ਮਜ਼ਦੂਰ ਜਮਾਤ ਦਾ ਏਜੰਡਾ
ਪਹਿਲੀ ਮਈ ਦੇ ਅੰਕ ਵਿਚ ਜੋਗਿੰਦਰ ਸਿੰਘ ਤੂਰ ਦੇ ਲੇਖ ‘ਇੰਝ ਹੋਂਦ ਵਿਚ ਆਇਆ ਮਈ ਦਿਹਾੜਾ’ ਨੇ ਕੌਮਾਂਤਰੀ ਮਜ਼ਦੂਰ ਦਿਵਸ ਦੇ ਮੁੱਢ ਬਾਰੇ ਨਵੀਂ ਅਤੇ ਤੱਥ ਭਰਪੂਰ ਜਾਣਕਾਰੀ ਦਿੱਤੀ। ਹੁਣ 1886 ਦੇ ਮੁਕਾਬਲੇ ਤਕਨੀਕ ਦਾ ਸੈਂਕੜੇ ਗੁਣਾ ਵਿਕਾਸ ਹੋ ਜਾਣ ਕਾਰਨ ਕਿਰਤ ਦੀ ਉਤਪਾਦਕਤਾ ਵਿਚ ਅਥਾਹ ਵਾਧਾ ਹੋ ਗਿਆ ਹੈ, ਨਤੀਜੇ ਵਜੋਂ 1 ਫ਼ੀਸਦੀ ਕਾਰਪੋਰੇਟ ਮਾਲਕ ਸਾਡੇ ਦੇਸ਼ ਦੇ 73 ਫ਼ੀਸਦੀ ਸੋਮਿਆਂ ਤੇ ਦੌਲਤ ਨੂੰ ਆਪਣੀ ਮੁੱਠੀ ਵਿਚ ਬੰਦ ਕਰ ਚੁੱਕੇ ਹਨ। ਦੂਜੇ ਪਾਸੇ, ਦੇਸ਼ ਅੰਦਰ ਬਹੁਗਿਣਤੀ ਜਨਤਾ ਦਾ ਜੀਵਨ ਪੱਧਰ ਗਿਰ ਰਿਹਾ ਹੈ ਅਤੇ ਬੇਰੁਜ਼ਗਾਰੀ ਦੀ ਦਰ ਸਿਖ਼ਰ ਨੂੰ ਛੂਹ ਰਹੀ ਹੈ। ਇਸ ਲਈ ਬਣਦਾ ਤਾਂ ਇਹ ਸੀ ਕਿ ਹਰ ਖੇਤਰ ਵਿਚ ਕੰਮ ਦਿਹਾੜੀ ਨੂੰ ਘਟਾ ਕੇ ਚਾਰ ਜਾਂ ਛੇ ਘੰਟੇ ’ਤੇ ਲਿਆਂਦਾ ਜਾਵੇ, ਤਾਂ ਜੋ ਰੁਜ਼ਗਾਰ ਦੇ ਮੌਕੇ ਵਧਾਏ ਜਾ ਸਕਣ ਪਰ ਇਸ ਦੇ ਉਲਟ ਕਾਰਪੋਰੇਟ-ਪ੍ਰਸਤ ਸਰਕਾਰ ਨੇ ਕਿਰਤ ਕਾਨੂੰਨ ਉਲਟਾ ਕੇ ਕੰਮ ਦਿਹਾੜੀ ਨੂੰ 8 ਤੋਂ ਵਧਾ ਕੇ 12 ਘੰਟੇ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਮੌਜੂਦਾ ਆਰਥਿਕ ਮੰਦਵਾੜੇ ਵਿਚੋਂ ਨਿਕਲਣ ਅਤੇ ਜਨਤਾ ਦਾ ਜੀਵਨ ਪੱਧਰ ਉੱਪਰ ਚੁੱਕਣ ਲਈ ਇਹ ਜ਼ਰੂਰੀ ਹੈ ਕਿ ਕਿਰਤ ਕਾਨੂੰਨਾਂ ਵਿਚ ਕੀਤੀਆਂ ਕਾਰਪੋਰੇਟ-ਪੱਖੀ ਸੋਧਾਂ ਨੂੰ ਰੱਦ ਕਰਵਾਉਣਾ ਅਤੇ ਕੰਮ ਦਿਹਾੜੀ ਨੂੰ ਛੋਟਾ ਕਰਵਾਉਣਾ, ਅੱਜ ਸਾਡੀ ਸਮੁੱਚੀ ਮਜ਼ਦੂਰ ਜਮਾਤ ਦਾ ਮੁੱਖ ਏਜੰਡਾ ਬਣੇ।
ਸੁਖਦਰਸ਼ਨ ਸਿੰਘ ਨੱਤ, ਈਮੇਲ
(2)
ਜੋਗਿੰਦਰ ਸਿੰਘ ਤੂਰ ਦਾ ਲੇਖ ‘ਇੰਝ ਹੋਂਦ ਵਿਚ ਆਇਆ ਮਈ ਦਿਹਾੜਾ’ ਜਾਣਕਾਰੀ ਭਰਪੂਰ ਹੈ। ਮਜ਼ਦੂਰ ਵਰਗ ਦੀ ਹਾਲਤ ਸੁਧਾਰਨ ਲਈ ਕਿੰਨੀਆਂ ਜਾਨਾਂ ਦੀ ਆਹੂਤੀ ਦੇਣੀ ਪਈ। ਇਸੇ ਦਿਨ ਸੰਪਾਦਕੀ ‘ਸੁਪਰੀਮ ਕੋਰਟ ਦਾ ਆਦੇਸ਼’ ਪੜ੍ਹ ਕੇ ਜਾਪਿਆ ਕਿ ਸੁਪਰੀਮ ਕੋਰਟ ਵਿਚ ਕੁਝ ਜੱਜ ਸਾਹਿਬਾਨ ਅਜੇ ਵੀ ਜੁਅਰਤ ਨਾਲ ਕੰਮ ਕਰਨ ਦੀ ਹਿੰਮਤ ਰੱਖਦੇ ਹਨ; ਨਹੀਂ ਤਾਂ ਪਿਛਲੇ ਕੁਝ ਸਮੇਂ ਤੋਂ ਸੁਪਰੀਮ ਕੋਰਟ ਦੇ ਕੁਝ ਜੱਜ ਸਾਹਿਬਾਨ ਦਾ ਕਿਰਦਾਰ ਨਿਰਾਸ਼ਾ ਵਾਲਾ ਹੀ ਰਿਹਾ ਹੈ।
ਤਰਲੋਕ ਸਿੰਘ ਚੌਹਾਨ, ਚੰਡੀਗੜ੍ਹ
(3)
ਜੋਗਿੰਦਰ ਸਿੰਘ ਤੂਰ ਨੇ ਮਈ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਕਿ ਕਿਸ ਤਰ੍ਹਾਂ ਸ਼ਿਕਾਗੋ ਦੇ ਸ਼ਹੀਦਾਂ ਨੇ ਆਪਣੀ ਜਾਨ ਦੇ ਕੇ ਮਜ਼ਦੂਰ ਜਮਾਤ ਦੀ ਦਸ, ਬਾਰਾਂ ਅਤੇ ਚੌਦਾਂ ਘੰਟਿਆਂ ਦੇ ਕੰਮ ਤੋਂ ਨਿਜਾਤ ਦਿਵਾ ਕੇ ਅੱਠ ਘੰਟੇ ਕੰਮ ਕਰਵਾਇਆ।
ਮਨਮੋਹਨ ਸਿੰਘ, ਨਾਭਾ (ਪਟਿਆਲਾ)
ਜ਼ਬਾਨਬੰਦੀ ਨਹੀਂ
ਪਹਿਲੀ ਮਈ ਨੂੰ ਸੰਪਾਦਕੀ ‘ਸੁਪਰੀਮ ਕੋਰਟ ਦਾ ਆਦੇਸ਼’ ਜਾਣਕਾਰੀ ਭਰਪੂਰ ਹੈ। ਸੁਪਰੀਮ ਕੋਰਟ ਨੇ ਲੋਕਾਂ ਨੂੰ ਆਪਣੀਆਂ ਦੁੱਖ-ਤਕਲੀਫ਼ਾਂ, ਸਰਕਾਰਾਂ ਦੀਆਂ ਘਾਟਾਂ-ਕਮਜ਼ੋਰੀਆਂ ਸੋਸ਼ਲ ਮੀਡੀਆ ਰਾਹੀਂ ਜ਼ਾਹਿਰ ਕਰਨ ਬਾਰੇ ਆਦੇਸ਼ ਦਿੱਤੇ ਹਨ। ਸਰਕਾਰਾਂ ਨੂੰ ਲੋਕਾਂ ਨੂੰ ਆਪਣੇ ਦੁੱਖੜੇ ਪ੍ਰਗਟਾਉਣ ਬਾਰੇ ਉਤਸ਼ਾਹਿਤ ਕਰਨਾ ਚਾਹੀਦਾ ਹੈ ਨਾ ਕਿ ਜ਼ਬਾਨਬੰਦੀ ਕਰਨੀ ਚਾਹੀਦੀ ਹੈ।
ਮਾਸਟਰ ਪਰਮ ਵੇਦ, ਸੰਗਰੂਰ
ਲੀਕ ਤੋਂ ਹਟ ਕੇ
ਪਹਿਲੀ ਮਈ ਨੂੰ ਸਤਰੰਗ ਪੰਨੇ ਉੱਤੇ ‘ਹਰਵਿੰਦਰ ਭੰਡਾਲ ਦਾ ਲੇਖ ‘ਬਲਰਾਜ ਸਾਹਨੀ: ਆਦਰਸ਼ਾਂ ਤੇ ਜੀਵਨ ਜਾਚ ਦੀ ਦਵੰਦ ਕਥਾ’ ਪੜ੍ਹਿਆ। ਲੇਖ ਜਾਣਕਾਰੀ ਭਰਪੂਰ ਤੇ ਲੀਕ ਤੋਂ ਹਟ ਕੇ ਹੈ। ਇਸ ਵਿਚ ਉਸ ਦਾ ਫ਼ਿਲਮਾਂ ਦਾ ਰਿਕਾਰਡ ਨਹੀਂ ਬਲਕਿ ਉਸ ਦੀ ਜ਼ਾਤੀ ਜ਼ਿੰਦਗੀ ਦਾ ਦਵੰਦ ਵਿਚਾਰਿਆ ਹੈ। ਪਹਿਲਾਂ ਉਹ ਰੂਸ ਪੱਖੀ ਲੈਨਿਨਵਾਦੀ ਸੋਚ ਨਾਲ ਵਿਚਰਿਆ ਪਰ ਬਾਅਦ ਵਿਚ ਉਹ ਵੀ ਸਮਾਜ ਦੇ ਅਮੀਰ ਵਰਗ ਦਾ ਹਾਮੀ ਬਣ ਗਿਆ, ਜਿਵੇਂ ਮਹਿਲ ਵਰਗਾ ਬੰਗਲਾ ਤੇ ਬੱਚਿਆਂ ਦੀ ਸ਼ਾਹੀ ਸ਼ਾਦੀ ਵਗੈਰਾ।
ਸੁਰਿੰਦਰ ਸ਼ਰਮਾ ਨਾਗਰਾ, ਧੂਰੀ
ਨਵੀਆਂ ਪੀੜ੍ਹੀਆਂ ਮੁਆਫ਼ ਨਹੀਂ ਕਰਨਗੀਆਂ
30 ਅਪਰੈਲ 2021 ਨੂੰ ਬਹਾਦਰ ਸਿੰਘ ਗੋਸਲ ਦੇ ਲੇਖ ‘ਸਕੂਲਾਂ ’ਚ ਬੱਚਿਆਂ ਦੀ ਗਿਣਤੀ ਤਾਂ ਵਧਾਓ ਪਰ ਅਧਿਆਪਕ ਵੀ ਲਾਓ’ ਵਿਚ ਸਿੱਖਿਆ ਵਿਭਾਗ ਦੀ ਸਹੀ ਤਸਵੀਰ ਪੇਸ਼ ਕੀਤੀ ਹੈ। ਸਾਇੰਸ, ਕਾਮਰਸ ਅਤੇ ਆਰਟਸ ਵਿਸ਼ੇ ਦੇ ਅਧਿਆਪਕ ਨਾ ਹੋਣ, ਝੂਠਾ ਪ੍ਰਚਾਰ ਅਤੇ ਫਰਜ਼ੀ ਅੰਕੜੇ ਦਰਸਾ ਕੇ ਅਸਲ ਵਿਚ ਸਿੱਖਿਆ ਦਾ ਨਾਸ ਕੀਤਾ ਜਾ ਰਿਹਾ ਹੈ। ਆਉਣ ਵਾਲੀਆਂ ਪੀੜ੍ਹੀਆਂ ਸਰਕਾਰਾਂ ਨੂੰ ਕਦੇ ਮੁਆਫ਼ ਨਹੀਂ ਕਰਨਗੀਆਂ।
ਜਸਵੀਰ ਸਿੰਘ, ਮੁਹਾਲੀ
ਵਿਚਾਰਾਂ ਨੂੰ ਹਲੂਣਾ
26 ਅਪਰੈਲ ਦੇ ਪਰਵਾਜ਼ ਪੰਨੇ ਉੱਤੇ ਐੱਸਪੀ ਸਿੰਘ ਨੇ ਆਪਣੇ ਲੇਖ ‘ਸਾਹ ਨਹੀਂ ਆ ਰਿਹਾ’ ਵਿਚ ਅਜੋਕੀ ਸਮਾਜਿਕ ਤਰਾਸਦੀ ਬਿਆਨ ਕੀਤੀ ਹੈ। ਜੇਕਰ ਡੂੰਘਾਈ ਵਿਚ ਸੋਚਿਆ ਜਾਵੇ ਤਾਂ ਅਸੀਂ ਆਪਣੇ ਹਾਲਾਤ ਲਈ ਖ਼ੁਦ ਜ਼ਿੰਮੇਵਾਰ ਹਾਂ। ਜਿਹੜੇ ਸਮੇਂ ਸਿਹਤ ਸੰਸਥਾਵਾਂ ਅਤੇ ਵਿੱਦਿਅਕ ਅਦਾਰਿਆਂ ਲਈ ਹੌਸਲੇ ਬੁਲੰਦ ਕਰਨ ਦੀ ਤਵੱਜੋ ਦੇਣੀ ਸੀ, ਅਸੀਂ ਮਨੁੱਖਤਾ ਤੋਂ ਪਹਿਲਾਂ ਧਾਰਮਿਕ ਵਲਵਲਿਆਂ ਨੂੰ ਸਥਾਨ ਦਿੱਤਾ। ਨਾਕਾਰਾਤਮਕ ਸੋਚਾਂ ਦੀ ਨੁਮਾਇਸ਼ ਕਰਨ ਤੋਂ ਬਿਹਤਰ ਆਦਰਸ਼ਕ ਵਿਚਾਰਾਂ ਨੂੰ ਹਲੂਣਾ ਦੇਣਾ ਚਾਹੀਦਾ ਹੈ। ਇਸ ਤਰਾਸਦੀ ਦੇ ਸੰਤਾਪ ਨੂੰ ਹੋਰ ਡੂੰਘਾ ਹੋਣ ਤੋਂ ਰੋਕਣ ਲਈ ਵਿਚਾਰਧਾਰਕ ਤੌਰ ’ਤੇ ਜਥੇਬੰਦ ਹੋਣ ਦੀ ਲੋੜ ਹੈ।
ਦੀਪ ਰੰਗਰੇਜ਼, ਧੂਰੀ (ਸੰਗਰੂਰ)
‘ਪੰਜਾਬੀ ਟ੍ਰਿਬਿਊਨ’ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਸਮੂਹ ਦਾ ਬੂਟਾ ਪੰਜਾਬ ਤੇ ਭਾਰਤ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਆਰੰਭ ਕਰਕੇ ਲਾਇਆ ਸੀ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ ਅਤੇ ਇਸ ਨੂੰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ।
Copyright @2023 All Right Reserved – Designed and Developed by Sortd