ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜੁਲਾਈ
ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ (ਐਨਸੀਐਸਸੀ) ਦੇ ਚੇਅਰਮੈਨ ਵਿਜੇ ਸਾਂਪਲਾ ਨੇ ਦਿੱਲੀ ਦੇ ਵਿਧਾਇਕ ਨਰੇਸ਼ ਬਾਲਿਆਨ ਦੇ ਨਿਰਦੇਸ਼ਾਂ ’ਤੇ ਹੱਥੀਂ ਸਫ਼ਾਈ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਦਿੱਲੀ ਪੁਲੀਸ ਨੂੰ ਐਫਆਈਆਰ ਦਰਜ ਕਰਨ ਤੇ ਕਾਰਵਾਈ ਦੀ ਰਿਪੋਰਟ ਤੁਰੰਤ ਸੌਂਪਣ ਲਈ ਕਿਹਾ ਹੈ।
ਵਿਧਾਇਕ ਨਰੇਸ਼ ਬਾਲਿਆਨ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਮਾਨਸੂਨ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਕੀਤੀ ਜਾ ਰਹੀ ਸਫਾਈ ਨਾਲ ਸਬੰਧਤ ਚਾਰ ਤਸਵੀਰਾਂ ਸਾਂਝੀਆਂ ਕੀਤੀਆਂ। ਇਸ ਦੇ ਨਾਲ ਹੀ ‘ਆਪ’ ਨੇਤਾ ਨੇ ਆਪਣੇ ਟਵੀਟ ’ਚ ਕਿਹਾ ਕਿ ਦਿੱਲੀ ਨਗਰ ਨਿਗਮ ਭਾਵੇਂ ਮਹੱਤਵਪੂਰਨ ਜਨਤਕ ਕੰਮ ਨਹੀਂ ਕਰ ਰਿਹਾ ਹੈ ਪਰ ਦਿੱਲੀ ਸਰਕਾਰ ਲੋਕਾਂ ਦੀ ਮਦਦ ਲਈ ਸਮਰਪਿਤ ਹੈ, ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਲੋਕ ਨਿਰਮਾਣ ਵਿਭਾਗ ਨਵੀਂ ਦਿੱਲੀ ਦੇ ਉੱਤਮ ਨਗਰ ਹਲਕੇ ਦੀਆਂ ਸਾਰੀਆਂ ਵੱਡੀਆਂ ਨਾਲੀਆਂ ਦੀ ਸਫਾਈ ਕਰ ਰਿਹਾ ਹੈ ਤਾਂ ਜੋ ਲੋਕਾਂ ਨੂੰ ਪਾਣੀ ਭਰਨ ਕਾਰਨ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।
ਉਂਜ ਨੱਥੀ ਤਸਵੀਰਾਂ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਡਰੇਨਾਂ ਦੀ ਸਫ਼ਾਈ ਦਾ ਕੰਮ ਹੱਥੀਂ ਸਫ਼ਾਈ ਰਾਹੀਂ ਕੀਤਾ, ਜਿਸ ’ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਸਰਕਾਰੀ ਨਿਯਮਾਂ ਅਨੁਸਾਰ ਸੀਵਰ/ਗੰਦਗੀ ਨਾਲੀਆਂ ਦੀ ਸਫਾਈ ਇਲੈਕਟ੍ਰੋ-ਹਾਈਡ੍ਰੌਲਿਕ ਮਸ਼ੀਨਾਂ ਨਾਲ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸਫਾਈ ਕਰਵਾਉਣੀ ਗਲਤ ਹੈ ਤੇ ਅੱਗੇ ਅਜਿਹਾ ਹੋਣ ਉਤੇ ਕਾਰਵਾਈ ਕੀਤੀ ਜਾਵੇਗੀ।