ਨਵੀਂ ਦਿੱਲੀ: ਜ਼ਿਆਦਾਤਰ ਐਗਜ਼ਿਟ ਪੋਲ ਪੱਛਮੀ ਬੰਗਾਲ ਵਿਚ ਟੀਐਮਸੀ ਦੀ ਜਿੱਤ ਦੇ ਫ਼ਰਕ ਦਾ ਅੰਦਾਜ਼ਾ ਲਾਉਣ ਵਿਚ ਨਾਕਾਮ ਰਹੇ ਹਨ। ਹਾਲਾਂਕਿ ਤਾਮਿਲਨਾਡੂ, ਅਸਾਮ, ਕੇਰਲਾ ਤੇ ਪੁੱਡੂਚੇਰੀ ਦੇ ਚੋਣ ਨਤੀਜਿਆਂ ਦਾ ਸਹੀ ਅੰਦਾਜ਼ਾ ਐਗਜ਼ਿਟ ਪੋਲ ਵਿਚ ਲਾਇਆ ਗਿਆ ਸੀ। ਚੋਣ ਸਰਵੇਖਣਾਂ ਵਿਚ ਭਾਜਪਾ ਤੇ ਟੀਐਮਸੀ ਵਿਚਾਲੇ ਫ਼ਸਵਾਂ ਮੁਕਾਬਲਾ ਦਿਖਾਇਆ ਗਿਆ ਸੀ, ਟੀਐਮਸੀ ਨੂੰ ਹਲਕੀ ਲੀਡ ਦਿੱਤੀ ਗਈ ਸੀ। ਬੰਗਾਲ ਵਿਚ ਇਸ ਦੇ ਉਲਟ ਟੀਐਮਸੀ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਸਰਵੇਖਣਾਂ ਵਿਚ ਡੀਐਮਕੇ ਦੀ ਅਗਵਾਈ ਵਾਲੇ ਗੱਠਜੋੜ ਨੂੰ ਤਾਮਿਲਨਾਡੂ, ਅਸਾਮ ਵਿਚ ਭਾਜਪਾ ਗੱਠਜੋੜ ਨੂੰ, ਕੇਰਲਾ ਵਿਚ ਐਲਡੀਐਫ ਤੇ ਪੁੱਡੂਚੇਰੀ ਵਿਚ ਐਨਡੀਏ ਨੂੰ ਜਿੱਤ ਮਿਲਦੀ ਦਿਖਾਈ ਗਈ ਸੀ। ਸਾਰੇ ਸਰਵੇਖਣਾਂ ਵਿਚੋਂ ਸਿਰਫ਼ ਟੂਡੇ’ਜ਼ ਪੰਚਾਰੀ ਐਗਜ਼ਿਟ ਪੋਲ ਹੀ ਟੀਐਮਸੀ ਦੀ ਅੱਜ ਐਲਾਨੀ ਗਈ ਜਿੱਤ ਦੇ ਨੇੜੇ ਤੇੜੇ ਸੀ। ਇਸ ਨੇ ਪਾਰਟੀ ਨੂੰ 180 ਸੀਟਾਂ ਦਿੱਤੀਆਂ ਸਨ। 11 ਸੀਟਾਂਉਪਰ-ਥੱਲੇ ਹੋਣ ਦਾ ਅੰਦਾਜ਼ਾ ਲਾਇਆ ਗਿਆ ਸੀ। ਜਦਕਿ ਭਾਜਪਾ ਨੂੰ 108 ਸੀਟਾਂ ਦੇ ਕੇ 11 ਸੀਟਾਂ ਉਪਰ-ਥੱਲੇ ਹੋਣ ਦਾ ਅੰਦਾਜ਼ਾ ਲਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਕਰੀਬ ਸਾਰੇ ਹੀ ਟੀਵੀ ਚੈਨਲਾਂ ਨੇ 294 ਮੈਂਬਰੀ ਬੰਗਾਲ ਵਿਧਾਨ ਸਭਾ ਵਿਚ ਤ੍ਰਿਣਮੂਲ ਕਾਂਗਰਸ ਨੂੰ ਘੱਟੋ-ਘੱਟ 152 ਤੇ ਵੱਧ ਤੋਂ ਵੱਧ 176 ਸੀਟਾਂ ਦਿੱਤੀਆਂ ਸਨ। ਜਦਕਿ ਭਾਜਪਾ ਨੂੰ 105 ਤੋਂ 148 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਸੀ। ਸਿਰਫ਼ ਰਿਪਬਲਿਕ ਟੀਵੀ-ਸੀਐਨਐਕਸ ਨੇ ਆਪਣੇ ਐਗਜ਼ਿਟ ਪੋਲ ਵਿਚ ਭਾਜਪਾ ਨੂੰ 138-148 ਤੇ ਟੀਐਮਸੀ ਨੂੰ 128-138 ਸੀਟਾਂ ਮਿਲਣ ਦੀ ਪੇਸ਼ੀਨਗੋਈ ਕੀਤੀ ਸੀ। ਟਾਈਮਜ਼ ਨਾਓ-ਸੀ ਵੋਟਰ ਨੇ ਟੀਐਮਸੀ ਨੂੰ 162 ਸੀਟਾਂ ਦੇ ਕੇ ਸਪੱਸ਼ਟ ਬਹੁਮਤ ਦਿੱਤਾ ਸੀ। ਭਾਜਪਾ ਨੂੰ 115 ਸੀਟਾਂ ਦਿੱਤੀਆਂ ਗਈਆਂ ਸਨ। -ਪੀਟੀਆਈ