ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਜਨਵਰੀ
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਮੁੱਖ ਮੰਤਰੀ ਦਾ ਚਿਹਰਾ ਚੁਣਨ ਲਈ ਜਾਰੀ ਕੀਤੇ ਗਏ ਨੰਬਰ ’ਤੇ 72 ਘੰਟਿਆਂ ਵਿੱਚ 15 ਲੱਖ ਤੋਂ ਵੱਧ ਲੋਕਾਂ ਨੇ ਆਪਣੀ ਰਾਏ ਦਿੱਤੀ ਹੈ। ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ 72 ਘੰਟਿਆਂ ’ਚ ਸਾਢੇ 5 ਲੱਖ ਤੋਂ ਵੱਧ ਲੋਕਾਂ ਨੇ ਵਟਸਐਪ, 7 ਲੱਖ ਦੇ ਲਗਪਗ ਲੋਕਾਂ ਨੇ ਕਾਲ, ਡੇਢ ਲੱਖ ਲੋਕਾਂ ਨੇ ਵਾਇਸ ਮੈਸੇਜ ਅਤੇ ਡੇਢ ਲੱਖ ਲੋਕਾਂ ਨੇ ਟੈਕਸਟ ਮੈਸੇਜ ਰਾਹੀਂ ਆਪਣੀ ਰਾਏ ਦਿੱਤੀ ਹੈ। ਸ੍ਰੀ ਚੀਮਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਵੱਲੋਂ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਬਣਾਉਣ ਲਈ ਲੱਖਾਂ ਦੀ ਗਿਣਤੀ ’ਚ ਮਿਲ ਰਿਹਾ ਹੁੰਗਾਰਾ ਸਾਬਤ ਕਰਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਇਸ ਵਾਰ ‘ਆਪ’ ਨੂੰ ਮੌਕਾ ਦੇਣ ਦਾ ਪੂਰਾ ਮਨ ਬਣਾ ਲਿਆ ਹੈ। ਇਸ ਵਾਰ ‘ਆਪ’ ਬਹੁਮਤ ਨਾਲ ਸਰਕਾਰ ਬਣਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ।