ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 20 ਅਕਤੂਬਰ
ਜਲ ਸਪਲਾਈ ਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਲਈ ਅੱਜ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ ਕਿ 10 ਫੀਸਦੀ ਡੀਏ ਜਾਰੀ ਕੀਤਾ ਜਾਵੇ, ਪੇਂਡੂ ਭੱਤਾ ਬਹਾਲ ਕੀਤਾ ਜਾਵੇ ਅਤੇ ਕੱਚੇ ਕਾਮੇ ਤੇ ਠੇਕੇ ਤੇ ਕੰਮ ਕਰ ਰਹੇ ਕਰਮਚਾਰੀ ਪੱਕੇ ਕੀਤੇ ਜਾਣ। ਇਹ ਰੋਸ ਵਿਖਾਵਾ ਸੂਬਾਈ ਆਗੂ ਸੁਖਨੰਦਨ ਸਿੰਘ ਮੈਹਣੀਆਂ ਦੀ ਅਗਵਾਈ ਵਿੱਚ ਕੀਤਾ ਗਿਆ। ਪ੍ਰਦਰਸ਼ਨਕਾਰੀ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਇਕੱਠੇ ਹੋਏ ਅਤੇ ਰੋਸ ਮਾਰਚ ਕਰਦੇ ਹੋਏ ਵੱਖ ਵੱਖ ਬਾਜ਼ਾਰਾਂ ਚੋਂ ਲੰਘਦੇ ਹੋਏ ਹਾਲਗੇਟ ਪੁੱਜੇ। ਇਥੇ ਰੋਸ ਵਿਖਾਵਾ ਕਰਦਿਆਂ ਧਰਨਾ ਵੀ ਦਿੱਤਾ ਗਿਆ। ਜਥੇਬੰਦੀ ਦੇ ਆਗੂ ਤੀਰਥ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੇ ਮੈਂਬਰਾਂ ਵੱਲੋਂ ਮੁਲਾਜ਼ਮ ਮੰਗਾਂ ਦੇ ਹੱਕ ਵਿੱਚ ਕੀਤੀ ਜਾ ਰਹੀ ਕਲਮ ਛੋੜ ਹੜਤਾਲ ਦਾ ਵੀ ਪੂਰਨ ਸਮਰਥਨ ਕੀਤਾ ਗਿਆ ਹੈ। ਜਥੇਬੰਦੀ ਦੇ ਆਗੂ ਸੁਖਨੰਦਨ ਸਿੰਘ ਮੈਹਣੀਆਂ, ਸਰਬਜੀਤ ਸਿੰਘ, ਗੁਰਦੇਵ ਸਿੰਘ, ਵਿਜੈਪਾਲ ਸਿੰਘ, ਅਸ਼ਵਨੀ ਕੁਮਾਰ ਸੁਖਪ੍ਰੀਤ ਸਿੰਘ, ਸੁਖਬੀਰ ਸਿੰਘ ਆਦਿ ਨੇ ਕਿਹਾ ਕਿ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਖ਼ਿਲਾਫ਼ ਸਖ਼ਤ ਵਿਰੋਧ ਜਾਰੀ ਰਹੇਗਾ।