ਸਾਂਵਲ ਧਾਮੀ
ਪਿਛਲੇ ਦਿਨੀਂ ਮੇਰੀ ਗੱਲਬਾਤ ਛਿਆਸੀ ਸਾਲਾ ਮਲਕੀਅਤ ਸਿੰਘ ਹੋਰਾਂ ਨਾਲ ਹੋਈ। ਉਨ੍ਹਾਂ ਦੱਸਿਆ, ‘ਮੇਰਾ ਅੱਧਾ ਦਿਮਾਗ਼ ਸੁੰਨ ਰਹਿੰਦਾ! ਡਾਕਟਰਾਂ ਨੇ ਮੈਨੂੰ ਉਦਾਸ ਕਰਨ ਵਾਲੀਆਂ ਖ਼ਬਰਾਂ ਪੜ੍ਹਨ-ਸੁਣਨ ਤੋਂ ਮਨ੍ਹਾ ਕੀਤਾ ਹੋਇਆ। ਮੈਂ ਆਪਣੀ ਜੰਮਣ-ਭੋਇੰ ਨੂੰ ਵੀ ਡਰ-ਡਰ ਕੇ ਯਾਦ ਕਰਦਾਂ। ਪਰ ਕੀ ਕਰੀਏ? ਯਾਦਾਂ ਕੋਈ ਹਵਾ ਦਾ ਬੁੱਲ੍ਹਾ ਥੋੜੋਂ ਹੁੰਦੀਆਂ ਜੋ ਉਹਨੇ ਕਿਤੇ ਬਾਹਰੋਂ ਆਉਣਾ ਹੁੰਦਾ। ਇਹ ਤਾਂ ਸਾਡੇ ਮਨ ਅੰਦਰ ਸੁੱਤੀਆਂ ਹੁੰਦੀਆਂ ਨੇ। ਮੌਕੇ ’ਤੇ ਜਾਗ ਉੱਠਦੀਆਂ ਨੇ। ਸੰਤਾਲੀ ’ਚ ਸਾਨੂੰ ਗੋਰਖਾ ਮਿਲਟਰੀ ਲੈ ਕੇ ਆਈ ਸੀ। ਬੱਲੋਕੀ ਹੈੱਡ ਲੰਘੇ ਤਾਂ ਚੁਫ਼ੇਰੇ ਲਾਸ਼ਾਂ ਹੀ ਲਾਸ਼ਾਂ ਵਿਛੀਆਂ ਪਈਆਂ ਸਨ। ਅਗਾਂਹ ਸਾਡਾ ਕੈਂਪ ਭਾਈ ਫੇਰੂ ’ਚ ਲੱਗਣਾ ਸੀ। ਕਾਫ਼ਲੇ ’ਚ ਮੈਂ ਇਕ ਲੰਮੇ, ਭਾਰੇ ਤੇ ਕਾਲੇ ਰੰਗ ਦੇ ਨੌਜਵਾਨ ਨੂੰ ਵੇਖਿਆ। ਉਹ ਅੰਦਾਜ਼ਨ ਤੀਹ ਕੁ ਵਰ੍ਹਿਆਂ ਦਾ ਹੋਵੇਗਾ। ਉਹਨੇ ਖੋਤੀ ਉੱਤੇ ਆਪਣੀ ਪਤਨੀ ਦੀ ਲਾਸ਼ ਮੂਧੇ-ਮੂੰਹ ਪਾਈ ਹੋਈ ਸੀ ਤੇ ਪੈਰ ਘੜੀਸਦਾ ਉਦਾਸ ਤੁਰਿਆ ਜਾ ਰਿਹਾ ਸੀ!”
ਮਾਸਟਰ ਮਲਕੀਅਤ ਸਿੰਘ ਹੋਰੀਂ ਪਲ ਕੁ ਲਈ ਰੁਕੇ, ਖੰਘੇ ਤੇ ‘ਵਾਖਰੂ’ ਆਖ ਅਗਾਂਹ ਬੋਲੇ,“ਉਹ ਦਰਦਨਾਕ ਮੰਜ਼ਰ ਮੈਨੂੰ ਕਦੇ ਨਾ ਭੁੱਲਿਆ। ਮੰਜ਼ਰ ਤੋਂ ਵੀ ਵੱਧ ਉਹ ਬੋਲ ਜੋ ਖੋਤੀ ਵਾਲੇ ਨੌਜਵਾਨ ਨੇ ਆਖੇ ਸਨ।” ਇਹ ਆਖ ਮਾਸਟਰ ਹੋਰੀਂ ਚੁੱਪ ਹੋ ਗਏ।
ਮਾਲਵੇ ਵੱਲੋਂ ਆ ਕੇ ਚਾਚੇ-ਤਾਏ ਦੇ ਪੁੱਤਰਾਂ ਨੇ ਖਮਾਣੋ ਦੇ ਇਲਾਕੇ ’ਚ ਚਾਰ ਪਿੰਡ ਵਸਾ ਲਏ। ਵੱਡਾ ਸਿੱਧੂਪੁਰ, ਛੋਟਾ ਸਿੱਧੂਪੁਰ, ਛੋਟਾ ਮਾਜਰਾ ਅਤੇ ਵੱਡਾ ਮਾਜਰਾ। ਇਹ ਸਿੱਧੂ ਜੱਟਾਂ ਦੇ ਪਿੰਡ ਨੇ। ਇਨ੍ਹਾਂ ਪਿੰਡਾਂ ’ਚ ਮੋੜ੍ਹੀ ਗੱਡਣ ਕਰਕੇ ਇਨ੍ਹਾਂ ਸਿੱਧੂਆਂ ਦੀ ਅੱਲ ਝਾਂਡੇ ਪੈ ਗਈ ਸੀ। ਇਹ ਅੱਲ ਹੁਣ ਤਕ ਚੱਲ ਰਹੀ ਹੈ। ਪਹਿਲਾਂ ਇਹ ਪਿੰਡ ਅੰਬਾਲਾ ਜ਼ਿਲ੍ਹੇ ਦੀ ਰੋਪੜ ਤਹਿਸੀਲ ’ਚ ਪੈਂਦੇ ਸਨ। ਜਦੋਂ ਹਰਿਆਣਾ ਪ੍ਰਾਂਤ ਬਣਿਆ ਤਾਂ ਅੰਬਾਲੇ ਦੀਆਂ ਪੰਜ ਤਹਿਸੀਲਾਂ ਸਨ। ਤਿੰਨ ਹਰਿਆਣਾ ਨੂੰ ਮਿਲ ਗਈਆਂ ਤੇ ਘੱਗਰ ਤੋਂ ਉਰਾਰ ਵਾਲੀਆਂ ਰੋਪੜ ਅਤੇ ਖਰੜ ਤਹਿਸੀਲਾਂ ਪੰਜਾਬ ਦੇ ਹਿੱਸੇ ਆ ਗਈਆਂ। ਸਿੱਧੂਪੁਰ ਕਲਾਂ ਤੋਂ ਬਾਰ ’ਚ ਗਏ ਬਹੁਤੇ ਟੱਬਰ ਉੱਜੜ ਪਿੰਡ ਪੰਜਕੋਹਾ ’ਚ ਆਣ ਵੱਸੇ ਸਨ। ਹੁਣ ਇਸ ਦਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹੈ। ਸੰਤਾਲੀ ਤੋਂ ਪਹਿਲਾਂ ਅੱਧਾ ਪੰਜਕੋਹਾ ਸਿੱਖਾਂ ਦਾ ਸੀ ਤੇ ਅੱਧਾ ਮੁਸਲਮਾਨ ਅਰਾਈਆਂ ਦਾ।
ਸਿੱਧੂਪੁਰ ਕਲਾਂ ਦੇ ਪਿਛੋਕੜ ਬਾਰੇ ਮਲਕੀਅਤ ਸਿੰਘ ਹੋਰੀਂ ਅਗਾਂਹ ਬੋਲੇ, “ਖੇਤੀ ਅਤੇ ਮਿਹਨਤ-ਮਜ਼ਦੂਰੀ ’ਚ ਸਾਡੇ ਪਿੰਡ ਦਾ ਨਾਂ ਚੰਗਾ ਸੀ। ਸਾਡੇ ਬਜ਼ੁਰਗਾਂ ਨੂੰ ਉੱਨਵੀ ਸਦੀ ਦੇ ਅਖ਼ੀਰ ’ਚ ਮੁਰੱਬੇ ਮਿਲੇ ਸਨ। ਸੀਰੀ, ਲਾਗੀ ਤੇ ਦਸਤਕਾਰ ਸਭ ਇੱਧਰੋਂ ਉਨ੍ਹਾਂ ਦੇ ਨਾਲ ਗਏ ਸੀ। ਓਧਰ ਸਾਡਾ ਜ਼ਿਲ੍ਹਾ ਲਾਇਲਪੁਰ ਸੀ। ਚੱਕ ਦਾ ਨੰਬਰ 123 ਸੀ। ਬਜ਼ੁਰਗਾਂ ਨੇ ਉਹਦਾ ਨਾਂ ਵੀ ਸਿੱਧੂਪੁਰ ਰੱਖ ਲਿਆ ਸੀ। ਲਾਇਲਪੁਰ ਦੀ ਜੇਲ੍ਹ ਸਾਡੇ ਖੇਤਾਂ ਨਾਲ ਲੱਗਦੀ ਸੀ। ਜ਼ਰਾਇਤੀ ਕਾਲਜ ਵੀ ਸਾਡੇ ਕੋਲ ਸੀ।
ਸਾਡੇ ਨੇੜੇ ਪੰਜਵੜ ਤੇ ਪੰਜਗਰਾਈਆਂ ਮੁਸਲਮਾਨ ਜੱਟਾਂ ਦੇ ਪਿੰਡ ਸਨ। ਉਹ ਮਝੈਲ ਸਨ। ਪੰਜਵੜ ਵਾਲੇ ਮੁਸਲਮਾਨ ਢਿੱਲੋਂ ਖਰਾਸਾਂ ’ਤੇ ਬਲਦਾਂ ਦੀਆਂ ਦੌੜਾਂ ਕਰਵਾਉਂਦੇ ਹੁੰਦੇ ਸਨ। ਸਾਡੇ ਲਾਗੇ ਮਾਈ ਦੀ ਝੁੱਗੀ ਸੀ। ਯਮਲਾ ਜੱਟ ਵੀ ਲਾਇਲਪੁਰ ’ਚ ਗਾਉਂਦਾ ਹੁੰਦਾ ਸੀ। ਨੰਦ ਲਾਲ ਨੂਰਪੁਰੀ ਹੋਰਾਂ ਦਾ ਬਾਈ ਚੱਕ ਸੀ। ਚੋਲ ਮਾਜਰਾ ਪਿੰਡ ਵੀ ਸਾਡੇ ਕੋਲ ਸੀ। ਬਹੁਤੇ ਪਿੰਡਾਂ ’ਚ ਇੱਧਰਲੇ ਕਈ-ਕਈ ਪਿੰਡਾਂ ਦੇ ਲੋਕ ਬੈਠੇ ਸਨ।
ਸਾਡੇ ਪਿੰਡ ਇਕ-ਦੋ ਘਰ ਮੁਸਲਮਾਨ ਗੁੱਜਰਾਂ ਦੇ ਵੀ ਸਨ। ਉਨ੍ਹਾਂ ਟਾਂਗਾ ਰੱਖਿਆ ਹੋਇਆ ਸੀ। ਉਹ ਸਵੇਰ ਸ਼ਾਮ ਦੁੱਧ ਲੈ ਕੇ ਸ਼ਹਿਰ ਨੂੰ ਜਾਂਦੇ। ਸਾਡੇ ਵਿਚੋਂ ਇਕ ਬਾਬਾ ਨਰਾਇਣ ਸਿੰਘ ਹੁੰਦਾ ਸੀ। ਉਹ ਨਨਕਾਣਾ ਸਾਹਿਬ ਵਾਲੇ ਮੋਰਚਿਆਂ ’ਤੇ ਵੀ ਜਾਂਦਾ ਰਿਹਾ ਸੀ। ਉਹਨੇ ਸਿੱਧੂਪੁਰ ਦੇ ਮੁਸਲਮਾਨਾਂ ਲਈ ਮਸਜਿਦ ਬਣਵਾਈ ਤੇ ਖੂਹੀ ਵੀ ਲਗਵਾਈ ਸੀ। ਉਹਨੇ ਮੁਸਲਮਾਨਾਂ ਲਈ ਪੱਕੇ ਤਲਾਬ ਵੀ ਬਣਾ ਕੇ ਦਿੱਤੇ ਸਨ। ਕੱਪੜੇ ਧੋਣ ਲਈ ਵੱਖਰਾ ਤੇ ਡੰਗਰਾਂ ਲਈ ਵੱਖਰਾ। ਨਹਿਰ ਦਾ ਪਾਣੀ ਖਾਲ਼ਾਂ ਰਾਹੀਂ ਆਉਂਦਾ ਸੀ। ਸਾਡਾ ਚੱਕ ਸੂਏ ਦੀ ਟੇਲ ’ਤੇ ਸੀ। ਸਾਡੇ ਪਿੰਡ ’ਚੋਂ ਸੱਤ ਖਾਲ ਨਿਕਲਦੇ ਸਨ। ਦੋ-ਤਿੰਨ ਤਾਂ ਚੋਲ ਮਾਜਰਾ ਪਿੰਡ ਨੂੰ ਜਾਂਦੇ ਸਨ। ਇਨ੍ਹਾਂ ਖਾਲਾਂ ਨੂੰ ਟੱਪਣਾ ਔਖਾ ਕੰਮ ਹੁੰਦਾ ਸੀ। ਬਾਬਾ ਨਰਾਇਣ ਸਿੰਘ ਨੇ ਲੋਕਾਂ ਨੂੰ ਆਖਿਆ ਕਿ ਇਨ੍ਹਾਂ ਖਾਲਾਂ ਉੱਤੇ ਪੱਕੀਆਂ ਪੁਲੀਆਂ ਬਣਵਾ ਦਿਓ ਤਾਂ ਜੋ ਸ਼ਹਿਰ ਜਾਣ ਵਾਲੇ ਲੋਕ ਸੌਖੇ ਲੰਘ ਜਾਇਆ ਕਰਨਗੇ। ਕਿਸੇ ਨੇ ਹੁੰਗਾਰਾ ਨਾ ਭਰਿਆ ਤਾਂ ਉਹਨੇ ਪੱਲਿਓਂ ਪੁਲੀਆਂ ਬਣਵਾ ਦਿੱਤੀਆਂ ਸਨ।
ਸਾਡੇ ਪਿੰਡ ਸਕੂਲ ਨਹੀਂ ਸੀ। ਪ੍ਰਾਇਮਰੀ ਮੈਂ ਸਮੁੰਦਰੀ ਤਹਿਸੀਲ ਦੇ ਚੱਕ 385 ’ਚ ਆਪਣੇ ਨਾਨਕਿਆਂ ਕੋਲ ਰਹਿ ਕੇ ਕੀਤੀ। ਚਾਰ ਏਕੜ ’ਚ ਦਰੱਖਤ ਲੱਗੇ ਹੋਏ ਸੀ। ਉਨ੍ਹਾਂ ਥੱਲੇ ਜਮਾਤਾਂ ਲੱਗਦੀਆਂ। ਸਾਡਾ ਮੁਸਲਮਾਨ ਅਧਿਆਪਕ ਤੁਰਲੇ ਵਾਲੀ ਪੱਗ ਬੰਨ੍ਹ ਕੇ ਸਾਈਕਲ ’ਤੇ ਆਉਂਦਾ ਹੁੰਦਾ ਸੀ। ਇਕ ਪੰਡਤ ਜੀ ਹੁੰਦੇ ਸਨ। ਭਾਰੀ ਜਿਹੀ ਦੇਹ ਸੀ ਉਨ੍ਹਾਂ ਦੀ। ਉਹ ਉਸੀ ਚੱਕ ’ਚ ਟੱਬਰ ਸਮੇਤ ਰਹਿੰਦੇ ਸਨ। ਪਿੰਡ ਉਨ੍ਹਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਸੀ। ਸੰਤਾਲੀ ਤੋਂ ਬਾਅਦ ਉਹ ਨੂਰ ਮਹਿਲ ਸੈੱਟ ਹੋ ਗਏ ਸੀ, ਪਰ ਉੱਥੇ ਉਨ੍ਹਾਂ ਦਾ ਦਿਲ ਨਹੀਂ ਸੀ ਲੱਗਦਾ। ਉਹ ਸਾਲ ’ਚ ਇਕ-ਅੱਧਾ ਮਹੀਨਾ ਮੇਰੇ ਨਾਨਕਿਆਂ ਦੇ ਪਿੰਡ ਰਹਿਣ ਲਈ ਆ ਜਾਂਦੇ ਸਨ। ਲੋਕ ਉਨ੍ਹਾਂ ਦਾ ਪਹਿਲਾਂ ਵਾਂਗ ਹੀ ਸਤਿਕਾਰ ਕਰਦੇ ਸਨ।” ਇਹ ਆਖ ਉਹ ਉਦਾਸ ਜਿਹੇ ਮੁਸਕਰਾਏ।
“ਪ੍ਰਾਇਮਰੀ ਪਾਸ ਕਰਕੇ ਮੈਂ ਆਪਣੇ ਚੱਕ ਮੁੜ ਆਇਆ ਸਾਂ। ਪੰਜਵੀਂ ’ਚ ਮੈਂ ਲਾਇਲਪੁਰ ਪੜ੍ਹਨ ਲੱਗ ਪਿਆ ਸੀ। ਮੇਰਾ ਵੱਡਾ ਭਰਾ ਬੀ.ਏ. ’ਚ ਪੜ੍ਹਦਾ ਸੀ।” ਉਨ੍ਹਾਂ ਮਾਣ ’ਚ ਗੱਲ ਮੁਕਾਈ।
“ਸੰਤਾਲੀ ’ਚ ਕੀ ਹੋਇਆ?” ਮੈਂ ਸਵਾਲ ਕੀਤਾ।
“ਗਿਆਨੀ ਕਰਤਾਰ ਸਿੰਘ ਤੇ ਜਨਰਲ ਮੋਹਨ ਸਿੰਘ ਸਾਡੇ ਪਿੰਡ ਆਏ। ਉਨ੍ਹਾਂ ਸਾਡੇ ਬਜ਼ੁਰਗਾਂ ਨੂੰ ਸਮਝਾਇਆ ਕਿ ਹੁਣ ਪਿੰਡ ਛੱਡ ਦਿਓ। ਉਨ੍ਹਾਂ ਪੰਜ-ਪੰਜ ਪਿੰਡ ਇਕੱਠੇ ਕਰ ਦਿੱਤੇ। ਅਸੀਂ ਚੋਲ ਮਾਜਰੇ ਚਲੇ ਗਏ। ਰਾਜਾ ਅਕਬਰ ਅਲੀ ਹਰ ਸਵੇਰ ਆਪਣੇ ਚੱਕ ਵਾਲਿਆਂ ਨੂੰ ਮਿਲਣ ਆਉਂਦਾ। ਹਰ ਟੱਬਰ ਨੂੰ ਪੁੱਛਦਾ- ਦੱਸੋ ਕਿਸ ਸ਼ੈਅ ਦੀ ਲੋੜ ਏ? ਉਹ ਲਿਸਟ ਬਣਾ ਕੇ ਲੈ ਜਾਂਦਾ ਤੇ ਸ਼ਾਮ ਨੂੰ ਲੋੜੀਂਦੀਆਂ ਸ਼ੈਆਂ ਕੈਂਪ ’ਚ ਪਹੁੰਚਾ ਦਿੰਦਾ। ਉਹਨੂੰ ਅਸੀਂ ਕਿਵੇਂ ਭੁੱਲ ਸਕਦੇ ਆਂ!
ਸਰਗੋਧੇ ਵੱਲੋਂ ਕੁਝ ਲੋਕ ਬਿਨਾਂ ਮਿਲਟਰੀ ਦੇ ਆਪਣੇ ਆਪ ਤੁਰ ਪਏ ਸੀ। ਉਨ੍ਹਾਂ ਸਾਡੇ ਪਿੰਡ ਤੋਂ ਥੋੜ੍ਹੀ ਦੂਰ ਡੇਰਾ ਲਗਾ ਲਿਆ ਸੀ। ਇਕ ਰਾਤ ਉਨ੍ਹਾਂ ’ਤੇ ਬਹੁਤ ਵੱਡਾ ਹਮਲਾ ਹੋਇਆ। ਉਨ੍ਹਾਂ ’ਚੋਂ ਬਹੁਤੇ ਲੋਕ ਮਾਰੇ ਗਏ। ਸਾਡਾ ਬਚਾਅ ਇਸ ਕਰਕੇ ਰਿਹਾ ਕਿਉਂਕਿ ਸਾਡੇ ਵਾਸਤੇ ਮਿਲਟਰੀ ਦਾ ਪ੍ਰਬੰਧ ਹੋ ਗਿਆ ਸੀ।
ਸਾਡਾ ਬਾਪ ਉੱਨੀ ਸੌ ਇਕਤਾਲੀ ’ਚ ਸਿਕੰਦਰਾਬਾਦ ਚਲਾ ਗਿਆ ਸੀ। ਉੱਥੇ ਉਹ ਐੱਮ.ਈ.ਐੱਸ. ’ਚ ਭਰਤੀ ਹੋ ਗਿਆ ਸੀ। ਦੂਜੀ ਵਿਸ਼ਵ ਜੰਗ ਵੇਲੇ ਬੰਗਲੌਰ ’ਚ ਜ਼ਖ਼ਮੀਆਂ ਦਾ ਇਲਾਜ ਚੱਲਦਾ ਸੀ। ਸੰਨ ਚੁਤਾਲੀ ਤੋਂ ਉਹ ਬੰਗਲੌਰ ’ਚ ਰਹਿ ਰਿਹਾ ਸੀ। ਸੰਤਾਲੀ ’ਚ ਉਹ ਆਪਣੇ ਟੱਬਰ ਦਾ ਪਤਾ ਕਰਨ ਪੰਜਾਬ ਆਇਆ। ਉਦੋਂ ਤਕ ਅਸੀਂ ਮੋਰਿੰਡਾ ’ਚ ਕਿਸੇ ਮੁਸਲਮਾਨਾਂ ਦਾ ਖਾਲੀ ਪਿਆ ਮਕਾਨ ਮੱਲ ਲਿਆ ਸੀ। ਬਾਪ ਸਾਨੂੰ ਬੰਗਲੌਰ ਲੈ ਗਿਆ। ਨੌਵੀਂ ਮੈਂ ਬੰਗਲੌਰ ਤੋਂ ਪਾਸ ਕੀਤੀ। ਪੰਜਾਹ-ਇਕਵੰਜਾ ’ਚ ਦਸਵੀਂ ਚਮਕੌਰ ਸਾਹਿਬ ਤੋਂ ਕੀਤੀ। ਫਿਰ ਮੈਂ ਫ਼ਰੀਦਕੋਟ ਤੋਂ ਬੀ.ਟੀ. ਕਰ ਲਈ। ਅਧਿਆਪਕ ਲੱਗ ਗਿਆ। ਕੋਈ ਬੱਤੀ ਵਰ੍ਹੇ ਪੜ੍ਹਾ ਕੇ ਰਿਟਾਇਰ ਹੋ ਗਿਆ। ਬਸ ਇਹੋ ਆ ਮੇਰੀ ਕਹਾਣੀ!” ਮਾਸਟਰ ਹੋਰੀਂ ਫਿੱਕਾ ਜਿਹਾ ਹੱਸ ਕੇ ਚੁੱਪ ਹੋ ਗਏ।
“ਖੋਤੀ ਵਾਲੇ ਉਸ ਬੰਦੇ ਨੇ ਅਜਿਹਾ ਕੀ ਆਖਿਆ ਸੀ ਜੋ ਤੁਹਾਨੂੰ ਪੌਣੀ ਸਦੀ ਬਾਅਦ ਵੀ ਨਹੀਂ ਭੁੱਲਿਆ?” ਗੱਲਬਾਤ ਦੇ ਅੰਤ ’ਚ ਮੈਂ ਇਹ ਸਵਾਲ ਕੀਤਾ।
“ਉਹ ਇਕੱਲਾ ਸੀ। ਬੜਾ ਲੰਮਾ। ਬੜਾ ਭਰਵਾਂ। ਉਹ ਮੋਨਾ ਸੀ। ਖਸਤਾ ਹਾਲ ਕੱਪੜੇ। ਮਸਾਂ ਨੰਗ ਹੀ ਢਕਿਆ ਸੀ ਵਿਚਾਰੇ ਨੇ! ਉਹਦੀ ਦਿੱਖ ਤੋਂ ਲੱਗਦਾ ਕਿ ਜਿਵੇਂ ਉਹ ਗੰਧੀਲੇ ਸਿਊਣ ਦਾ ਕੰਮ ਕਰਦਾ ਰਿਹਾ ਹੋਵੇ। ਸਾਡੇ ਕਾਫ਼ਲੇ ਨੇ ਬੱਲੋਕੀ ਹੈੱਡ ਟੱਪ ਲਿਆ ਸੀ। ਉਦੋਂ ਅਸੀਂ ਭਾਈ ਫੇਰੂ ਵੱਲ ਤੁਰੀ ਜਾ ਰਹੇ ਸੀ ਜਦੋਂ ਮੈਂ ਉਹਨੂੰ ਪਹਿਲੀ ਵਾਰ ਵੇਖਿਆ। ਪਤਨੀ ਦੀ ਲਾਸ਼ ਉਹਨੇ ਖੋਤੀ ’ਤੇ ਮੂਧੀ ਪਾਈ ਹੋਈ ਸੀ। ਉਸ ਵਿਚਾਰੀ ਦੀਆਂ ਬਾਹਵਾਂ ਤੇ ਲੱਤਾਂ ਲਮਕ ਰਹੀਆਂ ਸਨ। ਕਿਸੇ ਬੰਦੇ ਨੇ ਉਹਨੂੰ ਪੁੱਛਿਆ- ਬਿਮਾਰ ਏ ਕਿ…? ਉਹਨੇ ਪੁੱਛਣ ਵਾਲੇ ਵੱਲ ਕੈੜਾ ਜਿਹਾ ਝਾਕਦਿਆਂ ਜਵਾਬ ਦਿੱਤਾ- ਤੁਰ ਗਈ ਏ! ਕੋਲੋਂ ਲੰਘਦੇ ਕਿਸੇ ਹੋਰ ਨੇ ਆਖਿਆ- ਜੇ ਮਰ ਗਈ ਏ ਤਾਂ ਫਿਰ ਇਹਦੀ ਮਿੱਟੀ ਕਿਉਂ ਚੁੱਕੀ ਫਿਰਦਾ? ਖੋਤੀ ਵਾਲਾ ਬੰਦਾ ਕੁਝ ਨਾ ਬੋਲਿਆ। ਕੋਈ ਹੋਰ ਉਹਦੇ ਬਰਾਬਰ ਹੁੰਦਿਆਂ ਉਹਨੂੰ ਸਲਾਹ ਦੇਣ ਲੱਗਾ- ਇਉਂ ਕਰ ਇਹਨੂੰ ਆਹ ਖਤਾਨਾਂ ’ਚ ਰੱਖ ਕੇ ਇਹਦੇ ਉੱਤੇ ਮਿੱਟੀ ਪਾ ਦੇ। ਉਹਨੇ ਇਸ ਵਾਰ ਵੀ ਕੋਈ ਹੁੰਗਾਰਾ ਨਾ ਭਰਿਆ। ਮੋਈ ਪਤਨੀ ਦੀ ਪਿੱਠ ’ਤੇ ਹੱਥ ਰੱਖੀਂ ਉਵੇਂ ਖਾਮੋਸ਼ ਤੁਰੀ ਗਿਆ। ਉਦਾਸ। ਪੈਰ ਘੜੀਸਦਾ।
ਥੋੜ੍ਹਾ ਅਗਾਂਹ ਜਾ ਕੇ ਕਿਸੇ ਬਜ਼ੁਰਗ ਨੇ ਉਹਨੂੰ ਅਪਣੱਤ ਨਾਲ ਆਖਿਆ-ਰੱਬ ਦਿਆ ਬੰਦਿਆ, ਤੇਰੇ ਇਕੱਲੇ ਨਾਲ ਤਾਂ ਇਹ ਸਭ ਕੁਝ ਨਹੀਂ ਵਾਪਰਿਆ। ਦੇਖ ਤਾਂ ਸਹੀ ਚੁਫ਼ੇਰੇ ਲਾਸ਼ਾਂ ਵਿਛੀਆਂ ਪਈਆਂ ਨੇ। ਹਾਲਾਤ ਅਜਿਹੇ ਬਣੇ ਕਿ ਕਈ ਇੱਥੇ ਜਿਉਂਦਿਆਂ ਨੂੰ ਛੱਡ ਕੇ ਦੌੜ ਆਏ ਨੇ। ਇਕ ਤੂੰ ਏਂ ਜੋ ਮੋਈ ਮਿੱਟੀ ਨੂੰ ਵੀ ਨਾਲ ਚੁੱਕੀ ਫਿਰਦਾਂ ਏਂ! ਕੁਝ ਹੋਸ਼ ਕਰ, ਜਵਾਨਾਂ! ਬਰਸਾਤ ਦੀ ਰੁੱਤ ਏ। ਗਰਮੀ ਕਰਕੇ ਇਹਦੀ ਲਾਸ਼ ਨੇ ਛੇਤੀਂ ਖ਼ਰਾਬ ਹੋ ਜਾਣਾ! ਤੂੰ ਇਹਦੀ ਮਿੱਟੀ ਖ਼ਰਾਬ ਨਾ ਕਰ। ਇਹਨੂੰ ਕਿਸੇ ਦਰੱਖਤ ਥੱਲੇ ਰੱਖ ਕੇ ਮੱਥਾ ਟੇਕ ਦੇ! ਬਜ਼ੁਰਗ ਦੀ ਗੱਲ ਸੁਣਕੇ ਉਹ ਪੁੱਛਣ ਲੱਗਾ- ਹੱਦ ਕਿੰਨੀ ਕੁ ਦੂਰ ਏ?
ਬਜ਼ੁਰਗ ਛਿਣ ਕੁ ਲਈ ਸੋਚ ਕੇ ਬੋਲਿਆ- ਉਹ ਤਾਂ ਹਾਲੇ ਦੂਰ ਹੋਣੀ ਏ। ਸ਼ਾਇਦ ਕੱਲ੍ਹ ਸ਼ਾਮ ਤਕ ਪੁੱਜਾਂਗੇ। ਸਾਰੇ ਨਾਲ ਹੀ ਨੇ। ਤੂੰ ਕਿਉਂ ਪੁੱਛਣ ਡਿਹਾ?
ਬਜ਼ੁਰਗ ਦੀ ਗੱਲ ਸੁਣ ਕੇ ਉਹ ਫਿੱਕਾ ਜਿਹਾ ਹੱਸ ਕੇ ਬੋਲਿਆ- ਆਪਣਾ ਹੁਣ ਕੋਈ ਫ਼ਿਕਰ ਨਹੀਂ ਬਾਬਾ। ਮੈਂ ਤਾਂ ਇਸ ਕਰਕੇ ਪੁੱਛਣ ਡਿਹਾ ਕਿ ਮੈਂ ਇਸ ਨਿਕਰਮੀ ਦਾ ਸਸਕਾਰ ਆਪਣੇ ਦੇਸ਼ ਜਾ ਕੇ ਕਰਨਾ ਏ। ਇਹ ਆਖਦਿਆਂ ਖੋਤੀ ਵਾਲੇ ਨੇ ਧਾਹ ਮਾਰੀ।” ਗੱਲ ਮੁਕਾਉਂਦਿਆਂ ਮਾਸਟਰ ਮਲਕੀਅਤ ਸਿੰਘ ਹੋਰਾਂ ਦਾ ਗੱਚ ਭਰ ਆਇਆ।
ਸੰਪਰਕ: 97818-43444