌਰਾਨ ਘੁੰਮ ਰਹੇ ਵਿਅਕਤੀ ਖ਼ਿਲਾਫ ਵੀ ਕਾਰਵਾਈ ਕੀਤੀ ਗਈ ਹੈ। ਪੁਲੀਸ ਵੱਲੋਂ ਇਸ ਸਬੰਧ ਵਿਚ ਉਮੰਗ ਜੂਸ ਬਾਰ, ਜੋ ਰਾਤ ਨੂੰ ਸਾਢੇ ਦਸ ਵਜੇ ਤਕ ਖੁੱਲ੍ਹਾ ਹੋਇਆ ਸੀ, ਦੇ ਪ੍ਰਬੰਧਕ ਮੇਜਰ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 188 ਹੇਠ ਥਾਣਾ ਸਦਰ ਵਿੱਚ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਨਾਮਜ਼ਦ ਵਿਅਕਤੀ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਮਜੀਠਾ ਰੋਡ ’ਤੇ ਮੱਖਣ ਰੈਸਤਰਾਂ ਦੇ ਪ੍ਰਬੰਧਕ ਬੰਟੀ ਖ਼ਿਲਾਫ਼ ਆਈਪੀਸੀ ਦੀ ਧਾਰਾ 188 ਹੇਠ ਕੇਸ ਦਰਜ ਕੀਤਾ ਗਿਆ ਹੈ। ਏਐੱਸਆਈ ਪ੍ਰੇਮ ਸਿੰਘ ਨੇ ਦੱਸਿਆ ਕਿ ਰੈਸਤਰਾਂ ਪ੍ਰਬੰਧਕਾਂ ਨੇ ਦੇਰ ਰਾਤ ਤਕ ਆਪਣੇ ਅਦਾਰੇ ਖੋਲ੍ਹੇ ਸਨ ਅਤੇ ਗਾਹਕਾਂ ਨੇ ਮਾਸਕ ਵੀ ਨਹੀਂ ਪਹਿਨੇ ਹੋਏ ਸਨ ਤੇ ਨਾ ਹੀ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕੀਤੀ ਗਈ ਸੀ। ਇਸੇ ਤਰ੍ਹਾਂ ਥਾਣਾ ਬੀ-ਡਿਵੀਜ਼ਨ ਵਿੱਚ ਏਐੱਸਆਈ ਮਨਜੀਤ ਸਿੰਘ ਨੇ ਕਰਫਿਊ ਦੌਰਾਨ ਘੁੰਮਣ ਦੇ ਦੋਸ਼ ਹੇਠ ਗੁਲਸ਼ਨ ਕੁਮਾਰ ਖ਼ਿਲਾਫ਼ ਆਈਪੀਸੀ ਦੀ ਧਾਰਾ 188 ਹੇਠ ਕੇਸ ਦਰਜ ਕੀਤਾ ਹੈ। -ਟਨਸ