ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 29 ਅਪਰੈਲ
ਇੱਥੋਂ ਦੇ ਦਸਮੇਸ਼ ਬੱਸ ਅੱਡੇ ਵਿੱਚ ਖੜ੍ਹੀਆਂ ਬੱਸਾਂ ਨੂੰ ਬੀਤੀ ਦੇਰ ਰਾਤ ਅਚਾਨਕ ਅੱਗ ਲੱਗਣ ਕਾਰਨ ਤਿੰਨ ਬੱਸਾਂ ਸੜ ਕੇ ਸਵਾਹ ਹੋ ਗਈਆਂ। ਇਸ ਦੌਰਾਨ ਇੱਕ ਬੱਸ ਵਿੱਚ ਸੁੱਤੇ ਪਏ ਕੰਡਕਟਰ ਦੀ ਵੀ ਜਿਊਂਦੇ ਸੜ ਕੇ ਮੌਤ ਹੋ ਗਈ। ਫਿਲਹਾਲ, ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਬੱਸ ਅੱਡੇ ਵਿੱਚ ਨਿੱਜੀ ਤੇ ਸਰਕਾਰੀ ਕਰੀਬ ਇੱਕ ਦਰਜਨ ਬੱਸਾਂ ਖੜ੍ਹਦੀਆਂ ਹਨ। ਬੀਤੀ ਰਾਤ ਸਾਢੇ ਦਸ ਵਜੇ ਦੇ ਕਰੀਬ ਇਕ ਬੱਸ ਨੂੰ ਅੱਗ ਲੱਗੀ, ਜਿਸ ਮਗਰੋਂ ਦੋ ਹੋਰ ਬੱਸਾਂ ਅੱਗ ਦੀ ਲਪੇਟ ਵਿੱਚ ਆ ਗਈਆਂ। ਇਸ ਘਟਨਾ ਦੌਰਾਨ ਨਿਊ ਮਾਲਵਾ ਬੱਸ ਕੰਪਨੀ ਦੀਆਂ ਦੋ ਤੇ ਜੀਬੀਐੱਸ ਬੱਸ ਸਰਵਿਸ ਦੀ ਇਕ ਬੱਸ ਸੜ ਕੇ ਸੁਆਹ ਹੋ ਗਈ, ਜਦਕਿ ਇਕ ਹੋਰ ਬੱਸ ਦਾ ਅਗਲਾ ਹਿੱਸਾ ਸੜ ਗਿਆ। ਇਸ ਘਟਨਾ ਦੌਰਾਨ ਬੱਸ ਵਿੱਚ ਸੁੱਤਾ ਕੰਡਕਟਰ ਗੁਰੂਦੇਵ ਸਿੰਘ ਵੀ ਸੜ ਗਿਆ। ਅੱਗ ਲੱਗਣ ਬਾਰੇ ਪਤਾ ਲੱਗਦਿਆਂ ਹੀ ਅੱਗ ਬੁਝਾਊ ਦਸਤੇ ਨੇ ਮੌਕੇ ’ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ। ਸਮੇਂ ਸਿਰ ਅੱਗ ਬਝਾਉਣ ਦੇ ਯਤਨਾਂ ਸਦਕਾ ਹੋਰ ਬੱਸਾਂ ਦਾ ਬਚਾਅ ਹੋ ਗਿਆ। ਸੜੀਆਂ ਬੱਸਾਂ ਵਿੱਚੋਂ ਦੋ ਬਿਲਕੁਲ ਨਵੀਆਂ ਸਨ ਤੇ ਇਨ੍ਹਾਂ ਨੇ ਬੀਤੇ ਦਿਨ ਤੋਂ ਹੀ ਰੂਟ ’ਤੇ ਜਾਣਾ ਸ਼ੁਰੂ ਕੀਤਾ ਸੀ। ਥਾਣਾ ਦਿਆਲਪੁਰਾ ਭਾਈਕਾ ਦੇ ਇੰਚਾਰਜ ਡਾ. ਦਰਪਣ ਆਹਲੂਵਾਲੀਆ ਨੇ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਗੁਰੂਦੇਵ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਰਾਮਪੁਰਾ ਫੂਲ ਭੇਜ ਦਿੱਤੀ ਹੈ। ਡਾ. ਆਹਲੂਵਾਲੀਆ ਨੇ ਦੱਸਿਆ ਕਿ ਪੁਲੀਸ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਹਲਕਾ ਰਾਮਪੁਰਾ ਫੂਲ ਤੋਂ ‘ਆਪ’ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਵੀ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਪੀੜਤ ਟਰਾਂਸਪੋਰਟਰਾਂ ਤੇ ਕੰਡਕਟਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸਰਕਾਰ ਵੱਲੋਂ ਮਦਦ ਦੇਣ ਦਾ ਭਰੋਸਾ ਦਿੱਤਾ।