ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 20 ਅਕਤੂਬਰ
ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਦੀ ਅਗਵਾਈ ਹੇਠ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੰਜਾਬ ਸਰਕਾਰ ਨੂੰ ਮੁਲਾਜ਼ਮ ਮੰਗਾਂ ਚੇਤੇ ਕਰਵਾਉਣ ਲਈ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸੂਬਾਈ ਕਨਵੀਨਰ ਕਰਮ ਸਿੰਘ ਧਨੀਆ, ਸੁਖਦੇਵ ਸਿੰਘ ਸੈਣੀ, ਬਾਜ਼ ਸਿੰਘ ਖਹਿਰਾ, ਐੱਨਡੀ ਤਿਵਾੜੀ ਅਤੇ ਗੁਰਵਿੰਦਰ ਸਿੰਘ ਨੇ ਹੁਕਮਰਾਨਾਂ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ। ਆਗੂਆਂ ਨੇ ਐੱਸਡੀਐੱਮ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ।
ਆਗੂਆਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ’ਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਪੈਨਸ਼ਨਰਾਂ ਨੂੰ 01-01-2016 ਦੇ ਸੋਧੇ ਛੇਵੇਂ ਤਨਖ਼ਾਹ ਕਮਿਸ਼ਨ ਅਧੀਨ ਗੁਣਾਕ 2:59 ਲਾਗੂ ਕਰਵਾਉਣਾ, ਜਿਨ੍ਹਾਂ ਪੈਨਸ਼ਨਰ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੀ ਪਰਿਵਾਰਕ ਪੈਨਸ਼ਨ ਜਲਦੀ ਲਗਾਉਣਾ, ਬੱਝਵਾਂ ਮੈਡੀਕਲ ਭੱਤਾ 2 ਹਜ਼ਾਰ ਕਰਵਾਉਣਾ, 1-07-2015 ਤੋਂ ਬਕਾਇਆ ਡੀਏ ਜਾਰੀ ਕਰਵਾਉਣਾ ਆਦਿ ਸ਼ਾਮਲ ਹੈ। ਬੁਲਾਰਿਆਂ ਮੰਗ ਕੀਤੀ ਕਿ ਪਿਛਲੇ ਮੁਲਾਜ਼ਮ ਵਿਰੋਧੀ ਨੋਟੀਫ਼ਿਕੇਸ਼ਨ ਰੱਦ ਕੀਤੇ ਜਾਣ, ਮਹਿੰਗਾਈ ਭੱਤੇ ਦੀਆਂ ਜੁਲਾਈ 21 ਅਤੇ ਜਨਵਰੀ 2022 ਦੇ 3 ਫੀਸਦੀ ਬਕਾਏ ਅਤੇ ਜੁਲਾਈ ਦੇ ਕੇਂਦਰ ਪੈਟਰਨ ’ਤੇ 4 ਫੀਸਦੀ ਡੀਏ ਦੇਣ ਸਮੇਤ ਮੁਲਾਜ਼ਮਾਂ ਦੇ ਹੋਰ ਬਕਾਏ ਇਕਮੁਸ਼ਤ ਦੇਣ, ਰੈਗੂਲਰ ਮੁਲਾਜ਼ਮ ਤੇ ਪੈਨਸ਼ਨਰਜ਼ ਸਮੇਤ ਕੱਚੇ ਮੁਲਾਜ਼ਮ, ਮਾਣ ਭੱਤੇ/ਇਨਸੈਂਟਿਵ ਮੁਲਾਜ਼ਮ, ਪੁਰਾਣੀ ਪੈਨਸ਼ਨ ਬਹਾਲੀ, ਮਹਿੰਗਾਈ ਭੱਤੇ ਤੇ ਪਿਛਲੇ ਸਮੇਂ ਦੌਰਾਨ ਮੁਲਾਜ਼ਮ ਵਿਰੋਧੀ ਨੋਟੀਫ਼ਿਕੇਸ਼ਨ ਰੱਦ ਕਰਨ ਆਦਿ ਮੰਗਾਂ ਜਲਦੀ ਪ੍ਰਵਾਨ ਕੀਤੀਆਂ ਜਾਣ।
ਇਸ ਮੌਕੇ ਮੁਲਾਜ਼ਮ ਆਗੂ ਰਵਿੰਦਰ ਪੱਪੀ, ਗੁਰਜੀਤ ਸਿੰਘ, ਪ੍ਰੇਮ ਸ਼ਰਮਾ, ਹਰਨੇਕ ਸਿੰਘ ਮਾਵੀ, ਰਾਮ ਕਿਸ਼ਨ ਧੁਨਕਿਆ, ਰਣਜੀਤ ਸਿੰਘ ਰਬਾਬੀ, ਮਨਪ੍ਰੀਤ ਸਿੰਘ, ਗੁਰਪ੍ਰੀਤ ਪਾਲ ਸਿੰਘ ਸਮੇਤ ਸੈਂਕੜਿਆਂ ਦੀ ਗਿਣਤੀ ਵਿੱਚ ਮੁਲਾਜ਼ਮਾਂ, ਕੱਚੇ ਮੁਲਾਜ਼ਮਾਂ, ਕੁੱਕ ਬੀਬੀਆਂ, ਵਰਕਰਾਂ ਅਤੇ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ।