ਯੈਂਗੋਨ, 5 ਅਪਰੈਲ
ਮੁਜ਼ਾਹਰਾਕਾਰੀਆਂ ਨੇ ਅੱਜ ਮਿਆਂਮਾਰ ਦੇ ਵੱਖ-ਵੱਖ ਸ਼ਹਿਰਾਂ ਵਿਚ ਰੋਸ ਮੁਜ਼ਾਹਰੇ ਕਰ ਕੇ ਆਂਗ ਸਾਂ ਸੂ ਕੀ ਦੀ ਸਰਕਾਰ ਨੂੰ ਮੁੜ ਕਾਇਮ ਕਰਨ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਫ਼ੌਜੀ ਰਾਜ ਪਲਟੇ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਲਗਾਤਾਰ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਮੁਜ਼ਾਹਰਾਕਾਰੀਆਂ ਨੇ ਅੱਜ ਫ਼ੌਜੀ ‘ਜੁੰਟਾ’ ਦੇ ਖ਼ਿਲਾਫ਼ ਵਧੇਰੇ ਇਕਜੁੱਟ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਖੇਤਰੀ ਮੁਲਕ ਹੁਣ ਮਿਆਂਮਾਰ ਦੇ ਸੰਕਟ ਉਤੇ ਵਿਚਾਰ-ਚਰਚਾ ਕਰਨ ਦੀ ਤਿਆਰੀ ਕਰ ਰਹੇ ਹਨ। ਵੇਰਵਿਆਂ ਮੁਤਾਬਕ ਹਫ਼ਤੇ ਦੇ ਆਖ਼ਰੀ ਦਿਨਾਂ ਦੌਰਾਨ ਕਰੀਬ ਛੇ ਲੋਕ ਹਿੰਸਾ ਵਿਚ ਮਾਰੇ ਗਏ ਹਨ। ਪੁਲੀਸ ਤੇ ਫ਼ੌਜ ਰੋਸ ਮੁਜ਼ਾਹਰਿਆਂ ਨੂੰ ਜਬਰੀ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਪਹਿਲੀ ਫਰਵਰੀ ਤੋਂ ਲੈ ਕੇ ਹੁਣ ਤੱਕ ਰਾਜ ਪਲਟੇ ਖ਼ਿਲਾਫ਼ ਚੱਲੇ ਸੰਘਰਸ਼ ਵਿਚ 564 ਲੋਕ ਮਾਰੇ ਗਏ ਹਨ। ਇਨ੍ਹਾਂ ਵਿਚ 47 ਬੱਚੇ ਵੀ ਹਨ। ਰੋਸ ਪ੍ਰਗਟਾਉਣ ਵਾਲਿਆਂ ਨੇ ਫ਼ੌਜ ਵੱਲੋਂ ਲਾਈਆਂ ਪਾਬੰਦੀਆਂ ਦੀ ਵੀ ਪ੍ਰਵਾਹ ਨਹੀਂ ਕੀਤੀ ਹੈ। ਸੋਸ਼ਲ ਮੀਡੀਆ ਨੂੰ ਵੀ ਸੰਘਰਸ਼ ਲਈ ਵਰਤਿਆ ਜਾ ਰਿਹਾ ਹੈ। -ਏਪੀ
‘ਆਸੀਆਨ’ ਮੁਲਕਾਂ ਨੇ ਮਿਆਂਮਾਰ ਬਾਰੇ ਬੈਠਕ ਲਈ ਤਿਆਰੀ ਵਿੱਢੀ
‘ਆਸੀਆਨ’ ਮੁਲਕ ਮਿਆਂਮਾਰ ਦੇ ਸੰਕਟ ਉਤੇ ਬੈਠਕ ਕਰਨ ਦੀ ਤਿਆਰੀ ਕਰ ਰਹੇ ਹਨ। ਬਰੂਨੇਈ ਜੋ ਕਿ ‘ਆਸੀਆਨ’ ਮੁਲਕਾਂ ਦਾ ਇਸ ਵੇਲੇ ਕੇਂਦਰ ਹੈ, ਨੇ ਖੇਤਰੀ ਮੁਲਕਾਂ ਦੇ ਆਗੂਆਂ ਨੂੰ ਮਿਆਂਮਾਰ ਦੇ ਘਟਨਾਕ੍ਰਮ ਉਤੇ ਵਿਚਾਰ ਕਰਨ ਲਈ ਬੈਠਕ ਕਰਨ ਦਾ ਸੱਦਾ ਦਿੱਤਾ ਹੈ। ਦਸ ਮੁਲਕਾਂ ਦਾ ਇਹ ਸੰਗਠਨ ਜਕਾਰਤਾ ਵਿਚ ਮਿਲ ਸਕਦਾ ਹੈ। ਮਲੇਸ਼ੀਆ, ਇੰਡੋਨੇਸ਼ੀਆ, ਫ਼ਿਲਪੀਨਜ਼ ਤੇ ਸਿੰਗਾਪੁਰ ਨੇ ਨਾਗਰਿਕਾਂ ਦੀ ਹੱਤਿਆ ਉਤੇ ਚਿੰਤਾ ਪ੍ਰਗਟ ਕੀਤੀ ਹੈ। ਮਿਆਂਮਾਰ ਤੋਂ ਇਲਾਵਾ ਥਾਈਲੈਂਡ, ਲਾਓਸ, ਵੀਅਤਨਾਮ ਤੇ ਕੰਬੋਡੀਆ ਵੀ ਗਰੁੱਪ ਦੇ ਮੈਂਬਰ ਹਨ।