ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 28 ਅਪਰੈਲ
ਇਥੇ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖਾਲਸਾ ਕਾਲਜ ਫਾਰ ਵਿਮੈਨ ਦੇ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਦੀ ਅਗਵਾਈ ਅਧੀਨ ਰਸਾਇਣ ਵਿਗਿਆਨ ਵਿਭਾਗ ਵੱਲੋਂ ਪੋਸਟਰ/ਚਾਰਟ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ’ਚ ਕੁੱਲ 13 ਵਿਦਿਆਰਥਣਾਂ ਨੇ ਰਸਾਇਣ ਵਿਗਿਆਨ ਨਾਲ ਸਬੰਧਤ ਵਿਭਿੰਨ ਵਿਸ਼ਿਆਂ ’ਤੇ ਖੂਬਸੂਰਤ ਪੋਸਟਰ ਬਣਾ ਕੇ ਆਪਣੀ ਰਸਾਇਣ ਵਿਗਿਆਨ ਵਿਸ਼ੇ ਨਾਲ ਸਾਂਝ ਨੂੰ ਪੇਸ਼ ਕੀਤਾ।
ਇਸ ਮੁਕਾਬਲੇ ’ਚ ਬੀਐੱਸਸੀ ਬੀਐੱਡ ਭਾਗ ਤੀਜਾ ਦੀ ਲਬੀਬਾ ਫਾਤਿਮਾ ਨੇ ਪਹਿਲਾ, ਬੀਐੱਸਸੀ ਭਾਗ ਤੀਜਾ ਦੀ ਜਸ਼ਨਪ੍ਰੀਤ ਕੌਰ ਨੇ ਦੂਜਾ, ਬੀਐੱਸਸੀ ਬੀਐੱਡ ਭਾਗ ਤੀਜਾ ਦੀ ਨੀਤਿਕਾ ਅਤੇ ਬੀਏ ਬੀਐੱਡ ਭਾਗ ਦੂਜਾ ਦੀ ਜੋਤਿਕਾ ਗੋਇਲ ਨੇ ਸਾਂਝੇ ਰੂਪ ’ਚ ਤੀਜਾ ਸਥਾਨ ਹਾਸਲ ਕੀਤਾ। ਬੀਐੱਸਸੀ ਭਾਗ ਤੀਜਾ ਦੀ ਅਨਮੋਲਪ੍ਰੀਤ ਕੌਰ ਨੇ ਹੌਸਲਾ ਅਫ਼ਜਾਈ ਇਨਾਮ ਜਿੱਤਿਆ। ਇਸ ਮੁਕਾਬਲੇ ਦੇ ਇੰਚਾਰਜ ਪ੍ਰੋ. ਆਸ਼ੀਸ਼ ਕੁਮਾਰ ਅਤੇ ਪ੍ਰੋ. ਰਾਜਵੀਰ ਕੌਰ ਨੇ ਭਾਗੀਦਾਰਾਂ ਦੇ ਉਤਸ਼ਾਹ ਅਤੇ ਜੋਸ਼ ਦੀ ਸ਼ਲਾਘਾ ਕੀਤੀ।