ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਕਤੂਬਰ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਕੌਮੀ ਰਾਜਧਾਨੀ ਦਿੱਲੀ ਵਿੱਚ ਕੂੜੇ ਦੇ ਨਿਪਟਾਰੇ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਭਾਜਪਾ ਸ਼ਾਸਿਤ ਦਿੱਲੀ ਨਗਰ ਨਿਗਮ ਦਾ 15 ਸਾਲ ਦਾ ਕਾਰਜਕਾਲ ਖ਼ਤਮ ਹੋਣ ਦੇ ਬਾਵਜੂਦ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਤੁਗਲਕਾਬਾਦ ਵਿੱਚ ਵੇਸਟ ਟੂ ਐਨਰਜੀ ਪਲਾਂਟ ਦਾ ਉਦਘਾਟਨ ਕੀਤਾ ਜਾਣਾ ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਗ੍ਰਹਿ ਮੰਤਰੀ ਕੋਲ ਦਿੱਲੀ ਦੇ ਤੁਗਲਕਾਬਾਦ ਤੋਂ ਇਲਾਵਾ ਭਲਸਵਾ, ਓਖਲਾ ਅਤੇ ਗਾਜ਼ੀਪੁਰ ਲੈਂਡਫਿਲਜ਼ ਦੇ ਕੂੜੇ ਦੇ ਨਿਪਟਾਰੇ ਦੀ ਕੋਈ ਯੋਜਨਾ ਨਹੀਂ ਹੈ ਕਿਉਂਕਿ 15 ਸਾਲਾਂ ਦੇ ਨਿਗਮ ਸ਼ਾਸਨ ਵਿੱਚ ਭਾਜਪਾ 300 ਲੱਖ ਟਨ ਕੂੜੇ ਦਾ ਨਿਪਟਾਰਾ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਜਦਕਿ ਐੱਨਜੀਟੀ ਨੇ ਦਿੱਲੀ ਸਰਕਾਰ ’ਤੇ 900 ਕਰੋੜ ਦਾ ਜੁਰਮਾਨਾ ਲਗਾ ਕੇ ਪ੍ਰਦੂਸ਼ਣ ਰੋਕਥਾਮ ਲਈ ਅਰਵਿੰਦ ਕੇਜਰੀਵਾਲ ਦੀਆਂ ਮੁਹਿੰਮਾਂ ਦਾ ਪਰਦਾਫਾਸ਼ ਕੀਤਾ।
ਸ੍ਰੀ ਕੁਮਾਰ ਨੇ ਕਿਹਾ ਕਿ ਦਿੱਲੀ ਕਾਂਗਰਸ ਨੇ ਭਾਜਪਾ ਦੇ ਰਾਮਲੀਲਾ ਮੈਦਾਨ ਵਿੱਚ ਪੰਚ ਪਰਮੇਸ਼ਰ ਪ੍ਰੋਗਰਾਮ ਨਾਲ ਸਬੰਧਤ ਪੰਜ ਸਵਾਲ ਪੁੱਛੇ ਸਨ, ਜਿਨ੍ਹਾਂ ਦਾ ਜਵਾਬ ਦੇਣ ਦੀ ਬਜਾਏ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਦੂਜੇ ਰਾਜਾਂ ਵਿੱਚ ਭੱਜ ਗਏ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਅੱਜ ਤੱਕ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਕੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਦਿੱਲੀ ਕਾਂਗਰਸ ਦੇ ਪੰਜ ਸਵਾਲਾਂ ਦੇ ਜਵਾਬ ਹਨ?