ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ. ਨਗਰ(ਮੁਹਾਲੀ), 16 ਜਨਵਰੀ
ਮੁਹਾਲੀ ਹਲਕੇ ਦੇ ਵਿਧਾਇਕ ਅਤੇ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਅੱਜ ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਮੱਥਾ ਟੇਕ ਕੇ ਆਪਣਾ ਚੋਣ ਪ੍ਰਚਾਰ ਆਰੰਭ ਕੀਤਾ। ਇਸ ਮੌਕੇ ਉਨ੍ਹਾਂ ਦੀ ਪਤਨੀ ਦਲਜੀਤ ਕੌਰ ਸਿੱਧੂ, ਪੁੱਤਰ ਕੰਵਰਬੀਰ ਸਿੱਧੂ, ਨੂੰਹ ਅਤੇ ਪੋਤਰੀ ਵੀ ਨਾਲ ਸਨ। ਉਨ੍ਹਾਂ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰਾਈ ਅਤੇ ਰੁਮਾਲਾ ਚੜ੍ਹਾਇਆ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਪਾਬੰਦੀਆਂ ਕਾਰਨ ਉਨ੍ਹਾਂ ਵੱਲੋਂ ਘਰੋਂ-ਘਰੀ ਪ੍ਰਚਾਰ ਆਰੰਭਿਆ ਗਿਆ ਹੈ। ਬਲਬੀਰ ਸਿੱਧੂ ਪਿਛਲੇ ਪੰਦਰਾਂ ਸਾਲਾਂ ਤੋਂ ਕਾਂਗਰਸ ਦੇ ਵਿਧਾਇਕ ਚਲੇ ਆ ਰਹੇ ਹਨ। ਉਹ ਪਹਿਲੀ ਵਾਰ 2007 ਵਿੱਚ ਖਰੜ ਹਲਕੇ ਤੋਂ ਅਕਾਲੀ ਦਲ ਦੇ ਜਸਜੀਤ ਸਿੰਘ ਬੰਨੀ ਨੂੰ ਹਰਾ ਕੇ ਵਿਧਾਇਕ ਬਣੇ ਸਨ। ਇਸ ਮਗਰੋਂ 2012 ਵਿੱਚ ਮੁਹਾਲੀ ਨਵਾਂ ਵਿਧਾਨ ਸਭਾ ਹਲਕਾ ਬਣ ਗਿਆ ਸੀ ਅਤੇ ਅਕਾਲੀ ਦਲ ਦੇ ਬਲਵੰਤ ਸਿੰਘ ਰਾਮੂਵਾਲੀਆ ਨੂੰ ਉਨ੍ਹਾਂ ਨੇ 16,756 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। 2017 ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਨਰਿੰਦਰ ਸਿੰਘ ਸ਼ੇਰਗਿੱਲ ਨੂੰ 27,873 ਵੋਟਾਂ ਨਾਲ ਮਾਤ ਦਿੱਤੀ ਸੀ। ਸ੍ਰੀ ਸਿੱਧੂ ਦੇ ਸੈਕਟਰ 79 ਸਥਿਤ ਚੋਣ ਦਫ਼ਤਰ ਵੀ ਅੱਜ ਪਾਰਟੀ ਵਰਕਰਾਂ ਦਾ ਤਾਂਤਾ ਲੱਗਿਆ ਰਿਹਾ ਤੇ ਲੱਡੂ ਵੰਡੇ ਗਏ। ਪਿੰਡ ਮਨੌਲੀ ਵਿੱਚ ਢੋਲ ਵਜਾ ਕੇ ਸ੍ਰੀ ਸਿੱਧੂ ਦੀ ਹਾਜ਼ਰੀ ਵਿੱਚ ਲੱਡੂ ਵੰਡੇ ਤੇ ਘਰੋਂ-ਘਰੀ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਆਦਿ ਨੇ ਸ੍ਰੀ ਸਿੱਧੂ ਦਾ ਮੂੰਹ ਮਿੱਠਾ ਕਰਾਇਆ ਅਤੇ ਟਿਕਟ ਮਿਲਣ ’ਤੇ ਖੁਸ਼ੀ ਪ੍ਰਗਟਾਈ।
ਪਰਵਿੰਦਰ ਬੈਦਵਾਨ ਨੇ ਨਤਮਸਤਕ ਹੋਣ ਮਗਰੋਂ ਚੋਣ ਮੁਹਿੰਮ ਵਿੱਢੀ
ਐੱਸ.ਏ.ਐੱਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ):ਮੁਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਪਰਵਿੰਦਰ ਸਿੰਘ ਬੈਦਵਾਨ ਨੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਮੱਥਾ ਟੇਕ ਕੇ ਸ਼ਹਿਰੀ ਖੇਤਰ ਤੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਉਹ ਅੱਜ ਵੱਖ-ਵੱਖ ਥਾਵਾਂ ’ਤੇ ਪਾਰਟੀ ਆਗੂਆਂ, ਵਰਕਰਾਂ ਅਤੇ ਆਮ ਵੋਟਰਾਂ ਨੂੰ ਮਿਲੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਕੁਲਦੀਪ ਕੌਰ ਕੰਗ, ਯੂਥ ਆਗੂ ਸੋਨੀ ਬੜੀ, ਇਸ਼ਪ੍ਰੀਤ ਸਿੰਘ ਵਿੱਕੀ, ਨੰਬਰਦਾਰ ਹਰਵਿੰਦਰ ਸਿੰਘ, ਮਨਜੀਤ ਸਿੰਘ ਮਾਨ, ਕੈਪਟਨ ਰਮਨਦੀਪ ਸਿੰਘ ਬਾਵਾ, ਕੁਲਦੀਪ ਸਿੰਘ ਸਮੇਤ ਹੋਰ ਸਮਰਥਕ ਹਾਜ਼ਰ ਸਨ। ਉਧਰ, ਅਕਾਲੀ ਦਲ ਵੱਲੋਂ ਕਾਫ਼ੀ ਸਮੇਂ ਬਾਅਦ ਐਤਕੀਂ ਸਥਾਨਕ ਆਗੂ ਟਿਕਟ ਦੇਣ ਦੀ ਖ਼ੁਸ਼ੀ ਵਿੱਚ ਕਈ ਪਿੰਡਾਂ ਅੰਦਰ ਲੱਡੂ ਵੰਡੇ।