ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਅਕਤੂਬਰ
ਲੁਹਾਰਾ ਰੋਡ ਇਲਾਕੇ ’ਚ ਦੋ ਦਿਨ ਪਹਿਲਾਂ ਠੇਕੇ ਤੋਂ ਸ਼ਰਾਬ ਲੈ ਰਹੇ ਨੌਜਵਾਨ ਦੀ ਜੇਬ ’ਚੋਂ ਮੋਬਾਈਲ ਫੋਨ ਕੱਢਣ ਵਾਲੇ ਤਿੰਨ ਲੁਟੇਰਿਆਂ ਨੂੰ ਇਲਾਕੇ ਦੇ ਲੋਕਾਂ ਨੇ ਪਛਾਣ ਕੇ ਕਾਬੂ ਕਰ ਲਿਆ। ਜਦੋਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਤਾਂ ਉਹ ਤਿੰਨੋਂ ਨਸ਼ੇ ਦੀ ਹਾਲਤ ਵਿੱਚ ਸਨ। ਲੋਕਾਂ ਨੇ ਤਿੰਨਾਂ ਨੂੰ ਰੱਸੀ ਦੀ ਮਦਦ ਨਾਲ ਖੰਭੇ ਨਾਲ ਬੰਨ੍ਹ ਲਿਆ ਤੇ ਉਨ੍ਹਾਂ ਦੀ ਖੂਬ ਕੁੱਟਮਾਰ ਕੀਤੀ। ਇਸ ਮਗਰੋਂ ਇਲਾਕੇ ਦੇ ਲੋਕਾਂ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਥਾਣਾ ਸਾਹਨੇਵਾਲ ਅਧੀਨ ਆਉਂਦੀ ਚੌਂਕੀ ਕੰਗਣਵਾਲ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਲੁਹਾਰਾ ਰੋਡ ਇਲਾਕੇ ਦੇ ਰਹਿਣ ਵਾਲੇ ਰਾਜੂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਰਾਤ ਨੂੰ ਉਹ ਸ਼ਰਾਬ ਲੈਣ ਠੇਕੇ ’ਤੇ ਗਿਆ ਸੀ। ਇਸ ਦੌਰਾਨ ਮੁਲਜ਼ਮਾਂ ਨੇ ਉਸਦੀ ਜੇਬ ’ਚੋਂ ਫੋਨ ਕੱਢ ਲਿਆ। ਸੀਸੀਟੀਵੀ ਫੁਟੇਜ ਖੰਘਾਲਨ ’ਤੇ ਮੁਲਜ਼ਮਾਂ ਬਾਰੇ ਪਤਾ ਲੱਗਿਆ। ਰਾਜੂ ਨੇ ਦੱਸਿਆ ਕਿ ਤਿੰਨੇ ਮੁਲਜ਼ਮ ਵੀਰਵਾਰ ਦੁਪਹਿਰੇ ਇਲਾਕੇ ’ਚ ਘੁੰਮ ਰਹੇ ਸਨ ਤਾਂ ਉਨ੍ਹਾਂ ਨੂੰ ਕਾਬੂ ਕਰ ਕੀਤਾ ਗਿਆ। ਲੁਟੇਰਿਆਂ ਤੋਂ ਦੱਸਿਆ ਕਿ ਉਨ੍ਹਾਂ ਨਸ਼ੇ ਦੀ ਹਾਲਤ ’ਚ ਮੋਬਾਈਲ ਕੱਢਿਆ ਸੀ, ਜਦਕਿ ਉਸ ਦੇ ਸਾਥੀ ਨੇ ਅੱਗੋਂ ਨਸ਼ਾ ਲੈਣ ਲਈ ਮੋਬਾਈਲ ਗਹਿਣੇ ਰੱਖ ਦਿੱਤਾ। ਚੌਕੀ ਕੰਗਣਵਾਲ ਦੇ ਇੰਚਾਰਜ ਏਐਸਆਈ ਰਾਜਵੰਤਪਾਲ ਸਿੰਘ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।