ਲੁਧਿਆਣਾ(ਟ੍ਰਿਬਿਊਨ ਨਿਊਜ਼ ਸਰਵਿਸ): ਚਾਰ ਦਿਨਾਂ ਤੋਂ ਘਰੋਂ ਲਾਪਤਾ ਚੱਲ ਰਹੇ ਰਾਜੀਵ ਗਾਂਧੀ ਕਲੋਨੀ ਵਾਸੀ ਰਾਮ ਸਕਲ ਦੀ ਲਾਸ਼ ਸ਼ਨਿੱਚਰਵਾਰ ਨੂੰ ਫੋਕਲ ਪੁਆਇੰਟ ਦੇ ਜੀਵਨ ਨਗਰ ਸਥਿਤ ਬੀਅਰ ਫੈਕਟਰੀ ਦੇ ਪਿੱਛੇ ਸ਼ੱਕੀ ਹਾਲਾਤ ਵਿੱਚ ਮਿਲੀ। ਰਾਹਗੀਰਾਂ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਦੇ ਉੱਚ ਅਧਿਕਾਰੀ ਤੇ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਇੰਸਪੈਕਟਰ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਰਾਮ ਕਮਲ 22 ਸਤੰਬਰ ਦੀ ਸਵੇਰੇ ਘਰ ਤੋਂ ਵੀਰ ਪੈਲੇਸ ਰੋਡ ’ਤੇ ਸਥਿਤ ਬੈਂਕ ਆਫ਼ ਬੜੌਦਾ ਆਪਣੀ ਪੈਨਸ਼ਨ ਕਢਵਾਉਣ ਲਈ ਗਿਆ ਹੋਇਆ ਸੀ, ਪਰ ਉਹ ਵਾਪਸ ਆਪਣੇ ਘਰ ਨਹੀਂ ਪੁੱਜਿਆ। ਸਾਰਾ ਦਿਨ ਲੱਭਣ ਤੋਂ ਬਾਅਦ ਅਗਲੇ ਦਿਨ ਪਰਿਵਾਰ ਨੇ ਇਸ ਸੰਬੰਧੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ। ਪੁਲੀਸ ਨੇ ਅਣਪਛਾਤੇ ਲੋਕਾਂ ’ਤੇ ਨਾਜਾਇਜ਼ ਹਿਰਾਸਤ ’ਚ ਰੱਖਣ ਦਾ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਬੀਮਾਰੀ ਕਾਰਨ ਉਹ ਡਿੱਗ ਗਿਆ ਹੋਵੇ ਅਤੇ ਉਸ ਦੀ ਮੌਤ ਹੋ ਗਈ ਹੋਵੇ। ਫਿਲਹਾਲ ਪੋਸਟਮਾਰਟਮ ਤੋਂ ਬਾਅਦ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ। ਉਧਰ, ਮ੍ਰਿਤਕ ਦੇ ਪੋਤਰੇ ਸੰਜੇ ਦਾ ਕਹਿਣਾ ਹੈ ਕਿ ਉਸ ਦੇ ਦਾਦਾ ਦਾ ਮੂੰਹ ਪਾਣੀ ਵਾਲੇ ਖੱਡੇ ’ਚ ਪਿਆ ਹੋਇਆ ਸੀ ਤੇ ਉਨ੍ਹਾਂ ਦੀ ਗਰਦਨ ’ਚ ਪਰਨਾ ਲਪੇਟਿਆ ਹੋਇਆ ਸੀ। ਉਸ ਦਾ ਦੋਸ਼ ਹੈ ਕਿ ਉਸ ਦੇ ਦਾਦਾ ਦਾ ਕਤਲ ਕੀਤਾ ਗਿਆ ਹੈ। ਉਹ ਬੈਂਕ ’ਚੋਂ ਪੈਸੇ ਲੈਣ ਗਏ ਸਨ, ਪਰ ਉਨ੍ਹਾਂ ਦੇ ਕੋਲ ਨਾ ਬੈਂਕ ਦੀ ਪਾਸਬੁਕ ਮਿਲੀ ਤੇ ਨਾ ਹੀ ਪੈਸੇ ਮਿਲੇ। ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੈ ਕਿ ਦਾਦੇ ਦਾ ਕਤਲ ਹੋਇਆ ਹੈ।