ਇਕਬਾਲ ਸਿੰਘ ਸ਼ਾਂਤ
ਲੰਬੀ, 16 ਜਨਵਰੀ
ਚੋਣ ਕਮਿਸ਼ਨ ਦੀ ਸਖ਼ਤੀ ਕਾਰਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਿੰਡਾਂ ਵਿੱਚ ਲੋਕਾਂ ਨਾਲ ਕਾਰ ’ਚ ਬੈਠ ਕੇ ਰਾਬਤਾ ਬਣਾ ਰਹੇ ਹਨ। ਸ੍ਰੀ ਬਾਦਲ ਨੇ ਪਿੰਡ ਘੁਮਿਆਰਾ ਵਿੱਚ ਅੱਜ ਚੋਣ ਪ੍ਰਚਾਰ ਤਹਿਤ ਕਈ ਘੰਟੇ ਬਿਤਾਏ। ਉਹ ਤੈਅਸ਼ੁਦਾ ਪ੍ਰੋਗਰਾਮ ਮੁਤਾਬਕ ਕਾਰ ’ਚ ਬੈਠਿਆਂ ਹੀ ਹਰ ਸੌ-ਦੋ ਸੌ ਮੀਟਰ ’ਤੇ ਗਲੀ-ਨੁੱਕੜ ਅਤੇ ਚੌਕ ’ਤੇ ਖੜ੍ਹੇ ਚਾਰ-ਪੰਜ ਜਣਿਆਂ ਨਾਲ ਮੁਲਾਕਾਤ ਕਰਕੇ ਸਮਰਥਨ ਦੀ ਅਪੀਲ ਕਰਦੇ ਰਹੇ। ਸ੍ਰੀ ਬਾਦਲ ਨਾਲ ਮੁਲਾਕਾਤ ਕਰਨ ਵਾਲਿਆਂ ਵਿੱਚ ਔਰਤਾਂ ਬੱਚੇ ਅਤੇ ਨੌਜਵਾਨ ਵੀ ਸ਼ਾਮਲ ਸਨ।
ਪਿੰਡ ਵਾਸੀ ਕੁਲਵੰਤ ਸਿੰਘ ਨੇ ਸ੍ਰੀ ਬਾਦਲ ਨੂੰ ਭਰੋਸਾ ਦਿਵਾਇਆ ਕਿ ਪਿੰਡ ਘੁਮਿਆਰਾ ਵਿੱਚੋਂ ਪਹਿਲਾਂ ਵਾਂਗ ਅਕਾਲੀ ਦਲ ਦਾ ਸਮਰਥਨ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਮਨਿੰਦਰ ਕੌਰ, ਜਗਜੀਵਨ ਸਿੰਘ, ਕੁਲਦੀਪ ਸਿੰਘ, ਸਾਬਕਾ ਸਰਪੰਚ ਰਣਧੀਰ ਸਿੰਘ, ਗੁਵਿੰਦਰ ਸਿੰਘ, ਮੰਗਲ ਸਿੰਘ, ਮੈਂਬਰ ਲੱਖਾ ਸਿੰਘ, ਸਾਬਕਾ ਮੈਂਬਰ ਗੁਰਤੇਜ ਸਿੰਘ ਅਤੇ ਗੁਰਜੰਟ ਸਿੰਘ ਸਮੇਤ ਹੋਰ ਲੋਕ ਮੌਜੂਦ ਸਨ। ਦੂਜੇ ਪਾਸੇ ‘ਆਪ’ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਅਤੇ ਉਨ੍ਹਾਂ ਦੇ ਕਾਰਕੁਨ ਹਲਕੇ ’ਚ ਵੋਟਰਾਂ ਨਾਲ ਘਰ ਘਰ ਜਾ ਕੇ ਪ੍ਰਚਾਰ ਕਰ ਰਹੇ ਹਨ। ਕਾਂਗਰਸ ਵੱਲੋਂ ਐਲਾਨੇ ਉਮੀਦਵਾਰ ਜਗਪਾਲ ਸਿੰਘ ਅਬੁੱਲਖੁਰਾਣਾ ਦਾ ਕਿੱਲਿਆਂਵਾਲੀ ’ਚ ਵਰਕਰਾਂ ਨੇ ਸਵਾਗਤ ਕੀਤਾ। ਬਾਅਦ ਉਹ ਜੱਦੀ ਪਿੰਡ ਅਬੁੱਲਖੁਰਾਣਾ ਦੇ ਗੁਰੂ ਘਰ ’ਚ ਨਤਮਸਤਕ ਹੋਏ ਅਤੇ ਜਿੱਤ ਲਈ ਅਰਦਾਸ ਕੀਤੀ।
ਅਭੈ ਚੌਟਾਲਾ ਵੱਲੋਂ ਬਾਦਲ ਨਾਲ ਮੁਲਾਕਾਤ
ਬੀਤੇ ਦਿਨੀਂ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਲੜਨ ਦਾ ਐਲਾਨ ਕਰਨ ਵਾਲੇ ਏਲਨਾਬਾਦ ਦੇ ਵਿਧਾਇਕ ਅਤੇ ਇਨੈਲੋ ਆਗੂ ਅਭੈ ਸਿੰਘ ਚੌਟਾਲਾ ਅੱਜ ਇਨੈਲੋ ਦੇ ਖੇਤਰੀ ਪ੍ਰਮੁੱਖ ਕਾਡਰ ਨਾਲ ਪਿੰਡ ਬਾਦਲ ਪੁੱਜੇ। ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਲੰਬੀ ਹਲਕੇ ਦੇ ਅਕਾਲੀ ਲੀਡਰਸ਼ਿਪ ਨਾਲ ਮੀਟਿੰਗ ਕੀਤੀ। ਮੀਟਿੰਗ ’ਚ ਸਾਬਕਾ ਵਿਧਾਇਕ ਡਾ. ਸੀਤਾ ਰਾਮ, ਮੀਨੂੰ ਫੱਤਾਕੇਰਾ, ਇਨੈਲੋ ਦੇ ਸਕੱਤਰ ਨਛੱਤਰ ਸਿੰਘ ਮਲਹਾਣ, ਤੇਜਿੰਦਰ ਸਿੰਘ ਮਿੱਡੂਖੇੜਾ, ਓਐੱਸਡੀ ਗੁਰਚਰਨ ਸਿੰਘ ਸਮੇਤ ਹੋਰ ਮੌਜੂਦ ਸਨ। ਇਨੈਲੋ ਦੇ ਸਕੱਤਰ ਨਛੱਤਰ ਸਿੰਘ ਮਲਹਾਣ ਨੇ ਕਿਹਾ ਕਿ 20 ਜਨਵਰੀ ਤੋਂ ਇਨੈਲੋ ਦੇ ਕਾਰਕੁਨ ਲੰਬੀ ਹਲਕੇ ’ਚ ਮੋਰਚਾ ਸੰਭਾਲਣਗੇ। ਹਲਕੇ ਅੰਦਰ ਅਕਾਲੀ ਦਲ ਦੇ 13 ਜ਼ੋਨਾਂ ਵਿੱਚ ਜ਼ਮੀਨ ਪੱਧਰ ’ਤੇ ਪ੍ਰਚਾਰ ਮੁਹਿੰਮ ਚਲਾਉਣਗੇ। ਇਸ ਉਪਰੰਤ ਅਭੈ ਸਿੰਘ ਚੌਟਾਲਾ ਨੇ ਪਿੰਡ ਘੁਮਿਆਰਾ ਵਿੱਚ ਵੱਡੇ ਬਾਦਲ ਨਾਲ ਮੁਲਾਕਾਤ ਕੀਤੀ।