ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 16 ਜਨਵਰੀ
ਜ਼ਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਜ਼ਿਲ੍ਹੇ ਅਧੀਨ ਪੈਂਦੇ 11 ਵਿਧਾਨ ਸਭਾ ਹਲਕਿਆਂ ਦੇ ਸਹਾਇਕ ਖ਼ਰਚਾ ਅਬਜ਼ਰਵਰਾਂ ਨਾਲ ਮੀਟਿੰਗ ਕਰਦੇ ਹੋਏ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਹਰ ਉਮੀਦਵਾਰ ਦੇ ਪਲ-ਪਲ ਕੀਤੇ ਜਾ ਰਹੇ ਚੋਣ ਖ਼ਰਚੇ ’ਤੇ ਨਜ਼ਰ ਰੱਖੀ ਜਾਵੇ। ਕੋਈ ਵੀ ਉਮੀਦਵਾਰ ਮੁੱਖ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਮਿਥੀ ਰਕਮ ਤੋਂ ਵੱਧ ਖ਼ਰਚ ਨਹੀਂ ਕਰ ਸਕਦਾ।
ਉਨ੍ਹਾਂ ਕਿਹਾ ਕਿ ਹਰ ਉਮੀਦਵਾਰ ਦੇ ਖ਼ਰਚੇ ਦਾ ਰਜਿਸਟਰ ਤਿਆਰ ਕੀਤਾ ਜਾਵੇ। ਸਬੰਧਿਤ ਉਮੀਦਵਾਰ ਨਾਲ ਉਸ ਵੱਲੋਂ ਤਿਆਰ ਕੀਤੇ ਖ਼ਰਚਾ ਰਜਿਸਟਰ ਨਾਲ ਮਿਲਾਣ ਵੀ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜੇ ਕਿਸੇ ਉਮੀਦਵਾਰ ਵੱਲੋਂ ਆਪਣੇ ਚੋਣ ਪ੍ਰਚਾਰ ਲਈ ਬਿਨਾਂ ਆਗਿਆ ਵਾਹਨ ਚਲਾਏ ਜਾਂਦੇ ਹਨ ਤਾਂ ਉਨ੍ਹਾਂ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਵੱਲੋਂ ਕੋਵਿਡ ਤਹਿਤ 22 ਜਨਵਰੀ ਤੱਕ ਹਰ ਰੈਲੀ, ਰੋਡ ਸ਼ੋਅ ਆਦਿ ਕਰਨ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜੇ ਕੋਈ ਉਮੀਦਵਾਰ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਐਫਆਈਆਰ ਵੀ ਦਰਜ ਕੀਤੀ ਜਾ ਸਕਦੀ ਹੈ।
ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਰੂਹੀ ਦੁੱਗ ਨੇ ਕਿਹਾ ਕਿ ਚੋਣਾਂ ਦੌਰਾਨ ਹਰ ਉਮੀਦਵਾਰ ਵੱਲੋਂ ਨਾਮਜ਼ਦਗੀ ਭਰਨ ਤੋਂ ਇਕ ਦਿਨ ਪਹਿਲਾਂ ਆਪਣੇ ਨਾਂ ’ਤੇ ਜਾਂ ਆਪਣੇ ਚੋਣ ਏਜੰਟ ਨਾਲ ਸਾਂਝਾ ਬੈਂਕ ਜਾਂ ਪੋਸਟਲ ਖਾਤਾ ਖੁੱਲ੍ਹਵਾਉਣਾ ਪਵੇਗਾ ਅਤੇ ਸਾਰਾ ਚੋਣ ਪ੍ਰਚਾਰ ਦਾ ਖ਼ਰਚਾ ਇਸ ਖਾਤੇ ਵਿੱਚੋਂ ਹੀ ਕਰ ਸਕੇਗਾ। ਉਨ੍ਹਾਂ ਕਿਹਾ ਕਿ ਸਾਰਾ ਖ਼ਰਚਾ ਚੋਣ ਕਮਿਸ਼ਨ ਵੱਲੋਂ ਤੈਅ ਭਾਅ ਮੁਤਾਬਿਕ ਹੀ ਬੁੱਕ ਕੀਤਾ ਜਾਵੇਗਾ। ਰੈਲੀ ਦੌਰਾਨ ਕਿਸੇ ਉਮੀਦਵਾਰ ਵੱਲੋਂ ਲੰਗਰ ਨਹੀਂ ਲਗਾਇਆ ਜਾ ਸਕਦਾ। ਜੇ ਇਸ ਤਰ੍ਹਾਂ ਕੀਤਾ ਜਾਂਦਾ ਹੈ ਤਾਂ ਉਸ ਦਾ ਸਾਰਾ ਖ਼ਰਚਾ ਉਮੀਦਵਾਰ ਦੇ ਖਾਤੇ ਵਿਚ ਜੋੜ ਦਿੱਤਾ ਜਾਵੇਗਾ। ਸਾਰੇ ਖ਼ਰਚੇ ਦੀ ਪੜਤਾਲ ਲਈ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ।
ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਜੇ ਕਿਸੇ ਉਮੀਦਵਾਰ ਵੱਲੋਂ ਕੋਈ ਇਸ਼ਤਿਹਾਰ ਜਾਂ ਸੋਸ਼ਲ ਮੀਡੀਆ ’ਤੇ ਪ੍ਰਚਾਰ ਕਰਨਾ ਹੈ ਤਾਂ ਉਸ ਨੂੰ ਪਹਿਲਾਂ ਐਮਸੀਐਮਸੀ ’ਤੇ ਉਸ ਦੀ ਪ੍ਰਵਾਨਗੀ ਲੈਣੀ ਜ਼ਰੂਰੀ ਹੈ।