ਨਿੱਜੀ ਪੱਤਰ ਪ੍ਰੇਰਕ
ਜਲੰਧਰ, 25 ਸਤੰਬਰ
ਇਥੋਂ ਦੇ ਭਾਰਗੋ ਕੈਂਪ ਵਿਚਲੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਚ ਪੜ੍ਹਦੀ ਇਕ ਬੱਚੀ ਨੂੰ ਟੀਚਰ ਨੇ ਬੇਰਹਿਮੀ ਨਾਲ ਕੁੱਟਿਆ, ਜਿਸ ਕਾਰਨ ਉਸ ਨੂੰ ਕੰਨ ਤੋਂ ਸੁਣਨ ਵਿਚ ਸਮੱਸਿਆ ਆ ਰਹੀ ਹੈ। ਪੀੜਤ ਬੱਚੀ ਦੀ ਮਾਂ ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਸਕੂਲ ਜਾਣ ਲੱਗਿਆਂ ਆਪਣੀ ਅੰਗਰੇਜ਼ੀ ਦੀ ਕਾਪੀ ਘਰ ਭੁੱਲ ਗਈ ਸੀ ਤੇ ਸਕੂਲ ਵਿਚ ਟੀਚਰ ਨੇ ਜਦੋਂ ਕਾਪੀ ਦਿਖਾਉਣ ਲਈ ਕਿਹਾ ਤਾਂ ਬੱਚੀ ਨੇ ਕਿਹਾ ਕਿ ਕਾਪੀ ਘਰ ਰਹਿ ਗਈ ਹੈ। ਇਸ ਗੱਲ ਨੂੰ ਲੈ ਕੇ ਟੀਚਰ ਨੇ ਉਸ ਦੇ ਥੱਪੜ ਮਾਰੇ ਜਿਸ ਕਾਰਨ ਉਸ ਦਾ ਸਿਰ ਬੈਂਚ ਨਾਲ ਜਾ ਵੱਜਾ। ਬੱਚੀ ਦੇ ਮਾਪਿਆਂ ਨੇ ਮੈਡੀਕਲ ਰਿਪੋਰਟ ਤਿਆਰ ਕਰਵਾ ਲਈ ਹੈ ਤੇ ਉਸ ਦੀ ਥਾਣੇ ਵਿਚ ਵੀ ਸ਼ਿਕਾਇਤ ਕਰ ਦਿੱਤੀ ਹੈ।