ਨਵੀਂ ਦਿੱਲੀ, 4 ਫਰਵਰੀ
ਪੈਨਸ਼ਨ ਫੰਡ ਰੈਗੂਲੇਟਰੀ ਤੇ ਡਿਵੈਲਪਮੈਂਟ ਅਥਾਰਿਟੀ (ਪੀਐੱਫਆਰਡੀਏ) ਨੇ ਡੀ-ਰੈਮਿਟ ਦਾ ਘੇਰਾ ਵਧਾਉਂਦਿਆਂ ਪਰਵਾਸੀ ਭਾਰਤੀਆਂ ਨੂੰ ਵੀ ਇਸ ਵਿੱਚ ਸ਼ਾਮਲ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ। ਡੀ-ਰੈਮਿਟ ਸਹੂਲਤ ਤਹਿਤ ਹੁਣ ਪਰਵਾਸੀ ਭਾਰਤੀ ਆਪਣੇ ਬੈਂਕ ਖਾਤਿਆਂ ’ਚੋਂ ਕੌਮੀ ਪੈਨਸ਼ਨ ਪ੍ਰਣਾਲੀ (ਐੱਨਪੀਐੱਸ) ਵਿੱਚ ਸਿੱਧਾ ਯੋਗਦਾਨ ਪਾ ਸਕਣਗੇ। ਅਥਾਰਿਟੀ ਨੇ ਇਕ ਬਿਆਨ ਵਿੱਚ ਕਿਹਾ ਕਿ ਪੈਸਾ ਕਢਾਉਣ ਦੀ ਸੂਰਤ ਵਿੱਚ ਐੱਨਪੀਐੱਸ ਵਿੱਚ ਜਮ੍ਹਾਂ ਰਾਸ਼ੀ ਨਾਨ-ਰੈਜ਼ੀਡੈਂਟ ਆਰਡੀਨਰੀ (ਐੱਨਆਰਓ) ਜਾਂ ਗੈਰ-ਰੈਜ਼ੀਡੈਂਟ ਬਾਹਰੀ ਖਾਤਿਆਂ (ਐੱਨਆਰਈ) ਵਿੱਚ ਕਰੈਡਿਟ ਕੀਤੀ ਜਾਵੇਗੀ ਤੇ ਇਹ ਸਭ ਕੁਝ ਫੇਮਾ ਦਿਸ਼ਾ ਨਿਰਦੇਸਾਂ ਤਹਿਤ ਕੀਤਾ ਜਾਵੇਗਾ। ਡੀ-ਰੈਮਿਟ ਅਸਲ ਵਿੱਚ ਐੱਨਪੀਐੱਸ ਵਿੱਚ ਸਵੈ-ਇੱਛਾ ਨਾਲ ਆਪਣੀ ਸਹੂਲਤ ਮੁਤਾਬਕ ਰਾਸ਼ੀ ਜਮ੍ਹਾਂ ਕਰਵਾਉਣ ਦੀ ਪੇਸ਼ਕਸ਼ ਹੈ ਤੇ ਇਸ ਨਾਲ ਇਕ ਰਿਟਾਇਰਮੈਂਟ ਫੰਡ ਇਕੱਤਰ ਹੋਵੇਗਾ। ਐੱਨਪੀਐੱਸ ਵਿੱਚ ਕਿਸੇ ਵੀ ਨਿਰਧਾਰਿਤ ਤਰੀਕ ਨੂੰ ਇਕ ਨਿਰਧਾਰਿਤ ਰਾਸ਼ੀ ਸਬਸਕ੍ਰਾਈਬਰ ਦੇ ਬੈਂਕ ਖਾਤੇ ’ਚੋਂ ਪਾਈ ਜਾ ਸਕਦੀ ਹੈ। ਡੀ-ਰੈਮਿਟ ਤਹਿਤ ਟਰੱਸਟੀ ਬੈਂਕ ਵਿੱਚ ਕਿਸੇ ਵੀ ਕੰਮਕਾਜੀ ਦਿਨ ਸਵੇਰੇ 9:30 ਵਜੇ ਤੋਂ ਪਹਿਲਾਂ ਆਉਣ ਵਾਲੀ ਰਾਸ਼ੀ ਨੂੰ ਉਸੇ ਦਿਨ ਦਾ ਨਿਵੇਸ਼ ਮੰਨਿਆ ਜਾਵੇਗਾ। ਪੀਐੱਫਆਰਡੀੲੈ ਨੇ ਡੀ-ਰੈਮਿਟ ਵਿੱਚ ਆਟੋਮੈਟਿਕ ਕੰਟਰੀਬਿਊਸ਼ਨ ਦੀ ਸ਼ੁੁਰੂਆਤ ਅਕਤੂਬਰ 2020 ਵਿੱਚ ਕੀਤੀ ਸੀ। ਐੱਨਪੀਐੱਸ ਸਬਸਕ੍ਰਾਈਬਰ ਹੁਣ ਤੱਕ 1.23 ਲੱਖ ਡੀ-ਰੈਮਿਟ ਆਈਡੀਜ਼ ਬਣਾ ਚੁੱਕੇ ਹਨ। ਅਥਾਰਿਟੀ ਮੁਤਾਬਕ ਐੱਨਪੀਐੱਸ ਵਿੱਚ ਸਵੈ-ਇੱਛਾ ਨਾਲ ਪਿਛਲੇ ਚਾਰ ਮਹੀਨਿਆਂ ਵਿੱਚ 130 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋ ਚੁੱਕਾ ਹੈ। -ਪੀਟੀਆਈ