ਗਗਨਦੀਪ ਅਰੋੜਾ
ਲੁਧਿਆਣਾ, 1 ਜੂਨ
ਲਾਡੋਵਾਲ ਟੌਲ ਪਲਾਜ਼ਾ ’ਤੇ ਬੁੱਧਵਾਰ ਸਵੇਰੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਪੀਆਰਟੀਸੀ ਦੀ ਬੱਸ ਦੇ ਕੰਡਕਟਰ ਨੇ ਦੋਸ਼ ਲਾਇਆ ਕਿ ਐਕਟਿਵਾ ਅਤੇ ਮੋਟਰਸਾਈਕਲ ’ਤੇ ਆਏ ਤਿੰਨ ਨੌਜਵਾਨਾਂ ਨੇ ਉਨ੍ਹਾਂ ਦੀ ਬੱਸ ਰੋਕ ਕੇ ਉਸ ਤੋਂ ਬੰਦੂਕ ਦੀ ਨੋਕ ’ਤੇ 20 ਹਜ਼ਾਰ ਰੁਪਏ ਅਤੇ ਚੇਨੀ ਲੁੱਟ ਲਈ। ਉਸ ਨੇ ਨੌਜਵਾਨਾਂ ’ਤੇ ਕੁੱਟਮਾਰ ਕਰਨ ਅਤੇ ਬੱਸ ’ਚ ਬੈਠੀਆਂ ਸਵਾਰੀਆਂ ਨੂੰ ਧਮਕਾਉਣ ਦੇ ਵੀ ਦੋਸ਼ ਲਾਏ। ਪੁਲੀਸ ਦੇ ਆਉਣ ਤੋਂ ਪਹਿਲਾਂ ਹੀ ਉਹ ਮੌਕੇ ਤੋਂ ਫ਼ਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਬੱਸ ਚਾਲਕਾਂ ਨੇ ਧਰਨਾ ਲਾ ਦਿੱਤਾ। ਪੁਲੀਸ ਨੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਧਰਨਾ ਚੁੱਕਣ ਲਈ ਨਹੀਂ ਮੰਨਿਆ ਜਿਸ ਕਾਰਨ ਦਿੱਲੀ ਨੈਸ਼ਨਲ ਹਾਈਵੇਅ ’ਤੇ ਜਾਮ ਲੱਗ ਗਿਆ ਅਤੇ ਕਰੀਬ ਡੇਢ ਘੰਟੇ ਤੱਕ ਲੋਕ ਗਰਮੀ ’ਚ ਖੱਜਲ-ਖੁਆਰ ਹੁੰਦੇ ਰਹੇ।
ਪੁਲੀਸ ਨੇ ਜਦੋਂ ਕੰਡਕਟਰ ਵੱਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਆਪਸੀ ਰੰਜਿਸ਼ ਦਾ ਮਾਮਲਾ ਜਾਪਦਾ ਹੈ। ਪੁਲੀਸ ਵੱਲੋਂ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਗਿਆ ਤਾਂ ਪਤਾ ਲੱਗਿਆ ਕਿ ਬੱਸ ਡਰਾਈਵਰ ਦਾ ਐਕਟਿਵਾ ਅਤੇ ਮੋਟਰਸਾਈਕਲ ਸਵਾਰਾਂ ਨਾਲ ਕੋਈ ਵਿਵਾਦ ਸੀ ਜਿਸ ਕਾਰਨ ਉਨ੍ਹਾਂ ਬੱਸ ਰੋਕ ਕੇ ਕੰਡਕਟਰ ਨਾਲ ਕੁੱਟਮਾਰ ਕੀਤੀ ਅਤੇ ਧਮਕੀਆਂ ਦਿੱਤੀਆਂ। ਜਾਂਚ ਤੋਂ ਇਹ ਵੀ ਪਤਾ ਲੱਗਾ ਕਿ ਕਿਸੇ ਵੀ ਸਵਾਰੀ ਤੋਂ ਕੋਈ ਲੁੱਟ ਨਹੀਂ ਹੋਈ ਹੈ। ਪੀਆਰਟੀਸੀ ਬੱਸ ਕੰਡਕਟਰ ਸਾਹਿਲ ਨੇ ਦੱਸਿਆ ਕਿ ਉਹ ਸਵੇਰੇ ਬੱਸ ਲੈ ਕੇ ਜਲੰਧਰ ਵੱਲ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਟੌਲ ਪਲਾਜ਼ਾ ’ਤੇ ਪੁੱਜੇ ਤਾਂ ਮੋਟਰਸਾਈਕਲ ਸਵਾਰ ਦੋ ਅਤੇ ਐਕਟਿਵਾ ਸਵਾਰ ਇੱਕ ਨੌਜਵਾਨ ਨੇ ਬੱਸ ਰੋਕੀ ਅਤੇ ਸਾਹਿਲ ਨਾਲ ਕੁੱਟਮਾਰ ਕੀਤੀ। ਸਾਹਿਲ ਨੇ ਦੋਸ਼ ਲਾਇਆ ਕਿ ਨੌਜਵਾਨ ਜਾਂਦੇ ਹੋਏ ਉਸ ਤੋਂ 20 ਹਜ਼ਾਰ ਕੈਸ਼ ਤੇ ਚੇਨੀ ਲੁੱਟ ਕੇ ਫ਼ਰਾਰ ਹੋ ਗਏ। ਸਾਹਿਲ ਨੇ ਦੋਸ਼ ਲਾਇਆ ਕਿ ਨੌਜਵਾਨਾਂ ਨੇ ਸਵਾਰੀਆਂ ਨਾਲ ਵੀ ਬੁਰਾ ਵਿਹਾਰ ਕੀਤਾ। ਸੀਨੀਅਰ ਪੁਲੀਸ ਅਧਿਕਾਰੀਆਂ ਵੱਲੋਂ ਬੱਸ ਚਾਲਕਾਂ ਨੂੰ ਸਮਝਾਉਣ ਅਤੇ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਮਗਰੋਂ ਉਨ੍ਹਾਂ ਧਰਨਾ ਉਠਾ ਲਿਆ।ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਇਹ ਸੂਚਨਾ ਮਿਲੀ ਸੀ ਕਿ ਲੁੱਟ ਹੋਈ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਗਈ ਤਾਂ ਪਤਾ ਲੱਗਿਆ ਕਿ ਨੌਜਵਾਨਾਂ ਨੇ ਬੱਸ ਰੋਕੀ ਸੀ। ਸ਼ਰਮਾ ਮੁਤਾਬਕ ਜਦੋਂ ਕੁਝ ਸਵਾਰੀਆਂ ਤੋਂ ਲੁੱਟ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਤਾਂ ਉਨ੍ਹਾਂ ਕੰਡਕਟਰ ਤੋਂ ਲੁੱਟ ਨਾ ਹੋਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਅਜੇ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਲੁੱਟ ਦਾ ਨਹੀਂ ਸਗੋਂ ਆਪਸੀ ਰੰਜਿਸ਼ ਦਾ ਮਾਮਲਾ ਹੈ। ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।