ਜੋਗਿੰਦਰ ਸਿੰਘ ਮਾਨ
ਮਾਨਸਾ, 31 ਜੁਲਾਈ
ਮੀਂਹ ਨੇ ਮਾਨਸਾ ਨੂੰ ਅੱਜ ਮੁੜ ਜਲ-ਥਲ ਕਰ ਕੇ ਰੱਖ ਦਿੱਤਾ। ਦੇਰ ਸ਼ਾਮ ਤੱਕ ਸ਼ਹਿਰ ਵਿੱਚ ਚਾਰ-ਚੁਫੇਰੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ। ਇਸ ਦੌਰਾਨ ਡਿਪਟੀ ਕਮਿਸ਼ਨਰ ਦੇ ਘਰ ਨੂੰ ਜਾਂਦੀ ਡਿਵਾਈਡਰ ਵਾਲੀ ਵੀਆਈਪੀ ਸੜਕ ਦਾ ਵੀ ਜਲੂਸ ਨਿਕਲ ਗਿਆ। ਡਿਪਟੀ ਕਮਿਸ਼ਨਰ ਦੇ ਘਰ ਦੇ ਕੋਲ ਪਾਣੀ ਫਿਰਦਾ ਰਿਹਾ।
ਇਸ ਮੀਂਹ ਨਾਲ ਮਾਨਸਾ ਦੀਆਂ ਸਾਰੀਆਂ ਨੀਵੀਂਆਂ ਬਸਤੀਆਂ ਵਿੱਚ ਪਾਣੀ ਭਰ ਗਿਆ। ਪਾਣੀ ਦੀ ਠੀਕ ਢੰਗ ਨਾਲ ਨਿਕਾਸੀ ਨਾ ਹੋਣ ਕਾਰਨ ਭਰੀਆਂ ਗਲੀਆਂ ਤੋਂ ਬਾਅਦ ਕਈ ਮੁਹੱਲਿਆਂ ਵਿਚਲੇ ਘਰਾਂ ਵਿੱਚ ਇਹ ਪਾਣੀ ਦਾਖ਼ਲ ਹੋ ਗਿਆ। ਲੋਕ ਇਸ ਸਬੰਧੀ ਲੋੜੀਂਦੇ ਬੰਦੋਬਸਤ ਕਰਦੇ ਹੋਏ ਪ੍ਰਸ਼ਾਸਨ ਨੂੰ ਕੋਸ ਰਹੇ ਸਨ। ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਪਾਣੀ ਭਰਿਆ ਹੋਣ ਕਾਰਨ ਇੱਥੋਂ ਦੀਆਂ ਦੁਕਾਨਾਂ ਸਮੇਂ ਤੋਂ ਪਹਿਲਾਂ ਹੀ ਬੰਦ ਹੋ ਗਈਆਂ। ਬੇਸ਼ੱਕ ਨਗਰ ਕੌਂਸਲ ਨੇ ਮੀਂਹਾਂ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਸੀ, ਪਰ ਅੱਜ ਪਏ ਮੀਂਹ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਜੋਗੇ ਨਹੀਂ ਛੱਡਿਆ। ਸ਼ਹਿਰ ਦੇ ਹਰ ਹਿੱਸੇ ਵਿਚਲੀਆਂ ਗਲੀਆਂ ਵਿੱਚ ਮੀਂਹ ਦਾ ਪਾਣੀ ਭਰ ਗਿਆ। ਸ਼ਹਿਰ ਦੇ ਅੰਡਰਬ੍ਰਿਜ ਵਿੱਚ ਕਾਫੀ ਪਾਣੀ ਜਮ੍ਹਾਂ ਹੋਣ ਕਾਰਨ ਦੋ-ਪਹੀਆ ਵਾਹਨਾਂ ਲਈ ਵੱਡੀ ਮੁਸੀਬਤ ਬਣ ਗਈ। ਕਈ ਲੋਕਾਂ ਦੇ ਦੋ ਪਹੀਆ ਵਾਹਨ ਸੜਕਾਂ ’ਤੇ ਖੜ੍ਹੇ ਮੀਂਹ ਦੇ ਇਸ ਪਾਣੀ ਵਿੱਚ ਬੰਦ ਹੋ ਗਏ। ਐਸੋਸੀਏਸ਼ਨ ਫਾਰ ਸਿਟੀਜ਼ਨ ਰਾਈਟਸ ਦੇ ਆਗੂ ਗੁਰਤੇਜ਼ ਸਿੰਘ ਜਗਰੀ ਨੇ ਕਿਹਾ ਕਿ ਉੱਚ ਅਧਿਕਾਰੀ ਸ਼ਹਿਰ ਦਾ ਵਿਕਾਸ ਕਰਨ ਦੀਆਂ ਡੀਂਗਾਂ ਮਾਰ ਰਹੇ ਨੇ, ਪਰ ਇਸ ਮੀਂਹ ਕਾਰਨ ਸ਼ਹਿਰ ਅੰਦਰ ਥਾਂ-ਥਾਂ ਪਾਣੀ ਖੜ੍ਹ ਜਾਂਦਾ ਹੈੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਅੰਦਰ ਖੜ੍ਹੇ ਹੁੰਦੇ ਪਾਣੀ ਦਾ ਕੋਈ ਠੋਸ ਹੱਲ ਨਹੀਂ ਕਰ ਰਿਹਾ, ਸਿਰਫ ਖਾਨਾਪੂਰਤੀ ਕਰ ਰਿਹਾ ਹੈ ਜਾਂ ਆਪਣੇ ਦਫ਼ਤਰਾਂ ਤੇ ਘਰਾਂ ਨੂੰ ਬਚਾਉਣ ’ਚ ਲੱਗਿਆ ਹੋਇਆ ਹੈ।
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਹਲਕਾ ਰਾਮਪੁਰਾ ਫੂਲ ਵਿੱਚ ਪਈ ਭਰਵੀਂ ਬਾਰਿਸ਼ ਨੇ ਨਗਰ ਕੌਂਸਲ ਰਾਮਪੁਰਾ ਫੂਲ ਦੇ ਸੀਵਰੇਜ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਭਾਵੇਂ ਕਿ ਰਾਮਪੁਰਾ ਸ਼ਹਿਰ ਦੇ ਆਸ-ਪਾਸ ਕਈ ਵਾਰ ਮੀਂਹ ਪੈ ਚੁੱਕਾ ਹੈ ਪ੍ਰੰਤੂ ਭਰਵਾਂ ਮੀਂਹ ਅੱਜ ਪਹਿਲੀ ਵਾਰ ਪਿਆ ਹੈ ਜਿਸ ਨਾਲ ਸ਼ਹਿਰ ਦੇ ਫੂਲ ਬਾਜ਼ਾਰ, ਸਦਰ ਬਾਜ਼ਾਰ, ਗਿੱਲ ਬਾਜ਼ਾਰ, ਲਹਿਰਾ ਬਾਜ਼ਾਰ ਅਤੇ ਕਚਹਿਰੀ ਬਾਜ਼ਾਰ ਵਿੱਚ ਇੱਕ ਫੁੱਟ ਤੋਂ ਦੋ ਫੁੱਟ ਤੱਕ ਪਾਣੀ ਸ਼ਾਮ ਤੱਕ ਖੜ੍ਹਾ ਸੀ। ਇਸ ਦੌਰਾਨ ਕੁੱਝ ਦੁਕਾਨਾਂ ਅੰਦਰ ਵੀ ਪਾਣੀ ਵੜ ਗਿਆ, ਜਿਸ ਕਰ ਕੇ ਦੁਕਾਨਦਾਰਾਂ ਦਾ ਨੁਕਸਾਨ ਹੋਇਆ।
ਮੀਂਹ ਕਾਰਨ ਘਰਾਂ ਦੀਆਂ ਛੱਤਾਂ ਡਿੱਗੀਆਂ
ਮਲੋਟ (ਨਿੱਜੀ ਪੱਤਰ ਪ੍ਰੇਰਕ): ਇੱਥੇ ਰੁਕ-ਰੁਕ ਕੇ ਪੈ ਰਹੇ ਮੀਂਹ ਦੌਰਾਨ ਇੱਥੋਂ ਦੇ ਮੁਹੱਲਾ ਖਟੀਕਾਂ ਵਾਲਾ ਵਿੱਚ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਅਚਾਨਕ ਡਿੱਗ ਗਈ। ਇਸ ਦੌਰਾਨ ਇਸ ਗੱਲੋਂ ਬਚਾਅ ਰਿਹਾ ਕਿ ਉਸ ਵੇਲੇ ਛੱਤ ਹੇਠਾਂ ਪਰਿਵਾਰ ਦਾ ਕੋਈ ਮੈਂਬਰ ਨਹੀਂ ਸੀ, ਪਰ ਪਰਿਵਾਰ ਦਾ ਕਾਫੀ ਮਾਲੀ ਨੁਕਸਾਨ ਹੋਇਆ ਹੈ। ਇਹ ਜਾਣਕਾਰੀ ਘਰ ਦੇ ਮਾਲਕ ਕਾਲੂ ਪੁੱਤਰ ਓਮ ਪ੍ਰਕਾਸ਼ ਨੇ ਦਿੱਤੀ। ਉਨ੍ਹਾਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਕੋਲੋਂ ਮਾਲੀ ਮਦਦ ਦੀ ਮੰਗ ਕੀਤੀ ਹੈ।
ਮਾਨਸਾ (ਪੱਤਰ ਪ੍ਰੇਰਕ): ਮਾਨਸਾ ਨੇੜਲੇ ਪਿੰਡ ਫਫੜੇ ਭਾਈਕੇ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਮਜ਼ਦੂਰ ਜਿਉਣਾ ਸਿੰਘ ਪੁੱਤਰ ਲੀਲਾ ਸਿੰਘ ਦੇ ਘਰ ਵਿਚਲੇ ਇੱਕੋ-ਇੱਕ ਕਮਰੇ ਦੀ ਛੱਤ ਡਿੱਗ ਗਈ। ਇਸ ਦੌਰਾਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਮਜ਼ਦੂਰ ਪਰਿਵਾਰ ਬੇਘਰ ਹੋ ਗਿਆ ਅਤੇ ਉਸ ਦੇ ਸਾਮਾਨ ਦਾ ਨੁਕਸਾਨ ਹੋ ਗਿਆ। ਪਿੰਡ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਉਕਤ ਮਜ਼ਦੂਰ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।
ਮੀਂਹ ਕਾਰਨ ਪਛੇਤਾ ਝੋਨਾ ਲਾਉਣ ਵਾਲਿਆਂ ਦੇ ਖਿੜੇ ਚਿਹਰੇ
ਮਾਨਸਾ(ਪੱਤਰ ਪ੍ਰੇਰਕ): ਮਾਲਵਾ ਪੱਟੀ ਵਿੱਚ ਮੀਂਹ ਨੇ ਅੱਜ ਖੇਤਾਂ ਵਿੱਚ ਲਹਿਰਾਂ-ਬਹਿਰਾਂ ਲਾ ਦਿੱਤੀਆਂ ਹਨ। ਦੁਪਹਿਰ ਤੋਂ ਪੈਣ ਲੱਗੇ ਮੀਂਹ ਕਾਰਨ ਖੇਤਾਂ ਵਿੱਚ ਪਾਣੀ ਭਰ ਗਿਆ। ਇਸ ਨਾਲ ਪਛੇਤਾ ਝੋਨਾ ਲਾਉਣ ਵਾਲਿਆਂ ਦੇ ਚਿਹਰੇ ’ਤੇ ਖੁਸ਼ੀ ਦੇਖੀ ਗਈ। ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀ ਯੂਨੀਵਰਸਿਟੀ ਨੇ ਇਸ ਮੀਂਹ ਨੂੰ ਫਸਲਾਂ ਲਈ ਸਭ ਤੋਂ ਸਰਬੋਤਮ ਖੁਰਾਕ ਕਰਾਰ ਦਿੱਤਾ ਹੈ। ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਇਸ ਮੀਂਹ ਨਾਲ ਨਰਮੇ ਦਾ ਚਿੱਟੀ ਮੱਖੀ ਅਤੇ ਹਰੇ ਤੇਲੇ ਤੋਂ ਬਚਾਅ ਹੋਵੇਗਾ, ਜਦੋਂ ਕਿ ਅਗੇਤੇ ਝੋਨੇ ’ਤੇ ਕਿਤੇ-ਕਿਤੇ ਪਈ ਗੋਭ ਦੀ ਸੁੰਡੀ ਤੋਂ ਵੀ ਛੁਟਕਾਰਾ ਮਿਲੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐੱਸ. ਰੋਮਾਣਾ ਨੇ ਦੱਸਿਆ ਕਿ ਅਜਿਹੇ ਠੰਢੇ ਮੌਸਮ ਦਾ ਸਭ ਤੋਂ ਵੱਧ ਫਾਇਦਾ ਨਰਮੇ ਦੀ ਫ਼ਸਲ ਸਮੇਤ ਪਸ਼ੂਆਂ ਦੇ ਹਰੇ ਚਾਰੇ ਨੂੰ ਹੈ। ਇਸ ਮੀਂਹ ਨਾਲ ਜਿਹੜੇ ਕਿਸਾਨਾਂ ਨੇ ਮੱਕੀ ਅਤੇ ਮੂੰਗੀ ਵਾਲੇ ਖੇਤ ਵਿੱਚ ਬਾਸਮਤੀ ਲਾਉਣੀ ਹੈ, ਉਨ੍ਹਾਂ ਨੂੰ ਸਭ ਤੋਂ ਵਧੀਆ ਮੌਕਾ ਇਸ ਮੀਂਹ ਤੋਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਬਾਸਮਤੀ ਦੀ ਲਵਾਈ ਲਈ ਸਭ ਤੋਂ ਢੁੱਕਵਾਂ ਸਮਾਂ ਹੈ। ਖੇਤੀਬਾੜੀ ਵਿਭਾਗ ਨੇ ਇਸ ਮੀਂਹ ਨੂੰ ਦੱਖਣੀ ਪੰਜਾਬ ਦੇ ਗੈਰ-ਸਿੰਜਾਈ ਵਾਲੀ ਰਕਬੇ ਵਿੱਚ ਸਾਉਣੀ ਦੀਆਂ ਫਸਲਾਂ ਨੂੰ ਬੀਜਣ ਲਈ ਵੀ ਇਹ ਸੁਨਹਿਰੀ ਸਮਾਂ ਦੱਸਿਆ। ਮੀਂਹ ਕਾਰਨ ਮਾਲਵਾ ਪੱਟੀ ਦੇ ਕਿਸਾਨਾਂ ਨੇ ਆਪਣੇ ਵਾਲੇ ਟਿਊਬਵੈੱਲ ਬੰਦ ਕੀਤੇ ਹੋਏ ਸਨ।