ਹੁਸ਼ਿਆਰ ਸਿੰਘ ਰਾਣੂੰ
ਮਾਲੇਰਕੋਟਲਾ, 20 ਨਵੰਬਰ
ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਪਟਿਆਲਾ ਤੋਂ ਵਿਭਾਗ ਦੀ ਕੈਬਨਿਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਦੀ ਮਾਲੇਰਕੋਟਲਾ ਰਿਹਾਇਸ਼ ਤੱਕ ਯੂਨੀਅਨ ਦੇ ਸੂਬਾਈ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਰੋਸ ਮਾਰਚ ਕੀਤਾ।
ਪੁਲੀਸ ਨੇ ਬੈਰੀਕੇਡ ਲਾ ਕੇ ਮੁਜ਼ਾਹਰਾਕਾਰੀਆਂ ਨੂੰ ਮੰਤਰੀ ਦੀ ਰਿਹਾਇਸ਼ ਤੋਂ ਕਰੀਬ 100 ਮੀਟਰ ਪਿੱਛੇ ਹੀ ਰੋਕ ਲਿਆ। ਪੁਲੀਸ ਵੱਲੋਂ ਰੋਕਣ ’ਤੇ ਮੁਜ਼ਾਹਰਾਕਾਰੀਆਂ ਨੇ ਸੜਕ ‘ਤੇ ਹੀ ਧਰਨਾ ਲਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਸੂਬਾ ਆਗੂ ਬਲਜਿੰਦਰ ਸਿੰਘ ਅਤੇ ਕੁਲਦੀਪ ਸਿੰਘ ਸੰਗਰੂਰ ਨੇ ਕਿਹਾ ਕਿ ਪੰਜਾਬ ਸਰਕਾਰ ਯੂਨੀਅਨ ਦੀਆਂ ਜਾਇਜ਼ ਮੰਗਾਂ ਮੰਨਣ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਯੂਨੀਅਨ ਨੇ ਵਿਭਾਗ ਵਿੱਚ ਲੰਮੇ ਸਮੇਂ ਤੋਂ ਇਨਲਿਸਟਮੈਂਟ ਪਾਲਿਸੀ ਤਹਿਤ ਕੰਮ ਕਰਦੇ ਕਾਮਿਆਂ ਦੇ ਸਥਾਈ ਰੁਜ਼ਗਾਰ ਨੂੰ ਲੈ ਕੇ 66 ਦਿਨ ਮਾਲੇਰਕੋਟਲਾ ਵਿੱਚ ਮੋਰਚਾ ਲਾਇਆ ਸੀ ਜਿਸ ਵਿੱਚ ਵਿਭਾਗ ਦੀ ਮੰਤਰੀ ਨੇ ਯੂਨੀਅਨ ਦੀਆਂ ਮੰਗਾਂ ਹੱਲ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਮੰਤਰੀ ਨੇ ਵਾਅਦੇ ਪੂਰੇ ਨਹੀਂ ਕੀਤੇ।
ਉਨ੍ਹਾਂ ਕਿਹਾ ਕਿ ਮੰਤਰੀ ਦੇ ਪੀਏ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਯੂਨੀਅਨ ਦੀ ਮੀਟਿੰਗ ਕੈਬਨਿਟ ਮੰਤਰੀ ਨਾਲ ਕਰਵਾ ਕੇ ਮਸਲਾ ਹੱਲ ਕੀਤਾ ਜਾਵੇਗਾ। ਇਸ ਮੌਕੇ ਮਲੂਕ ਸਿੰਘ ਅਤੇ ਹੰਸਾ ਸਿੰਘ ਬਰਨਾਲਾ, ਰਮੇਸ਼ ਪਾਤੜਾਂ, ਕੁਲਦੀਪ ਰਾਣਾ, ਕਰਮਜੀਤ ਸੰਗਰੂਰ, ਦਰਸ਼ਵੀਰ ਸਿੰਘ ਹੁਸ਼ਿਆਰਪੁਰ, ਗੁਰਮੀਤ ਸਿੰਘ ਅੰਮ੍ਰਿਤਸਰ ਤੇ ਛੋਟਾ ਸਿੰਘ ਪਟਿਆਲਾ ਆਦਿ ਹਾਜ਼ਰ ਸਨ।