ਪੱਤਰ ਪ੍ਰੇਰਕ
ਹੁਸ਼ਿਆਰਪੁਰ, 25 ਸਤੰਬਰ
ਜ਼ਮਾਨਤ ਕਰਵਾਉਣ ਲਈ ਅਦਾਲਤ ’ਚ ਜਾਅਲੀ ਦਸਤਾਵੇਜ਼ ਪੇਸ਼ ਕਰਨ ਦੇ ਦੋਸ਼ ’ਚ ਸਿਟੀ ਪੁਲੀਸ ਨੇ ਇੱਕ ਲੜਕੀ ਸਮੇਤ ਚਾਰ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਵਧੀਕ ਸੈਸ਼ਨ ਜੱਜ ਦੀ ਅਦਾਲਤ ਦੇ ਰੀਡਰ ਮਹੇਸ਼ ਚੰਦਰ ਨੇ ਪੁਲੀਸ ਨੂੰ ਦਿੱਤੀ ਇਤਲਾਹ ’ਚ ਦੱਸਿਆ ਕਿ ਅਮਿਤ ਕੁਮਾਰ ਪੁੱਤਰ ਰਾਮ ਲੁਭਾਇਆ ਵਾਸੀ ਇਸਲਾਮਾਬਾਦ, ਰਮਨ ਬੱਤਰਾ ਪੁੱਤਰ ਮਨੋਹਰ ਲਾਲ ਬੱਤਰਾ ਵਾਸੀ ਭਗਤ ਨਗਰ, ਨੰਬਰਦਾਰ ਪਰਮਜੀਤ ਸਿੰਘ ਪੁੱਤਰ ਰਾਮ ਪ੍ਰਸਾਦ ਵਾਸੀ ਪਿੰਡ ਭਟਰਾਣਾ ਅਤੇ ਜੋਤੀ ਪੁੱਤਰੀ ਅਸ਼ੋਕ ਕੁਮਾਰ ਵਾਸੀ ਭਗਤ ਨਗਰ ਨੇ ਜ਼ਮਾਨਤ ਲਈ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕੇ ਅਦਾਲਤ ਵਿੱਚ ਪੇਸ਼ ਕੀਤੇ ਹਨ।
ਰੀਡਰ ਨੇ ਦੱਸਿਆ ਕਿ ਇਹ ਵਿਅਕਤੀ ਮੁਲਜ਼ਮ ਰਮਨ ਬੱਤਰਾ ਜਿਸ ਦੇ ਖਿਲਾਫ਼ ਥਾਣਾ ਹਰਿਆਣਾ ਵਿੱਚ ਐੱਨ.ਡੀ.ਪੀ.ਐੱਸ ਐਕਟ ਤਹਿਤ ਕੇਸ ਦਰਜ ਹੈ, ਦੀ ਜ਼ਮਾਨਤ ਵਾਸਤੇ ਅਦਾਲਤ ਵਿਚ ਪੇਸ਼ ਹੋਏ। ਸਾਰੇ ਦੋਸ਼ੀਆਂ ਖਿਲਾਫ਼ ਧਾਰਾ 419/420/465/467/471/120 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ। ਨੰਬਰਦਾਰ ਪਰਮਜੀਤ ਸਿੰਘ ਤੇ ਜੋਤੀ ਮੌਕੇ ਤੋਂ ਫ਼ਰਾਰ ਹੋ ਗਏ।