ਚਰਨਜੀਤ ਭੁੱਲਰ
ਚੰਡੀਗੜ੍ਹ, 25 ਸਤੰਬਰ
ਪੰਜਾਬ ਵਿੱਚ ਮੁਫ਼ਤ ਬੱਸ ਦੀ ਸਹੂਲਤ ਨੇ ਬੀਬੀਆਂ ਨੂੰ ਮੌਜ ਲਾ ਦਿੱਤੀ ਹੈ। ਪੰਜਾਬ ’ਚ ਰੋਜ਼ਾਨਾ ਔਸਤਨ ਢਾਈ ਲੱਖ ਔਰਤਾਂ ਬੱਸ ਦਾ ਮੁਫ਼ਤ ਸਫ਼ਰ ਕਰਦੀਆਂ ਹਨ।
ਪੰਜਾਬ ਸਰਕਾਰ ਔਰਤਾਂ ਨੂੰ ਹੁਣ ਤੱਕ ਕਰੀਬ 150 ਕਰੋੜ ਰੁਪਏ ਦਾ ਮੁਫ਼ਤ ਸਫ਼ਰ ਕਰਵਾ ਚੁੱਕੀ ਹੈ। ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਨੂੰ ਇਸ ਸਹੂਲਤ ਨੇ ਵਿੱਤੀ ਮਜ਼ਬੂਤੀ ਦਿੱਤੀ ਹੈ ਪਰ ਇਨ੍ਹਾਂ ਅਦਾਰਿਆਂ ਨੂੰ ਇੱਕੋ ਡਰ ਹੈ ਕਿ ਪੰਜਾਬ ਸਰਕਾਰ ਮੁਫ਼ਤ ਸਹੂਲਤ ਬਦਲੇ ਸਬਸਿਡੀ ਵਾਲੀ ਰਾਸ਼ੀ ਨੂੰ ਲਟਕਾਉਣਾ ਨਾ ਸ਼ੁਰੂ ਕਰ ਦੇਵੇ। ਸਰਕਾਰੀ ਬੱਸਾਂ ਦਾ ਲੋਡ ਫੈਕਟਰ ਵਧਿਆ ਹੈ ਅਤੇ ਰੋਜ਼ਾਨਾ ਦੀ ਆਮਦਨੀ ’ਚ ਇਜ਼ਾਫ਼ਾ ਹੋਇਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪਹਿਲੀ ਅਪਰੈਲ ਤੋਂ ਔਰਤਾਂ ਦੀ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਦੀ ਦਰ ਉੱਪਰ ਵੱਲ ਜਾ ਰਹੀ ਹੈ। ਪੀਆਰਟੀਸੀ ਦੀਆਂ ਬੱਸਾਂ ਵਿੱਚ ਰੋਜ਼ਾਨਾ ਕਰੀਬ 2.70 ਲੱਖ ਯਾਤਰੀ ਸਫ਼ਰ ਕਰਦੇ ਹਨ, ਜਿਨ੍ਹਾਂ ’ਚੋਂ ਔਸਤਨ 1.08 ਲੱਖ ਔਰਤਾਂ ਹੁੰਦੀਆਂ ਹਨ।
ਇਵੇਂ ਹੀ ਪੰਜਾਬ ਰੋਡਵੇਜ਼ ਤੇ ਪਨਬੱਸ ਵਿੱਚ ਰੋਜ਼ਾਨਾ 4 ਲੱਖ ਤੋਂ 4.50 ਲੱਖ ਯਾਤਰੀ ਸਫ਼ਰ ਕਰਦੇ ਹਨ, ਜਿਨ੍ਹਾਂ ’ਚੋਂ ਡੇਢ ਲੱਖ ਔਰਤਾਂ ਇਸ ਸਹੂਲਤ ਦਾ ਲਾਭ ਲੈਂਦੀਆਂ ਹਨ। ਪੀਆਰਟੀਸੀ ਨੇ ਲੰਘੇ ਪੰਜ ਮਹੀਨਿਆਂ ਵਿੱਚ 84.60 ਕਰੋੜ ਦਾ ਤੇ ਪੰਜਾਬ ਰੋਡਵੇਜ਼ ਨੇ ਕਰੀਬ 60 ਕਰੋੋੜ ਦਾ ਮੁਫ਼ਤ ਬੱਸ ਸਫ਼ਰ ਔਰਤਾਂ ਨੂੰ ਕਰਾਇਆ ਹੈ। ਅਪਰੈਲ ਮਹੀਨੇ ਵਿੱਚ ਪੀਆਰਟੀਸੀ ਦੀਆਂ ਬੱਸਾਂ ਵਿੱਚ 15.91 ਕਰੋੜ ਦਾ ਤੇ ਅਗਸਤ ਮਹੀਨੇ ’ਚ 25.39 ਕਰੋੜ ਦਾ ਸਫ਼ਰ ਬੀਬੀਆਂ ਨੇ ਮੁਫ਼ਤ ਕੀਤਾ।
ਇਸੇ ਤਰ੍ਹਾਂ ਪੀਆਰਟੀਸੀ ਦੀ ਅਪਰੈਲ ਮਹੀਨੇ ਵਿੱਚ ਰੋੋਜ਼ਾਨਾ ਦੀ ਆਮਦਨੀ 1.36 ਕਰੋੜ ਸੀ, ਜੋ ਅਗਸਤ ਵਿੱਚ 1.86 ਕਰੋੜ ਹੋ ਗਈ ਹੈ। ਪੀਆਰਟੀਸੀ ਨੂੰ ਬੀਤੇ ਪੰਜ ਮਹੀਨਿਆਂ ’ਚ 306.82 ਕਰੋੜ ਦੀ ਆਮਦਨੀ ਹੋਈ ਹੈ, ਜਿਸ ’ਚ 83.60 ਕਰੋੜ ਦੀ ਔਰਤਾਂ ਦੇ ਸਫ਼ਰ ਵਾਲੀ ਸਬਸਿਡੀ ਸ਼ਾਮਲ ਹੈ। ਇਸ ਦੌਰਾਨ ਔਸਤਨ ਪ੍ਰਤੀ ਦਿਨ ਆਮਦਨੀ 1.35 ਕਰੋੜ ਰੁਪਏ ਰਹੀ ਹੈ। ਪੀਆਰਟੀਸੀ ਦੇ ਜਨਰਲ ਮੈਨੇਜਰ ਸੁਰਿੰਦਰ ਸਿੰਘ ਨੇ ਕਿਹਾ ਕਿ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਿੱਤੇ ਜਾਣ ਮਗਰੋਂ ਕਾਰਪੋਰੇਸ਼ਨ ਦੀ ਆਮਦਨੀ ਵਧੀ ਹੈ ਤੇ ਰੋਜ਼ਾਨਾ ਔਸਤਨ 40 ਫੀਸਦ ਔਰਤਾਂ ਬੱਸਾਂ ਵਿੱਚ ਮੁਫ਼ਤ ਬੱਸ ਕਰਦੀਆਂ ਹਨ। ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਦਾ ਜੋ ਲੋਡ ਫੈਕਟਰ ਪਹਿਲਾਂ 62 ਫੀਸਦ ਦੇ ਕਰੀਬ ਸੀ, ਉਹ ਵਧ ਕੇ ਹੁਣ 75 ਫੀਸਦ ਹੋ ਗਿਆ ਹੈ। ਪੰਜਾਬ ਸਰਕਾਰ ਵੱਲੋਂ ਪੀਆਰਟੀਸੀ ਨੂੰ ਅਪਰੈਲ ਤੋਂ ਜੂਨ ਤੱਕ ਦੀ 39.48 ਕਰੋੜ ਦੀ ਸਬਸਿਡੀ ਦਿੱਤੀ ਜਾ ਚੁੱਕੀ ਹੈ। ਉੱਧਰ ਪੰਜਾਬ ਰੋਡਵੇਜ਼ ਦੇ ਵੀ ਡੇਢ ਕੁ ਮਹੀਨੇ ਦੇ ਬਿੱਲ ਬਕਾਇਆ ਹਨ।
ਪ੍ਰਾਈਵੇਟ ਬੱਸ ਮਾਲਕ ਝੰਬੇ: ਬਲਤੇਜ ਸਿੰਘ
ਮੁਫ਼ਤ ਬੱਸ ਸਫ਼ਰ ਦੀ ਸਹੂਲਤ ਨੇ ਪ੍ਰਾਈਵੇਟ ਟਰਾਂਸਪੋਰਟਾਂ ਨੂੰ ਮਾਰ ਪਾਈ ਹੈ। ਮਾਲਵਾ ਜ਼ੋਨ ਪ੍ਰਾਈਵੇਟ ਬੱਸ ਅਪਰੇਟਰ ਯੂਨੀਅਨ ਦੇ ਕਨਵੀਨਰ ਬਲਤੇਜ ਸਿੰਘ ਵਾਂਦਰ ਕਹਿਣਾ ਸੀ ਕਿ ਪ੍ਰਾਈਵੇਟ ਬੱਸਾਂ ਹੱਥੋਂ ਸਿਰਫ਼ ਮਹਿਲਾ ਸਵਾਰੀ ਨਹੀਂ ਨਿਕਲੀ ਬਲਕਿ ਉਨ੍ਹਾਂ ਨਾਲ ਸਫਰ ਕਰਨ ਵਾਲੀਆਂ ਪੁਰਸ਼ ਸਵਾਰੀਆਂ ਵੀ ਹੁਣ ਸਰਕਾਰੀ ਬੱਸਾਂ ’ਚ ਸਫ਼ਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਧਾਰਨ ਪ੍ਰਾਈਵੇਟ ਬੱਸਾਂ ਨੂੰ ਇਸ ਮੁਫ਼ਤ ਸਹੂਲਤ ਨੇ ਸੜਕਾਂ ਤੋਂ ਲਾਹ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਨਵੇਂ ਮੁੱਖ ਮੰਤਰੀ ਪ੍ਰਾਈਵੇਟ ਬੱਸ ਅਪਰੇਟਰਾਂ ਦੇ ਹਿਤਾਂ ਬਾਰੇ ਵੀ ਸੋਚਣ। ਮਿੰਨੀ ਬੱਸ ਮਾਲਕ ਧਰਮ ਸਿੰਘ ਮਾਨ (ਮਾੜੀ) ਦਾ ਕਹਿਣਾ ਹੈ ਕਿ ਕਰੋਨਾ ਦੌਰਾਨ ਡੀਜ਼ਲ ਦਾ ਭਾਅ ਹੀ 31 ਰੁਪਏ ਪ੍ਰਤੀ ਲੀਟਰ ਵਧ ਗਿਆ ਹੈ, ਜਿਸ ਮਗਰੋਂ ਸਰਕਾਰ ਨੂੰ ਕੋਈ ਰਾਹਤ ਐਲਾਨਣੀ ਚਾਹੀਦੀ ਹੈ।
ਸਰਕਾਰ ਪੈਸਾ ਦੇ ਰਹੀ ਹੈ: ਰਾਏ
ਸਟੇਟ ਟਰਾਂਸਪੋਰਟ ਦੇ ਡਾਇਰੈਕਟਰ ਭੁਪਿੰਦਰ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਔਰਤਾਂ ਨੂੰ ਮੁਫ਼ਤ ਸਹੂਲਤ ਬਦਲੇ ਸਬਸਿਡੀ ਦਿੱਤੀ ਜਾ ਰਹੀ ਹੈ ਤੇ ਹੁਣ ਨਵੇਂ ਬਿੱਲ ਵੀ ਸਰਕਾਰ ਨੂੰ ਭੇਜ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਰੋਡਵੇਜ਼ ਦੇ 18 ਡਿੱਪੂਆਂ ਦੀ ਸਰਕਾਰੀ ਟਰਾਂਸਪੋਰਟ ਦੀ ਰੂਟ ਤੋਂ ਹੋਣ ਵਾਲੀ ਆਮਦਨ ਵਿੱਚ ਇਜ਼ਾਫ਼ਾ ਹੋਇਆ ਹੈ ਤੇ ਔਰਤਾਂ ਹੁਣ ਸਰਕਾਰੀ ਬੱਸਾਂ ਨੂੰ ਤਰਜੀਹ ਦਿੰਦੀਆਂ ਹਨ।