ਹੁਸ਼ਿਆਰ ਸਿੰਘ ਰਾਣੂ
ਮਾਲੇਰੋਕਟਲਾ, 6 ਅਪਰੈਲ
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਰਾਜ ਦੇ ਲੋਕਾਂ ਨੂੰ ਮੁੱਢਲੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੀ ਮਹਾਮਾਰੀ ਦੇ ਬਾਵਜੂਦ ਸੂਬੇ ਦੇ ਵਿਕਾਸ ਕਾਰਜਾਂ ਅੰਦਰ ਕੋਈ ਘਾਟ ਨਹੀ ਆਉਣ ਦਿੱਤੀ। ਇਹ ਗੱਲ ਅੱਜ ਟਰਾਂਸਪੋਰਟ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਪੰਜਾਬ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਸਥਾਨਕ ਜਰਗ ਚੌਕ ਵਿੱਚ 29.57 ਕਰੋੜ ਰੁਪਏ ਦੀ ਲਾਗਤ ਨਾਲ ਬਣੇ 785 ਮੀਟਰ ਲੰਮੇ ਨਵੇਂ ਫਲਾਈ ਓਵਰ ਦਾ ਉਦਘਾਟਨ ਕਰਨ ਵੇਲੇ ਕਹੀ।ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਫਲਾਈਓਵਰ ਦੇ ਸ਼ੁਰੂ ਹੋਣ ਨਾਲ ਟਰੈਫਿਕ ਸਮੱਸਿਆ ਤੋਂ ਵੱਡੀ ਨਿਜ਼ਾਤ ਮਿਲੇਗੀ। ਸੰਗਰੂਰ, ਲੁਧਿਆਣਾ, ਖੰਨਾ, ਪਟਿਆਲਾ ਨੂੰ ਜਾਣ ਵਾਲੀ ਟ੍ਰੈਫਿਕ ਫਲਾਈ ਓਵਰ ਤੋਂ ਲੰਘਣ ਨਾਲ ਸ਼ਹਿਰ ‘ਚ ਆਵਾਜਾਈ ਅੰਦਰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਹੁਣ ਲੋਕਾਂ ਨੂੰ ਸਾਹਮਣਾ ਨਹੀ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਹੁਣ ਮਾਲੇਰਕੋਟਲਾ ਸ਼ਹਿਰ ਦੀਆਂ ਸੜਕਾਂ ਦੇ ਪੁਨਰ ਨਿਰਮਾਣ ਦਾ ਕਾਰਜ ਜੰਗੀ ਪੱਧਰ ‘ਤੇ ਹੋਵੇਗਾ ਅਤੇ ਅਗਲੇ ਮਹੀਨਿਆਂ ਅੰਦਰ ਸਹਿਰ ਦੀਆਂ ਸਾਰੀਆਂ ਸੜਕਾਂ ਮੁਕੰਮਲ ਹੋ ਜਾਣਗੀਆਂ, ਜਿੰਨ੍ਹਾਂ ਦੇ ਨਿਰਮਾਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 12 ਕਰੋੜ ਰੁਪਏ ਦੀ ਗਰਾਂਟ ਪ੍ਰਾਪਤ ਹੋ ਚੁੱਕੀ ਹੈ।ਉਨ੍ਹਾਂ ਕਿਹਾ ਕਿ ਫਲਾਈ ਓਵਰ ਬ੍ਰਿਜ ਦੇ ਦੋਵੇਂ ਪਾਸੇ ਆਵਾਜਾਈ ਲਈ ਵੱਖਰੇ ਪ੍ਰਬੰਧਾਂ ਵਜੋਂ 5.5 ਮੀਟਰ ਚੌੜੀਆਂ ਸੜਕਾਂ ਵੀ ਬਣਾਈਆਂ ਜਾਣਗੀਆਂ।ਇਸ ਮੌਕੇਐਸ.ਡੀ.ਐਮ. ਮਲੇਰਕੋਟਲਾ ਸ੍ਰੀ ਟੀ. ਬੈਨਿਥ ਆਈ.ਏ.ਐਸ., ਡੀ.ਐਸ.ਪੀ. ਸ੍ਰੀ ਸੰਜੀਵ ਭੱਟ, ਸ੍ਰੀ ਵਿਪਨ ਬਾਂਸਲ ਐਸ.ਸੀ. ਪੀ.ਬੀ.ਡਬਲਿਊ.ਡੀ., ਸੀ.ਐਸ.ਬੈਂਸ ਐਕਸ਼ੀਅਨ, ਘੱਟ ਗਿਣਤੀ ਕਮਿਸ਼ਨ ਦੇ ਸੀਨੀਅਰ ਉਪ ਚੇਅਰਮੈਨ ਪ੍ਰੋ. ਮੁਹੰਮਦ ਰਫੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਚੌਧਰੀ ਮੁਹੰਮਦ ਬਸ਼ੀਰ, ਪੰਜਾਬ ਵਕਫ਼ ਬੋਰਡ ਦੇ ਮੈਂਬਰ ਸੇਖ ਸਯਾਦ ਹੁਸੈਨ, ਸਾਬਕਾ ਨਗਰ ਕੌਂਸਲ ਪ੍ਰਧਾਨ ਇਕਬਾਲ ਫ਼ੌਜੀ, ਸੁਲੇਮਾਨ ਜੋਸ਼, ਮੁਨਸ਼ੀ ਮੁਹੰਮਦ ਅਸਰਫ. ਡਾ. ਮੁਹੰਮਦ ਇਕਬਾਲ ਤੇ ਕਾਂਗਰਸੀ ਕੌਂਸਲਰ ਮੌਜੂਦ ਸਨ।