ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 20 ਨਵੰਬਰ
ਕੈਬਨਿਟ ਮੰਤਰੀ ਪਰਗਟ ਸਿੰਘ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਦੇ ਤੁਰੰਤ ਬਾਅਦ ਕੈਪਟਨ ਅਮਰਿੰਦਰ ਸਿੰਘ ਨਿਰੰਤਰ ਭਾਜਪਾ ਦਾ ਰਾਗ ਅਲਾਪ ਰਹੇ ਹਨ। ਉਨ੍ਹਾਂ ਕਿਹਾ, ‘‘ਬਿੱਲੀ ਥੈਲਿਓਂ ਬਾਹਰ ਆ ਗਈ ਹੈ।’’ ਸਿੱਖਿਆ ਤੇ ਖੇਡ ਮੰਤਰੀ ਨੇ ਕਿਹਾ ਕਿ ਉਹ ਤਾਂ ਪਿਛਲੇ ਸਾਢੇ ਤਿੰਨ ਸਾਲ ਤੋਂ ਇਹ ਹੀ ਗੱਲ ਦੁਹਰਾ ਰਹੇ ਹਨ ਕਿ ਭਾਜਪਾ, ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਵਿਚਾਲੇ ਅਣਐਲਾਨਿਆ ਗਠਜੋੜ ਹੈ। ਇਹ ਸਾਰੀ ਕਹਾਣੀ ਭਾਜਪਾ ਦੀ ਰਚੀ ਹੋਈ ਹੈ, ਜਿਸ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਸੀ ਅਤੇ ਅਕਾਲੀ ਦਲ ਇਸ ਦੀ ਹਮਾਇਤ ਕਰਦਾ ਸੀ। ਉਨ੍ਹਾਂ ਦੇ ਦਾਅਵਿਆਂ ਦੀ ਅਸਲੀਅਤ ਅੱਜ ਉਸ ਵੇਲੇ ਜੱਗ ਜ਼ਾਹਰ ਹੋ ਗਈ ਜਦੋਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਹਮਾਇਤ ਵਿੱਚ ਇਸ਼ਤਿਹਾਰ ਜਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸਲ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਵੱਲੋਂ ਭਾਜਪਾ ਨਾਲ ਰਲ ਕੇ ਪਕਾਈ ਜਾ ਰਹੀ ਖਿੱਚੜੀ ਦਾ ਸੂਬੇ ਦੇ ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ, ਜਿਸ ਕਾਰਨ ਹੁਣ ਉਹ ਇਨ੍ਹਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਦਾ ਉਹ ਸਵਾਗਤ ਕਰਦੇ ਹਨ ਪਰ ਸੱਤ ਸੌ ਕਿਸਾਨਾਂ ਦੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਬਦੌਲਤ ਹੀ ਇਹ ਕਾਨੂੰਨ ਰੱਦ ਕਰਨ ਦਾ ਐਲਾਨ ਹੋਇਆ ਹੈ।
ਭਾਜਪਾ ਨੂੰ ਆਪਣੀ ਪੀੜ੍ਹੀ ਹੇਠ ਸੋਟੀ ਮਾਰਨ ਲਈ ਕਿਹਾ
ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਾਰੀਫ ਕਰਨ ’ਤੇ ਭਾਜਪਾ ਵੱਲੋਂ ਕੀਤੀ ਜਾ ਰਹੀ ਆਲੋਚਨਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਪਰਗਟ ਸਿੰਘ ਨੇ ਕਿਹਾ ਕਿ ਭਾਜਪਾ ਰਾਸ਼ਟਰਵਾਦ ਦੇ ਸਰਟੀਫਿਕੇਟ ਵੰਡਣ ਤੋਂ ਪਹਿਲਾ ਆਪਣੀ ਪੀੜ੍ਹੀ ਹੇਠ ਸੋਟੀ ਫੇਰੇ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦੀ ਧਰਤੀ ਆਪਸੀ ਪਿਆਰ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦੀ ਹੈ ਪਰ ਦੁੱਖ ਦੀ ਗੱਲ ਹੈ ਕਿ ਭਾਜਪਾ ਇੱਥੇ ਵੀ ਸਿਆਸੀ ਰੋਟੀਆਂ ਸੇਕਣ ਤੋਂ ਬਾਜ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਉਸ ਵੇਲੇ ਕਿੱਥੇ ਸਨ ਜਦੋਂ ਨਰਿੰਦਰ ਮੋਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਜਨਮ ਦਿਨ ਮਨਾਉਣ ਲਈ ਬਿਨਾਂ ਸੱਦੇ ਦੇ ਪਾਕਿਸਤਾਨ ਪੁੱਜ ਗਏ ਸਨ।