ਅਰੁਣ ਮਾਇਰਾ
ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਕਹਿਣਾ ਹੈ ਕਿ ਵੱਖ ਵੱਖ ਫੁੱਟ-ਪਾਊ ਘਟਨਾਵਾਂ ਜਿਵੇਂ ਬਾਬਰੀ ਮਸਜਿਦ ਢਾਹੁਣ ਅਤੇ ਗੁਜਰਾਤ ਦੇ 2002 ਦੇ ਦੰਗਿਆਂ ਤੋਂ ਬਾਅਦ ਵੀ ਬਹੁਗਿਣਤੀ ਹਿੰਦੂ ਵੋਟ ਸ਼ਾਇਦ ਹੀ ਬਦਲੀ ਹੋਵੇ। ਸਰਕਾਰਾਂ ਦੀ ਚੋਣ ਹੋਰ ਮਾਮਲਿਆਂ ਨੂੰ ਲੈ ਕੇ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧੀਆਂ ਨੂੰ ਇਸ ਗੱਲ ਦਾ ਅਹਿਸਾਸ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਗ਼ੌਰ ਕਰਨ ਦੀ ਲੋੜ ਹੈ ਕਿ ਭਾਰਤ ਦੀ ਵਿਸ਼ਾਲ ਬਹੁਗਿਣਤੀ ਲਈ, ਉਸ ਦੀ ਕਿਸੇ ਵੀ ਜਾਤ ਤੇ ਧਰਮ ਦੇ ਬਾਵਜੂਦ, ਆਖਿ਼ਰ ਕਿਹੜੀ ਚੀਜ਼ ਅਹਿਮੀਅਤ ਰੱਖਦੀ ਹੈ ਅਤੇ ਨਾਲ ਹੀ ਕਿਹੋ ਜਿਹੀ ਸਰਕਾਰ ਅਹਿਮੀਅਤ ਰੱਖਦੀ ਹੈ। ਇਨ੍ਹਾਂ ਵਿਚੋਂ ਇਕ ਹੈ ਅਰਥਚਾਰੇ ਦੀ ਹਾਲਤ। ਦੂਜੀ ਹੈ ਸਮਾਜਿਕ ਕਦਰ-ਕੀਮਤਾਂ ਦਾ ਨਿਘਾਰ।
ਨਾਕਾਫ਼ੀ ਆਮਦਨ 90 ਫ਼ੀਸਦ ਭਾਰਤੀਆਂ ਲਈ ਸਭ ਤੋਂ ਵੱਡੀ ਚਿੰਤਾ ਹੈ ਜਿਥੇ ਧਰਮ ਤੇ ਜਾਤ ਦੀਆਂ ਵਲਗਣਾਂ ਕੋਈ ਮਾਇਨੇ ਨਹੀਂ ਰੱਖਦੀਆਂ। ਬੀਤੇ 30 ਸਾਲਾਂ ਦੌਰਾਨ ਯੂਪੀਏ ਅਤੇ ਐੱਨਡੀਏ ਸਰਕਾਰਾਂ ਨੇ ਕੁੱਲ ਘਰੇਲੂ ਪੈਦਾਵਾਰ (ਜੀਡੀਪੀ) ਦਾ ਆਕਾਰ ਵਧਾਉਣ ਵੱਲ ਹੀ ਧਿਆਨ ਦਿੱਤਾ ਹੈ। ਹੁਣ 2022 ’ਚ ਭਾਰਤ ਮੁੜ ‘ਤੇਜ਼ੀ ਨਾਲ ਉੱਭਰ ਰਿਹਾ ਖੁੱਲ੍ਹੇ ਬਾਜ਼ਾਰ ਵਾਲਾ ਲੋਕਤੰਤਰ’ ਬਣ ਚੁੱਕਾ ਹੈ। ਇਸ ਦੇ ਬਾਵਜੂਦ ਕੋਈ ਵੀ ਸਰਕਾਰ ‘ਰੁਜ਼ਗਾਰ ਰਹਿਤ’ ਵਿਕਾਸ ਅਤੇ ਵਧਦੀਆਂ ਹੋਈਆਂ ਨਾ-ਬਰਾਬਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕੀ। ਇਸ ਸੂਰਤ ਵਿਚ ਉਦਾਰਵਾਦੀਆਂ ਨੂੰ ਧਾਰਮਿਕ ਵੰਡੀਆਂ ਦੇ ਮੁੱਦਿਆਂ ਵਿਚ ਉਲਝਣ ਦੀ ਥਾਂ ਆਪਣੇ ਵਿਚਾਰਾਂ ਵਿਚ ਤਬਦੀਲੀ ਲਿਆਉਂਦਿਆਂ ਆਰਥਿਕ ਪ੍ਰਬੰਧ ਵੱਲ ਧਿਆਨ ਦੇਣਾ ਚਾਹੀਦਾ ਹੈ। ਭਾਰਤ ਦੇ ਆਰਥਿਕ ਪੈਂਤੜੇ ਬਿਲਕੁਲ ਉਸੇ ਤਰ੍ਹਾਂ ਦੇ ਹੀ ਹਨ ਜਿਵੇਂ ਅਮਰੀਕਾ ਤੇ ਪੱਛਮੀ ਮੁਲਕਾਂ ਦੇ। ਉਥੇ ਵੀ ਉਦਾਰਵਾਦ ਨੂੰ ਉਦਾਰਵਾਦ-ਵਿਰੋਧੀ ਸਿਆਸੀ ਮੁਹਿੰਮਾਂ ਤੋਂ ਖ਼ਤਰਾ ਹੈ।
ਭਾਰਤ ਦੀਆਂ ਮਾਲੀ ਨੀਤੀਆਂ ਦਾ ਟੀਚਾ ਆਰਥਿਕ ਵਿਕਾਸ ਦੇ ਨਾਲ ਨਾਲ ਆਮ ਲੋਕਾਂ ਦੀ ਜਿ਼ੰਦਗੀ ਨੂੰ ਠੋਸ ਢੰਗ ਨਾਲ ਆਸਾਨ ਬਣਾਉਣਾ ਹੋਣਾ ਚਾਹੀਦਾ ਹੈ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਭਾਰਤੀ ਅਰਥਚਾਰੇ ਦੀ ਸਮੱਸਿਆ ਇਸ ਦੇ ‘ਗ਼ੈਰ-ਰਸਮੀ ਸੈਕਟਰ’ ਦਾ ਵੱਡਾ ਆਕਾਰ ਹੈ ਜਿਹੜਾ ਭਾਰਤੀ ਅਰਥਚਾਰੇ ਦਾ 90 ਫ਼ੀਸਦ ਤੋਂ ਵੱਧ ਹਿੱਸਾ ਬਣਦਾ ਹੈ। ਉਹ ਤਾਂ ਸਗੋਂ ਚਾਹੁੰਦੇ ਸਨ ਕਿ ਛੋਟੇ ਉੱਦਮ ਵੱਡੇ ਹੋਣ ਅਤੇ ਗ਼ੈਰ-ਰਸਮੀ ਸੈਕਟਰ ਨੂੰ ਤੇਜ਼ੀ ਨਾਲ ਰਸਮੀ ਬਣਾਇਆ ਜਾਵੇ ਹਾਲਾਂਕਿ ਵੱਡੇ ਮਾਲੀ ਪ੍ਰੇਰਕਾਂ ਨਾਲ ਵੱਡੀਆਂ ਫਰਮਾਂ ਨੂੰ ਇਥੇ ਜਾਂ ਉਥੇ ਲਾਉਣ ਦਾ ਉਨ੍ਹਾਂ ਦਾ ਹੱਲ ਰੁਜ਼ਗਾਰ ਪੈਦਾ ਨਹੀਂ ਕਰੇਗਾ। ਇਸ ਦਾ ਸਹੀ ਹੱਲ ਛੋਟੇ ਉੱਦਮਾਂ ਦੇ ਵਿਕਾਸ ਨੂੰ ਹੱਲਾਸ਼ੇਰੀ ਦੇਣਾ ਹੈ ਕਿਉਂਕਿ ਇਹ ਉੱਦਮ ਘੱਟ ਪੂੰਜੀ ਨਾਲ ਜਿ਼ਆਦਾ ਰੁਜ਼ਗਾਰ ਪੈਦਾ ਕਰਦੇ ਹਨ। ਨਾਲ ਹੀ ਉਹ ਮੁਲਕ ਭਰ ਵਿਚ ਦੋਵੇਂ ਸ਼ਹਿਰੀ ਤੇ ਪੇਂਡੂ ਇਲਾਕਿਆਂ ਵਿਚ ਫੈਲੇ ਹੋਏ ਹਨ ਅਤੇ ਉਨ੍ਹਾਂ ਦੇ ਫੈਲਾਅ ਤੇ ਤਰੱਕੀ ਨਾਲ ਵੱਡੇ ਪੈਮਾਨੇ ’ਤੇ ਰੁਜ਼ਗਾਰ ਪੈਦਾ ਹੋਣਗੇ।
ਹਰ ਇਕਾਈ ਦੀ ਆਪੋ-ਆਪਣੇ ਹਾਲਾਤ ਮੁਤਾਬਕ ਕਾਇਮ ਰਹਿਣ ਅਤੇ ਵਿਕਸਤ ਹੋਣ ਲਈ ਸਹੀ ਰੂਪ ਤੇ ਤਰਜ਼ ਹੈ। ਇਹ ਕੁਦਰਤ ਦਾ ਨੇਮ ਹੈ। ਨੀਤੀ ਘਾਡਿ਼ਆਂ ਦੀ ਸੋਚ ‘ਗ਼ੈਰ-ਰਸਮੀ ਰੂਪ’ ਪ੍ਰਤੀ ਵਿਤਕਰੇ ਵਾਲੀ ਹੈ। ਉਨ੍ਹਾਂ ਦਾ ਖਿ਼ਆਲ ਹੈ ਕਿ ਗ਼ੈਰ-ਰਸਮੀ ਬੇਤਰਤੀਬੀ ਤੇ ਨਿਕੰਮਾ ਹੈ ਅਤੇ ਇਸ ਦਾ ਪ੍ਰਬੰਧ ਚਲਾਉਣਾ ਮੁਸ਼ਕਿਲ ਹੈ। ਉਹ ਬਹੁਤ ਜਿ਼ਆਦਾ ਚਾਹੁਣਗੇ ਕਿ ਛੋਟੀਆਂ ਫਰਮਾਂ ਵੱਡੇ ਸਨਅਤੀ ਉੱਦਮਾਂ ਦਾ ਰੂਪ ਧਾਰਨ। ਸਨਅਤੀ ਮੈਨੇਜਰ ਉਹੋ ਬੂਟੇ ਲਾਉਣੇ ਚਾਹੁਣਗੇ ਜਿਹੜੇ ਕਤਾਰ ਵਿਚ ਬੜੇ ਉੱਚੇ ਰੁੱਖਾਂ ਦਾ ਰੂਪ ਧਾਰ ਲੈਣ, ਕਿਉਂਕਿ ਉਨ੍ਹਾਂ ਨੂੰ ਗਿਣਨਾ ਤੇ ਉਨ੍ਹਾਂ ਦਾ ਪ੍ਰਬੰਧ ਕਰਨਾ ਸੌਖਾ ਹੁੰਦਾ ਹੈ। ਇਸੇ ਤਰ੍ਹਾਂ ਮਾਲੀ ਨੀਤੀ ਘਾੜੇ ਇਸ ਗੱਲ ਨੂੰ ਪਹਿਲ ਦਿੰਦੇ ਹਨ ਕਿ ਸਾਰੀਆਂ ਇਕਾਈਆਂ ਦਾ ਉਹੋ ਸਰੂਪ ਹੋਵੇ ਜੋ ਉਨ੍ਹਾਂ (ਨੀਤੀ ਘਾਡਿ਼ਆਂ ਨੂੰ) ਬਿਹਤਰੀਨ ਜਾਪਦਾ ਹੈ, ਕਿਉਂਕਿ ਇਸ ਤਰ੍ਹਾਂ ਉਨ੍ਹਾਂ ਇਕਾਈਆਂ ਉਤੇ ਧਿਆਨ ਰੱਖਣਾ ਆਸਾਨ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਵਸੀਲੇ (ਵਿੱਤ, ਟਰੇਨਿੰਗ ਆਦਿ) ਮੁਹੱਈਆ ਕਰਾਉਣੇ ਵੀ ਸੌਖੇ ਹੋ ਜਾਂਦੇ ਹਨ। ਉਂਝ, ਇਹ ਢਾਂਚਾ ਛੋਟੇ ਉੱਦਮਾਂ ਦੀ ਵਿਹਾਰਕਤਾ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਨਾਲ ਹੀ ਅਰਥਚਾਰੇ ਨੂੰ ‘ਵੱਧ ਪੂੰਜੀ ਘੱਟ ਰੁਜ਼ਗਾਰ’ ਵਾਲੀ ਵਿਕਾਸ ਤਰਜ਼ ਦੇ ਫੰਧੇ ਵਿਚ ਫਸਾਈ ਰੱਖਦਾ ਹੈ।
ਸਮਾਜਿਕ ਉਦਾਰਵਾਦੀਆਂ (social liberals) ਅਤੇ ਸਮਾਜਿਕ ਰੂੜ੍ਹੀਵਾਦੀਆਂ (social conservatives) ਦੇ ਕਿਸੇ ਚੰਗੇ ਸਮਾਜ ਮੁਤੱਲਕ ਵੱਖੋ-ਵੱਖਰੇ ਵਿਚਾਰ ਹਨ। ਉਦਾਰਵਾਦੀਆਂ ਲਈ ਕਿਸੇ ਵਿਅਕਤੀ ਦਾ ਆਪਣੀ ਜਿ਼ੰਦਗੀ ਆਪਣੇ ਤਰੀਕੇ ਨਾਲ ਜਿਊਣ ਦਾ ਹੱਕ ਸਭ ਤੋਂ ਅਹਿਮ ਹੈ, ਫਿਰ ਭਾਵੇਂ ਇਹ ਉਨ੍ਹਾਂ ਦਾ ਚੁਣਿਆ ਆਪਣਾ ਕਿੱਤਾ ਹੋਵੇ, ਉਨ੍ਹਾਂ ਦਾ ਪਹਿਰਾਵਾ ਹੋਵੇ, ਤੇ ਭਾਵੇਂ ਉਨ੍ਹਾਂ ਦੀਆਂ ਜਿਨਸੀ ਪਸੰਦਾਂ ਤੇ ਤਰਜੀਹਾਂ ਹੋਣ। ਦੂਜੇ ਪਾਸੇ ਰੂੜ੍ਹੀਵਾਦੀ ਅਜਿਹਾ ਸਭ ਕੁਝ ਸਮਾਜੀ ਰਵਾਇਤਾਂ ਤੇ ਨੇਮਾਂ ਮੁਤਾਬਕ ਕੀਤੇ ਜਾਣ ਨੂੰ ਤਰਜੀਹ ਦਿੰਦੇ ਹਨ। ਇਸ ਤਰ੍ਹਾਂ ਹਿੰਦੂ ਉਦਾਰਵਾਦੀਆਂ ਦੇ ਵਿਚਾਰ ਹਿੰਦੂ ਰੂੜ੍ਹੀਵਾਦੀਆਂ ਨਾਲੋਂ ਵੱਖਰੇ ਹੋਣਗੇ ਜਿਵੇਂ ਮੁਸਲਿਮ ਉਦਾਰਵਾਦੀਆਂ ਦੇ ਮੁਸਲਿਮ ਰੂੜ੍ਹੀਵਾਦੀਆਂ ਨਾਲੋਂ ਜੁਦਾ ਹੋਣਗੇ।
ਸੱਭਿਆਚਾਰਕ ਮਨੋਵਿਗਿਆਨੀ ਜੋਨਾਥਨ ਹਾਇਡ (Jonathan Haidt) ਆਪਣੀ ਕਿਤਾਬ ‘ਦਿ ਰਾਇਟਿਅਸ ਮਾਈਂਡ: ਵ੍ਹਾਏ ਗੁਡ ਪੀਪਲ ਆਰ ਡਿਵਾਈਡਿਡ ਬਾਇ ਪੌਲਿਟਕਸ ਐਂਡ ਰਿਲਿਜਨ’ ਵਿਚ ਦੱਸਦੇ ਹਨ ਕਿ ਉਦਾਰਵਾਦੀਆਂ ਜਿਨ੍ਹਾਂ ਦੇ ਨੈਤਿਕ ਨਿਯਮ ਵਿਅਕਤੀਵਾਦੀ (indiviualistic) ਹਨ, ਵਾਸਤੇ ਹੋਂਦਮੁਖੀ ਸਵਾਲ ਇਹ ਹੈ ਕਿ ‘ਮੈਂ ਕੌਣ ਹਾਂ?’ ਰੂੜ੍ਹੀਵਾਦੀਆਂ ਦੇ ਨੈਤਿਕ ਨਿਯਮ ਸਮਾਜਿਕ-ਕੇਂਦਰਿਤ (socio-centric) ਹਨ ਤੇ ਉਨ੍ਹਾਂ ਲਈ ਸਵਾਲ ਹੈ- ‘ਅਸੀਂ ਕੌਣ ਹਾਂ?’ ਉਹ ਆਖਦੇ ਹਨ ਕਿ ਦੋਵੇਂ ਹੀ ‘ਨਿਰਪੱਖਤਾ’ ਅਤੇ ‘ਕਿਸੇ ਨੂੰ ਨੁਕਸਾਨ ਨਾ ਪਹੁੰਚਾਉਣ’ ਦੇ ਸਰਵ-ਵਿਆਪਕ ਸਿਧਾਂਤਾਂ ਦਾ ਸਤਿਕਾਰ ਕਰਦੇ ਹਨ ਪਰ ਰੂੜ੍ਹੀਵਾਦੀ ਇਸ ਪੱਖੋਂ ਵੱਧ ਡੂੰਘਾਈ ਵਿਚ ਜਾਂਦੇ ਹਨ। ਉਹ ‘ਵਫ਼ਾਦਾਰੀ’ ਅਤੇ ‘ਅਥਾਰਟੀ ਦੇ ਸਤਿਕਾਰ’ ਦੀ ਕਦਰ ਕਰਦੇ ਹਨ, ਕਿਉਂਕਿ ਅਜਿਹੀਆਂ ਕਦਰਾਂ-ਕੀਮਤਾਂ ਸਮਾਜ ਵਿਚ ਸਥਿਰਤਾ ਲਈ ਜ਼ਰੂਰੀ ਹਨ। ਉਦਾਰਵਾਦੀਆਂ ਲਈ ‘ਰਵਾਇਤਾਂ’ ਤੇ ‘ਵਿਸ਼ਵਾਸ’ ਜੋ ਬੇਯਕੀਨੀ ਦੌਰਾਨ ਠੁੰਣਮ੍ਹਣਾ ਦਿੰਦੇ ਹਨ, ਉਹ ਪਿਛਾਂਹ-ਖਿਚੂ ਕਦਰਾਂ-ਕੀਮਤਾਂ ਹਨ। ਕੁਝ ਉਦਾਰਵਾਦੀ ਆਗੂਆਂ ਨੇ ਅਮਰੀਕਾ ਵਿਚ ਰੂੜ੍ਹੀਵਾਦੀ ਨਾਗਰਿਕਾਂ ਨੂੰ ‘ਗੰਦ’ ਅਤੇ ‘ਨਿੰਦਣਯੋਗ’ ਕਰਾਰ ਦੇ ਕੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਹੈ। ਭਾਰਤ ਵਿਚ ਵੀ ਬਹੁਤ ਸਾਰੇ ਉਦਾਰਵਾਦੀ ਜਿਹੜੇ ਦੁਨੀਆ ਨੂੰ ਪੱਛਮ ਤੋਂ ਹਾਸਲ ਕੀਤੇ ਚਸ਼ਮਿਆਂ ਥਾਣੀਂ ਦੇਖਣਾ ਪਸੰਦ ਕਰਦੇ ਹਨ, ਉਹ ਰੂੜ੍ਹੀਵਾਦੀ ਭਾਰਤੀਆਂ ਨੂੰ ‘ਵਿਗਿਆਨ ਵਿਰੋਧੀ’ ਅਤੇ ਅਤੀਤ ਵਿਚ ਫਸੇ ਹੋਏ ਦੱਸ ਕੇ ਰੱਦ ਕਰਦੇ ਹਨ।
ਪੱਚੀ ਸਾਲ ਪਹਿਲਾਂ ਕੁਝ ਵੱਡੇ ਭਾਰਤੀ ਕਾਰੋਬਾਰੀਆਂ ਨੇ ‘ਇੰਡੀਆ ਐਟ 75’ (ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਭਾਰਤ) ਲਈ ਸੁਪਨਾ ਸਿਰਜਿਆ ਸੀ ਤੇ ਇਸ ਨੂੰ ਹਾਸਲ ਕਰਨ ਦੀ ਰਣਨੀਤੀ ਬਣਾਈ ਸੀ। ਹੁਣ ਭਾਰਤ ਦੀ ਆਜ਼ਾਦੀ ਨੂੰ 75 ਸਾਲ ਹੋ ਚੁੱਕੇ ਹਨ ਪਰ ਇਹ ਸੁਪਨਾ ਸਾਕਾਰ ਨਹੀਂ ਕੀਤਾ ਜਾ ਸਕਿਆ। ਅਸੀਂ ਬਹੁਤੇ ਟੀਚੇ ਸਰ ਕਰਨ ’ਚ ਨਾਕਾਮ ਰਹੇ ਹਾਂ।
ਅਲਬਰਟ ਆਇੰਸਟਾਈਨ ਦਾ ਕਹਿਣਾ ਸੀ ਕਿ ਉਨ੍ਹਾਂ ਤਰੀਕਿਆਂ ਨੂੰ ਹੀ ਜਾਰੀ ਰੱਖਣਾ ਜਿਨ੍ਹਾਂ ਨੇ ਤੁਹਾਡੇ ਮਨਚਾਹੇ ਨਤੀਜੇ ਨਾ ਦਿੱਤੇ ਹੋਣ, ਪਾਗਲਪਣ ਹੈ, ਕਿਉਂਕਿ ਜਿਹੜੀ ਸਮੱਸਿਆ ਤੁਸੀਂ ਹੱਲ ਕਰਨਾ ਚਾਹੁੰਦੇ ਹੋ, ਉਸ ਸਮੱਸਿਆ ਦਾ ਕਾਰਨ ਇਹੋ ਤਰੀਕੇ ਹੋ ਸਕਦੇ ਹਨ। ਵਿਕਾਸ ਨੂੰ ਵਧੇਰੇ ਨਿਆਂਸੰਗਤ ਅਤੇ ਨਾਲ ਹੀ ਵਾਤਾਵਰਨ ਪੱਖੋਂ ਵਧੇਰੇ ਹੰਢਣਸਾਰ ਬਣਾਉਣ ਲਈ ਸਾਨੂੰ ਆਪਣੇ ਅਰਥਚਾਰੇ ਨੂੰ ਵਿਕਸਤ ਕਰਨ ਵਾਸਤੇ ਕਿਸੇ ਨਵੇਂ ਤਰੀਕੇ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਅਸੀਂ ਜਿਹੋ ਜਿਹਾ ਸਮਾਜ ਸਿਰਜਣਾ ਚਾਹੁੰਦੇ ਹਾਂ, ਉਸ ਦੇ ਸਰੂਪ ਅਤੇ ਨਾਲ ਹੀ ਅਸੀਂ ਆਪਣੇ ਆਪ ਉਤੇ ਜਮਹੂਰੀ ਢੰਗ ਨਾਲ ਕਿਵੇਂ ਹਕੂਮਤ ਕਰਨੀ ਹੈ, ਬਾਰੇ ਸਹਿਮਤੀ ਬਣਾਉਣ ਲਈ ਸਾਨੂੰ ਨਵੇਂ ਤਰੀਕੇ ਤਲਾਸ਼ਣ ਦੀ ਲੋੜ ਹੈ।
ਭਾਰਤੀ ਲੋਕ ਆਪਣੇ ਵਤਨ ਦੀ ਰੂਹ ਦੀ ਤਲਾਸ਼ ਵਿਚ ਹਨ। ਉਨ੍ਹਾਂ ਨੂੰ ਇਹ ਭਾਰਤ ਦੇ ਲਿਖਤੀ ਇਤਿਹਾਸ ਵਿਚੋਂ ਨਹੀਂ ਮਿਲੇਗੀ। ਇਤਿਹਾਸ ਦੌਰਾਨ ਭਾਰਤ ਦੀਆਂ ਭੂਗੋਲਿਕ ਸਰਹੱਦਾਂ ਬਦਲ ਗਈਆਂ ਹਨ, ਜਿਵੇਂ ਇਹ ਰੂਪਰੇਖਾ ਬਦਲੀ ਹੈ ਕਿ ‘ਅਸੀਂ’ ਕੌਣ ਹਾਂ। ਕਾਂਗਰਸ ਨੇ ‘ਉਦੇਪੁਰ ਨਵ ਸੰਕਲਪ’ ਮੌਕੇ ਸਾਰਿਆਂ ਨੂੰ ‘ਭਾਰਤੀਅਤਾ’ ਦੇ ਸਿਧਾਂਤਾਂ ਦਾ ਪਾਲਣ ਕਰਨ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਸਾਡੀਆਂ ਭਾਸ਼ਾਵਾਂ ‘ਭਾਰਤੀਅਤਾ’ ਦੀ ਰੂਹ ਹਨ।
ਭਾਰਤ ਦੇ ਨਾਗਰਿਕ ਬਹੁਤ ਸਾਰੀਆਂ ਭਾਸ਼ਾਵਾਂ ਬੋਲਦੇ ਹਨ; ਉਨ੍ਹਾਂ ਦੇ ਵੰਨ-ਸਵੰਨੇ ਇਤਿਹਾਸ ਹਨ। ਜਾਤ ਦੀਆਂ ਵੰਡਾਂ ਬਹੁਤ ਤਿੱਖੀਆਂ ਹਨ। ਮਾਲੀ ਨਾ-ਬਰਾਬਰੀਆਂ ਵਧ ਰਹੀਆਂ ਹਨ। ਰਸਮੀ ਤੇ ਗ਼ੈਰ-ਰਸਮੀ ਵੱਖ ਵੱਖ ਸੰਸਾਰਾਂ ਵਿਚ ਰਹਿੰਦੇ ਹਨ। ਹੁਣ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਲੋਕਾਂ ਜਿਹੜੇ ਸਾਡੇ ਵਰਗੇ ਨਹੀਂ, ਦੀ ਆਵਾਜ਼ ਸੁਣਨ ਲਈ ਆਪਣੇ ਪਾਰਟੀ ਸਬੰਧਾਂ ਤੇ ਪਛਾਣਾਂ ਅਤੇ ਆਪਣੀ ਕੱਟੜਤਾ ਦੇ ਘੇਰੇ ਤੋਂ ਬਾਹਰ ਆਈਏ। ਹੁਣ ਸਾਡੇ ਲਈ ‘ਭਾਰਤ ਐਟ 100’ ਦਾ ਨਵਾਂ ਸੁਪਨਾ ਸਿਰਜਣ ਅਤੇ ਨਾਲ ਹੀ ‘ਅਸੀਂ’ ਕੌਣ ਹਾਂ, ਦੀ ਤਲਾਸ਼ ਲਈ ਕੌਮੀ ਪੱਧਰ ’ਤੇ ਸੰਵਾਦ ਰਚਾਉਣ ਸਮਾਂ ਆ ਗਿਆ ਹੈ।
*ਲੇਖਕ ਯੋਜਨਾ ਕਮਿਸ਼ਨ ਦਾ ਸਾਬਕਾ ਮੈਂਬਰ ਹੈ।