ਗੁਰਿੰਦਰ ਸਿੰਘ
ਲੁਧਿਆਣਾ, 30 ਮਾਰਚ
ਵੱਖ-ਵੱੱਖ ਥਾਣਿਆਂ ਦੀ ਪੁਲੀਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਹੋਏ ਦੋ ਮੋਬਾਈਲ ਫੋਨ ਅਤੇ ਚਾਰ ਮੋਟਰਸਾਈਕਲ ਬਰਾਮਦ ਕੀਤੇ ਹਨ। ਜਾਂਚ ਅਧਿਕਾਰੀ ਸੁਭਾਸ਼ ਚੰਦਰ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਨੇ ਚੁੱਪਕੀ ਗਰਿੱਡ ਨਹਿਰ ਪੁਲ ਕੋਲ ਸ਼ੱਕੀ ਹਾਲਤ ਵਿੱਚ ਖੜ੍ਹੇ ਆਲਮਗੀਰ ਵਾਸੀ ਪਰਮਵੀਰ ਸਿੰਘ ਅਤੇ ਰਮਨਦੀਪ ਸਿੰਘ ਤੋਂ ਸ਼ੱਕ ਦੀ ਬਿਨਾਅ ’ਤੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕੋਲੋਂ ਚੋਰੀ ਦਾ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਬਰਾਮਦ ਹੋਏ। ਇਸੇ ਤਰ੍ਹਾਂ ਥਾਣਾ ਲਾਡੋਵਾਲ ਦੇ ਥਾਣੇਦਾਰ ਗੁਰਬਾਜ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਬਾਈਪਾਸ ਕੋਲ ਨਾਕਾ ਲਗਾ ਕੇ ਮੋਟਰਸਾਈਕਲ ’ਤੇ ਆ ਰਹੇ ਨਵਾਂ ਰਜ਼ਾਪੁਰ ਵਾਸੀ ਸਤਨਾਮ ਸਿੰਘ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਸ ਕੋਲੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ। ਤਫਤੀਸ਼ ਦੌਰਾਨ ਉਸ ਕੋਲੋਂ ਇੱਕ ਹੋਰ ਮੋਟਰਸਾਈਕਲ ਬਰਾਮਦ ਕੀਤਾ ਗਿਆ। ਸੀਆਈਏ ਪੁਲੀਸ ਨੇ ਇਕ ਹੋਰ ਵਿਅਕਤੀ ਨੂੰ ਕਾਬੂ ਕਰਕੇ ਚੋਰੀ ਹੋਇਆ ਮੋਟਰਸਾਈਕਲ ਬਰਾਮਦ ਕੀਤਾ ਹੈ। ਥਾਣੇਦਾਰ ਮਨਮੋਹਣ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲੀਸ ਪਾਰਟੀ ਟੀ-ਪੁਆਇੰਟ ਦਸਮੇਸ਼ ਡੇਅਰੀ ਤਾਜਪੁਰ ਰੋਡ ਕੋਲ ਮੌਜੂਦ ਸੀ ਤਾਂ ਪੁਲੀਸ ਨੇ ਸੂਚਨਾ ਮਿਲਣ ’ਤੇ ਈਡਬਲਿਯੂਐੱਸ ਕਲੋਨੀ ਵਿੱਚ ਛਾਪੇ ਮਾਰ ਕੇ ਰੋਸ਼ਨ ਲਾਲ ਵਾਸੀ ਪ੍ਰਤਾਪ ਚੌਕ ਨੂੰ ਕਾਬੂ ਕਰ ਲਿਆ। ਉਸ ਕੋਲੋਂ ਚੋਰੀ ਹੋਇਆ ਮੋਟਰਸਾਈਕਲ ਬਰਾਮਦ ਹੋਇਆ ਹੈ। ਪੁਲੀਸ ਵੱਲੋਂ ਸਾਰੇ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।