ਵਧਦੇ ਨਸ਼ੇ
20 ਅਕਤੂਬਰ ਦਾ ਸੰਪਾਦਕੀ ‘ਨਸ਼ਿਆਂ ਦਾ ਫੈਲਾਉ’ ਪੰਜਾਬ ਦੇ ਨੌਜਵਾਨਾਂ ਵਿਚ ਨਸ਼ੇ ਦੀ ਵਧ ਰਹੀ ਆਦਤ ਕਾਰਨ ਉਨ੍ਹਾਂ ਦੇ ਭਵਿੱਖ ਦੇ ਤਬਾਹ ਹੋਣ ’ਤੇ ਚਿੰਤਾ ਪ੍ਰਗਟ ਕਰਨ ਵਾਲਾ ਸੀ। ਸਮੇਂ ਸਮੇਂ ’ਤੇ ਵੱਖ ਵੱਖ ਸਰਕਾਰਾਂ ਨੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ, ਵਪਾਰ ਅਤੇ ਇਸਤੇਮਾਲ ਨੂੰ ਰੋਕਣ ਵਾਸਤੇ ਵਾਅਦੇ ਤਾਂ ਕੀਤੇ ਲੇਕਿਨ ਇਸ ਗ਼ੈਰ-ਕਾਨੂੰਨੀ ਧੰਦੇ ਨੂੰ ਚਲਾਉਣ ਵਾਸਤੇ ਅਲੱਗ ਅਲੱਗ ਏਜੰਸੀਆਂ ਦੀ ਮਿਲੀਭਗਤ ਕਾਰਨ ਕੁਝ ਨਹੀਂ ਹੋ ਸਕਿਆ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ, ਇਸਤੇਮਾਲ ਅਤੇ ਵਪਾਰ ਖ਼ਿਲਾਫ਼ ਢੁਕਵੀਂ ਕਠੋਰ ਕਾਰਵਾਈ ਦੀ ਲੋੜ ਹੈ।
ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)
ਇਹ ਮੰਜ਼ਰ
19 ਅਕਤੂਬਰ ਨੂੰ ਮਿਡਲ ‘ਇਕ ਮੰਜ਼ਰ ਇਹ ਵੀ’ ਵਿਚ ਪ੍ਰਿੰ. ਗੁਰਦੀਪ ਸਿੰਘ ਢੁੱਡੀ ਨੇ ਜੋ ਮੰਜ਼ਰ ਦਿਖਾਇਆ ਹੈ, ਉਹ ਅਸਲ ਵਿਚ ਆਪਣੇ ਪੰਜਾਬ ਦੀ ਤਰਾਸਦੀ ਹੈ। ਹੁੱਲੜਬਾਜ਼ੀ ਨੇ ਸਦਾ ਨੁਕਸਾਨ ਹੀ ਕੀਤਾ ਹੈ। ਇਸੇ ਕਰ ਕੇ ਅਜਿਹੇ ਮੌਕਿਆਂ ਉੱਤੇ ਹਰ ਸੰਜੀਦਾ ਸ਼ਖ਼ਸ ਨੂੰ ਆਪਣੀ ਆਵਾਜ਼ ਜ਼ਰੂਰ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਹੁੱਲੜਬਾਜ਼ਾਂ ਨੂੰ ਹਾਸ਼ੀਏ ਉੱਤੇ ਸੁੱਟਿਆ ਜਾ ਸਕੇ।
ਕਰਨਜੀਤ ਸਿਘ ਸੰਧੂ, ਅੰਬਾਲਾ
ਮਾਰੂ ਨੀਤੀ
17 ਅਕਤੂਬਰ ਨੂੰ ਸੰਪਾਦਕੀ ‘ਜ਼ਿੰਮੇਵਾਰੀ ਨਿਭਾਉਣ ਦੀ ਲੋੜ’ ਪੜ੍ਹਿਆ। ਇਸ ਵਿਚ ਕੌਮਾਂਤਰੀ ਪੱਧਰ ’ਤੇ ਅਮਰੀਕਾ ਵੱਲੋਂ ਨਿਭਾਈ ਭੂਮਿਕਾ ਬਾਰੇ ਚਾਨਣਾ ਪਾਇਆ ਗਿਆ ਹੈ। ਪਾਕਿਸਤਾਨ ਅਤੇ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿਚ ਫ਼ੌਜੀ ਤਾਨਾਸ਼ਾਹੀ ਨੂੰ ਹੱਲਾਸ਼ੇਰੀ ਦੇਣਾ ਅਤੇ ਹਥਿਆਰ ਵੇਚਣ ਲਈ ਮੁਲਕਾਂ ਨੂੰ ਗੁਮਰਾਹ ਕਰਨਾ (ਜਿਸ ਤਰ੍ਹਾਂ ਅੱਜ ਯੂਕਰੇਨ ਨਾਲ ਹੋ ਰਿਹਾ ਹੈ) ਅਮਰੀਕਾ ਦੀ ਨੀਤੀ ਰਹੀ ਹੈ। ਅਮਰੀਕਾ ਦੀ ਚੁੱਕ ’ਤੇ ਨਾਟੋ ਦੀ ਸਿੱਧੀ ਫ਼ੌਜੀ ਮਦਦ ਉਡੀਕਦਾ ਯੂਕਰੇਨ ਆਰਥਿਕ ਅਤੇ ਮਨੁੱਖੀ ਸ਼ਕਤੀ ਪੱਖੋਂ ਤਬਾਹ ਹੋ ਗਿਆ ਹੈ।
ਜਗਤਾਰ ਸਿੰਘ ਭੰਗੂ, ਮੱਲਵਾਲਾ (ਬਠਿੰਡਾ)
ਪਰਾਲੀ ਦਾ ਮਸਲਾ
17 ਅਕਤੂਬਰ ਨੂੰ ਸੰਪਾਦਕੀ ਪੰਨੇ ਉੱਪਰ ਗੁਰਚਰਨ ਸਿੰਘ ਨੂਰਪੁਰ ਦਾ ਲੇਖ ‘ਪਰਾਲੀ ਦੀ ਸਮੱਸਿਆ ਦਾ ਹੱਲ ਕੀ ਹੋਵੇ’ ਪੜ੍ਹਿਆ। ਪਰਾਲੀ ਨਜਿੱਠਣ ਦਾ ਮਸਲਾ ਹੁਣ ਹੋਰ ਗੰਭੀਰ ਹੋ ਗਿਆ ਹੈ। ਪਰਾਲੀ ਦੀ ਰਹਿੰਦ-ਖੂੰਹਦ ਸਾੜਨ ਨਾਲ ਵਾਤਾਵਰਨ ਖਰਾਬ ਹੁੰਦਾ ਹੈ। ਇਸ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ, ਇਸ ਦੇ ਨਾਲ ਹੀ ਸਰਕਾਰ ਇਸ ਬਾਰੇ ਜਲਦ ਤੋਂ ਜਲਦ ਪੁਖ਼ਤਾ ਇੰਤਜ਼ਾਮ ਕਰੇ।
ਗੁਰਦੀਪ ਕੌਰ, ਨਵਜੋਤ ਕੌਰ, ਕੁਠਾਲਾ (ਮਾਲੇਰਕੋਟਲਾ)
ਕਿੱਸਾ ਹੀਰ-ਰਾਂਝਾ
15 ਅਕਤੂਬਰ ਦੇ ਸਤਰੰਗ ਪੰਨੇ ’ਤੇ ਮਨਦੀਪ ਸਿੰਘ ਸਿੱਧੂ ਦੀ ਰਚਨਾ ‘ਕਿੱਸਾ ਹੀਰ-ਰਾਂਝਾ ’ਤੇ ਪਹਿਲੀ ਬੋਲਦੀ ਹਿੰਦੀ ਫਿਲਮ’ ਬਹੁਤ ਵਧੀਆ ਲੱਗੀ। ਇਤਿਹਾਸ ਫਰੋਲਦਿਆਂ ਲੇਖਕ ਨੇ ਸਬੂਤਾਂ ਸਮੇਤ ਆਪਣੀ ਗੱਲ ਪਾਠਕਾਂ ਨਾਲ ਸਾਂਝੀ ਕੀਤੀ ਹੈ। ਲਾਹੌਰ ਵਿਚ
ਦਰਸ਼ਕਾਂ ਵਾਸਤੇ ਲੱਗੀ ਫਿਲਮ ਦੇ ਨਾਇਕ, ਨਾਇਕਾ ਅਤੇ ਇਸ ਦੇ ਪੋਸਟਰ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਹਿੰਦੀ ਸਿਨੇਮਾ ਦਾ ਇਤਿਹਾਸ ਕਿੰਨਾ ਪੁਰਾਣਾ ਹੈ। ਫਿਲਮਾਂ ਬਾਰੇ ਉਰਦੂ ਵਿਚ ਛਪਿਆ ਇਸ਼ਤਿਹਾਰ ਵੀ ਬਹੁਤ ਕੁਝ ਕਹਿੰਦਾ ਹੈ। ਇਹ ਸਿਨੇਮਾ ਘਰਾਂ ਵਿਚ ਵਿਗਿਆਨ ਅਤੇ ਤਕਨੀਕੀ ਸਾਜ਼ੋ-ਸਾਮਾਨ ਦੀ ਨਿਸ਼ਾਨਦੇਹੀ ਸੀ। ਸਿੱਖਾਂ ਅਤੇ ਅੰਗਰੇਜ਼ਾਂ ਦੇ ਜ਼ਮਾਨੇ ਵਿਚ ਲਾਹੌਰ ਸ਼ਹਿਰ ਹਰ ਪੱਖੋਂ ਚੜ੍ਹਦੀ ਕਲਾ ਵਿਚ ਰਿਹਾ, ਇਸ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਸੀ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)
ਬਰਬਾਦੀ ਦੀ ਕਹਾਣੀ
13 ਅਕਤੂਬਰ ਨੂੰ ਇੰਟਰਨੈੱਟ ਪੰਨੇ ‘ਅਦਬੀ ਰੰਗ’ ਉੱਪਰ ਅੰਮ੍ਰਿਤ ਕੌਰ ਨੇ ‘ਉਮੀਦ ਜਾਗ ਪਈ’ ਕਹਾਣੀ ਰਾਹੀਂ ਜੀਵ ਜੰਤੂਆਂ, ਪੰਛੀਆਂ, ਰੁੱਖਾਂ, ਮਨੁੱਖ ਦੀ ਸਾਂਝ ਦੇ ਕੁਦਰਤੀ ਗੇੜ ਦੀ ਮਨੁੱਖੀ ਲਾਲਚ ਕਰਕੇ ਹੋ ਰਹੀ ਬਰਬਾਦੀ ਨੂੰ ਸ਼ਿੱਦਤ ਨਾਲ ਪੇਸ਼ ਕੀਤਾ ਹੈ। ਨਾਲ ਉਮੀਦ ਵੀ ਜਤਾਈ ਹੈ ਕਿ ਨਵਾਂ ਸਵੇਰਾ (ਨਵੀਂ ਪੀੜ੍ਹੀ) ਪ੍ਰਦੂਸ਼ਣ ਫੈਲਾਊ ਗਤੀਵਿਧੀਆਂ (ਪਰਾਲੀ/ਨਾੜ ਨੂੰ ਅੱਗ ਲਾਉਣ ਤੋਂ) ਰੋਕਣ ਲਈ ਅੱਗੇ ਆਵੇਗਾ। ਇਸੇ ਤਰ੍ਹਾਂ ਦੀਵਾਲੀ ਅਤੇ ਹੋਰ ਦਿਹਾੜਿਆਂ ’ਤੇ ਆਤਿਸ਼ਬਾਜ਼ੀ ਦਾ ਰੁਝਾਨ ਵੀ ਬੰਦ ਹੋਣਾ ਚਾਹੀਦਾ ਹੈ।
ਮਾਸਟਰ ਲਖਵਿੰਦਰ ਸਿੰਘ, ਰਈਆ ਹਵੇਲੀਆਣਾ (ਅੰਮ੍ਰਿਤਸਰ)
ਰਾਜਪਾਲ ਤੇ ਸਰਕਾਰ ਵਿਚਾਲੇ ਜੰਗ
12 ਅਕਤੂਬਰ ਦਾ ਸੰਪਾਦਕੀ ‘ਰਾਜਪਾਲ ਤੇ ਸਰਕਾਰ’ ਰਾਜਪਾਲ ਅਤੇ ਪੰਜਾਬ ਸਰਕਾਰ ਵਿਚਕਾਰ ਖਾਨਾਜੰਗੀ ਨੂੰ ਦਰਸਾਉਂਦਾ ਹੈ। ਪੰਜਾਬ ਸਰਕਾਰ ਤੇ ਰਾਜਪਾਲ ਦੀ ਇਹ ਜੰਗ ਸ਼ਾਇਦ ਆਉਣ ਵਾਲੇ ਸਮੇਂ ਵਿਚ ਛੇਤੀ ਸ਼ਾਂਤ ਨਾ ਹੋਵੇ। ਸਰਕਾਰ ਨੂੰ ਪੰਜਾਬ ਦੇ ਮੁੱਦਿਆਂ ਨੂੰ ਸੁਲਝਾਉਣ ਤੋਂ ਪਹਿਲਾਂ ਰਾਜਪਾਲ ਨਾਲ ਆਪਣੇ ਰਿਸ਼ਤੇ ਸੁਧਾਰਨੇ ਚਾਹੀਦੇ ਹਨ। ਟਕਰਾਅ ਊਰਜਾ ਜ਼ਾਇਆ ਕਰੇਗਾ।
ਮੋਹਿਤ ਕੁਮਾਰ, ਈਮੇਲ
ਸ਼ਾਇਰ ਪ੍ਰੋ. ਮੋਹਨ ਸਿੰਘ ਦੇ ਰੰਗ
20 ਅਕਤੂਬਰ ਨੂੰ ਨਜ਼ਰੀਆ ਪੰਨੇ ਉੱਤੇ ਛਪੀ ਰਚਨਾ ‘ਪ੍ਰੋ. ਮੋਹਨ ਸਿੰਘ ਨੂੰ ਯਾਦ ਕਰਦਿਆਂ’ ਪੜ੍ਹੀ। ਪ੍ਰੋ. ਮੋਹਨ ਸਿੰਘ ਆਪਣੀਆਂ ਕਵਿਤਾਵਾਂ ਕਰ ਕੇ ਪੰਜਾਬੀ ਕਵਿਤਾ ਵਿਚ ਸਦਾ ਅਹਿਮ ਸਥਾਨ ’ਤੇ ਕਾਇਮ ਰਹਿਣਗੇ। ਉਨ੍ਹਾਂ ਦੀ ਕਵਿਤਾ ਵਿਚ ਮਨ ਦੇ ਜਜ਼ਬਾਤ ਅਤੇ ਸਮਾਜਿਕ ਪੀੜ ਇਕਸੁਰ ਹੈ। ‘ਸ਼ਸਤਰ ਸੁੱਟੋ ਜਾਂ ਕੁੱਟੋ ਵਿਚ ਫਾਲਿਆਂ ਦੇ, ਭੁੱਖਿਆਂ ਦੇ ਮੂੰਹ ਪਾਣੀਆਂ ਅਸਾਂ ਗਰਾਹੀਆਂ ਨੇ’ ਪੜ੍ਹਦਿਆਂ ਪਾਠਕ ਜ਼ਮੀਨ ਨਾਲ ਜੁੜਦਾ ਹੈ। ‘ਖ਼ਨਗਾਹੀ ਦੀਵਾ ਬਾਲਦੀਏ’ ਕਵਿਤਾ ਵਿਚ ਵਿਸ਼ਵਾਸ ਸਿਰ ਚੜ੍ਹ ਬੋਲ ਰਿਹਾ ਹੈ। ‘ਅੰਬੀ ਦਾ ਬੂਟਾ’ ਪੰਜਾਬ ਦੇ ਦਰਿਆਵਾਂ ਦੀ ਰਵਾਨੀ ਵਰਗੀ ਕਵਿਤਾ ਹੈ। ਰੱਬ ਤੇ ਬਸੰਤ ਦੀਆਂ ਕਵਿਤਾਵਾਂ ਕਦ ਵਿਸਾਰੀਆਂ ਜਾ ਸਕਦੀਆਂ ਹਨ। ਆਪਣੀ ਆਖ਼ਿਰੀ ਕਾਵਿ ਪੁਸਤਕ ‘ਬੂਹੇ’ ਦੀ ਆਖ਼ਿਰੀ ਕਵਿਤਾ ਵਿਚ ਮੌਤ ਦੀ ਭਵਿੱਖਬਾਣੀ ਵਾਲੇ ਲਹਿਜ਼ੇ ਵਿਚ ‘ਸਰਾਂ ਦੇ ਪਾਣੀ ਸੁੱਕ ਚੱਲੇ’ ਤਕ ਉਹ ਕਵਿਤਾ ਨਾਲ ਤੁਰਦੇ ਰਹੇ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ