ਪੱਤਰ ਪ੍ਰੇਰਕ
ਤਲਵੰਡੀ ਸਾਬੋ, 20 ਅਕਤੂਬਰ
ਮਲਿਕਾਰਜੁਨ ਖੜਗੇ ਦੇ ਆਲ ਇੰਡੀਆ ਕਾਂਗਰਸ ਦਾ ਪ੍ਰਧਾਨ ਬਣਨ ਦੀ ਖ਼ਬਰ ਨਾਲ ਹਲਕਾ ਤਲਵੰਡੀ ਸਾਬੋ ਦੇ ਪਾਰਟੀ ਆਗੂਆਂ ਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਸਥਾਨਕ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਅੱਜ ਇੱਥੇ ਪਹਿਲਾਂ ਖੰਡਾ ਚੌਕ ਵਿੱਚ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਦੀ ਅਗਵਾਈ ਹੇਠ ਇਕੱਠੇ ਕੀਤਾ ਤੇ ਇੱਕ ਦੂਜੇ ਨੂੰ ਮਲਿਕਾਰਜੁਨ ਖੜਗੇ ਦੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਬਣਨ ਦੀ ਵਧਾਈ ਦਿੱਤੀ। ਇਸ ਮੌਕੇ ਆਗੂਆਂ ਤੇ ਵਰਕਰਾਂ ਨੂੰ ਖੁਸ਼ੀ ਵਿੱਚ ਲੱਡੂ ਵੰਡੇ ਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਕਿਹਾ ਕਿ ਸ੍ਰੀ ਖੜਗੇ ਦੇ ਕੌਮੀ ਪ੍ਰਧਾਨ ਬਣਨ ਨਾਲ ਕਾਂਗਰਸ ਹੇਠਲੇ ਪੱਧਰ ਤੱਕ ਹੋਰ ਮਜ਼ਬੂਤ ਬਣੇਗੀ ਤੇ ਲੋਕ ਸਭਾ ਚੋਣਾਂ 2024 ਵਿੱਚ ਦੇਸ਼ ਅੰਦਰ ਕਾਂਗਰਸ ਦੀ ਸਰਕਾਰ ਬਣਾਏਗੀ। ਇਸ ਮੌਕੇ ਹਰਬੰਸ ਸਿੰਘ, ਸੂਬਾ ਸਿੰਘ, ਲੀਲਾ ਸਿੰਘ (ਤਿੰਨੇ ਕੌਂਸਲਰ), ਵਿਕਾਸ਼ ਤਲਵੰਡੀ, ਜਸਕਰਨ ਸਿੰਘ ਸਰਪੰਚ ਗਹਿਲੇਵਾਲਾ, ਬੂਟਾ ਸਿੰਘ ਸਰਪੰਚ ਸਿੰਗੋ, ਯੋਧਾ ਸਿੰਘ ਨਵਾਂ ਪਿੰਡ, ਗੋਰਾ ਸਿੰਘ ਭਾਗੀਵਾਂਦਰ ਤੇ ਹੋਰ ਪਾਰਟੀ ਆਗੂ ਵੀ ਹਾਜ਼ਰ ਸਨ।