ਜਗਮੋਹਨ ਸਿੰਘ
ਰੂਪਨਗਰ/ਘਨੌਲੀ, 1 ਅਗਸਤ
ਕੁਰਾਲੀ ਤੋਂ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਤੱਕ ਕੌਮੀ ਮਾਰਗ ਦੇ ਦੋਵੇਂ ਪਾਸੇ ਸਥਿਤ ਢਾਬਿਆਂ ਦੇ ਮਾਲਕਾਂ ਵੱਲੋਂ ਇੱਕ ਦੂਜੇ ਦੇ ਢਾਬੇ ਨੂੰ ਲੁਕੋਣ ਲਈ ਲਗਾਏ ਗਏ ਇਸ਼ਤਿਹਾਰੀ ਹੋਰਡਿੰਗਜ਼ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਭਾਵੇਂ ਕਿ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਗਾਹੇ ਬਗਾਹੇ ਚੈਕਿੰਗ ਵੀ ਕੀਤੀ ਜਾਂਦੀ ਹੈ, ਪਰ ਢਾਬਾ ਮਾਲਕਾਂ ਵੱਲੋਂ ਇਸ਼ਤਿਹਾਰੀ ਬੋਰਡਾਂ ਦੇ ਥੱਲੇ ਪਹੀਏ ਲਗਵਾਏ ਹੋਏ ਹਨ ਅਤੇ ਜਦੋਂ ਚੈਕਿੰਗ ਦੀ ਸੂਚਨਾ ਮਿਲਦੀ ਹੈ ਤਾਂ ਉਹ ਇਨ੍ਹਾਂ ਬੋਰਡਾਂ ਨੂੰ ਖਿੱਚ ਕੇ ਢਾਬਿਆਂ ਦੇ ਪਿਛਲੇ ਪਾਸੇ ਲੁਕੋ ਆਉਂਦੇ ਹਨ। ਢਾਬਾ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਕੌਮੀ ਮਾਰਗ ਅਥਾਰਿਟੀ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਹੈ।
ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੇ ਪ੍ਰਾਜੈਕਟ ਡਾਇਰੈਕਟਰ ਪਰਦੀਪ ਅਤਰੀ ਨੇ ਇਸ ਸਬੰਧੀ ਅਣਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਹਾਈਵੇਅ ਅਥਾਰਿਟੀ ਦੀ ਮਲਕੀਤੀ ਜਗ੍ਹਾ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਤੁਰੰਤ ਐਕਸ਼ਨ ਲਿਆ ਜਾਵੇਗਾ ਅਤੇ ਸਾਰੇ ਹੋਰਡਿੰਗਜ਼ ਤੁਰੰਤ ਹਟਾ ਦਿੱਤੇ ਜਾਣਗੇ।