ਬਲਜੀਤ ਸਿੰਘ
ਸਰਦੂਲਗੜ੍ਹ, 25 ਸਤੰਬਰ
ਹਲਕੇ ਦੀਆਂ ਪੇਂਡੂ ਲਿੰਕ ਸੜਕਾਂ ਦਾ ਜਿਥੇ ਪਹਿਲਾਂ ਹੀ ਬਹੁਤ ਬੁਰਾ ਹਾਲ ਸੀ ਉਥੇ ਹੀ ਪਿਛਲੇ ਦਿਨੀਂ ਪਏ ਮੀਂਹ ਕਾਰਨ ਇਨ੍ਹਾਂ ਸੜਕਾਂ ਦੇ ਕਿਨਾਰੇ ਮੀਂਹ ਦੇ ਪਾਣੀ ਨਾਲ ਖੁਰ ਚੁੱਕੇ ਹਨ ਅਤੇ ਬਰਮਾਂ ’ਤੇ ਵੱਡੇ ਖੱਡੇ ਪੈ ਚੁੱਕੇ ਹਨ ਪਰ ਸਬੰਧਿਤ ਮਹਿਕਮਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਝੁਨੀਰ ਤੋਂ ਆਹਲੂਪੁਰ ਤਕ ਜਾਣ ਵਾਲੀ ਪ੍ਰਧਾਨ ਮੰਤਰੀ ਯੋਜਨਾ ਸਕੀਮ ਤਹਿਤ ਬਣੀ ਸੜਕ ਜੋ ਸਿਰਫ਼ 5-6 ਮਹੀਨੇ ਪਹਿਲਾਂ ਹੀ ਬਣੀ ਸੀ ਘਾਰੇ ਪੈਣ ਕਰ ਕੇ ਕਈ ਥਾਂਵਾਂ ਤੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ, ਪਿੰਡ ਚੋਟੀਆਂ ਦੇ ਬਿਲਕੁਲ ਨਜ਼ਦੀਕ ਸੜਕ ਦੇ ਬਿਲਕੁਲ ਵਿਚਕਾਰ ਵੱਡਾ ਟੋਆ ਪੈ ਚੁੱਕਿਆ ਹੈ ਜੋ ਵੱਡੇ ਹਾਦਸੇ ਨੂੰ ਜਨਮ ਦੇ ਸਕਦਾ ਹੈ। ਇਸ ਸੰਬੰਧੀ ਮੰਡੀਕਰਨ ਬੋਰਡ ਦੇ ਐਸਡੀਓ ਜਸਮੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਫੰਡਾਂ ਦੀ ਬਹੁਤ ਵੱਡੀ ਘਾਟ ਹੈ ਅਸੀਂ ਟੁੱਟ ਚੁੱਕੀਆਂ ਸੜਕਾਂ ਜਾਂ ਪਏ ਖੱਡਿਆਂ ਬਾਰੇ ਕੁਝ ਵੀ ਨਹੀਂ ਕਰ ਸਕਦੇ ਇਸ ਸਬੰਧੀ ਤੁਸੀਂ ਬੀਡੀਪੀਓ ਸਰਦੂਲਗੜ੍ਹ ਨਾਲ ਗੱਲ ਕਰੋ ਉਹ ਮਨਰੇਗਾ ਸਕੀਮ ਤਹਿਤ ਮਨਰੇਗਾ ਮਜ਼ਦੂਰ ਲਗਾ ਕੇ ਮਿੱਟੀ ਆਦਿ ਪਾ ਦੇਣਗੇ ਕਹਿ ਕੇ ਆਪਣਾ ਪੱਲਾ ਝਾੜ ਲਿਆ। ਇਸ ਰਾਸਤੇ ਤੋਂ ਗੁਜ਼ਰਨ ਵਾਲੇ ਵਾਹਨ ਚਾਲਕਾਂ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਦੀ ਸਬੰਧਤ ਮਹਿਕਮੇ ਅਤੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਹੈ ਕਿ ਉਹ ਤੁਰੰਤ ਇਸ ਟੁੱਟ ਚੁੱਕੀ ਸੜਕ ਅਤੇ ਪੈ ਚੁੱਕੇ ਖੱਡਿਆਂ ਦੀ ਮੁਰੰਮਤ ਕਰਵਾਈ ਜਾਵੇ ਤਾਂ ਕਿ ਕੋਈ ਅਣਸਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।