ਨਵੀਂ ਦਿੱਲੀ, 31 ਮਈ
ਭਾਰਤੀ ਮਹਿਲਾ ਨਿਸ਼ਾਨੇਬਾਜ਼ਾਂ ਦੀ ਤਿੱਕੜੀ ਐਲਾਵੈਨਿਲ ਵਲਾਰੀਵਨ, ਰਮਿਤਾ ਤੇ ਸ਼੍ਰੇਆ ਅਗਰਵਾਲ ਨੇ ਅਜ਼ਰਬਾਇਜਾਨ ਦੇ ਬਾਕੂ ਵਿੱਚ ਚੱਲ ਰਹੇ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ 10 ਮੀਟਰ ਏਅਰ ਰਾਈਫ਼ਲ ਟੀਮ ਮੁਕਾਬਲੇ ’ਚ ਦੇਸ਼ ਲਈ ਸੋਨ ਤਗ਼ਮਾ ਜਿੱਤਿਆ ਹੈ। ਭਾਰਤੀ ਤਿੱਕੜੀ ਨੇ ਡੈਨਮਾਰਕ ਦੀ ਐਨਾ ਨੀਲਸਨ, ਐਮਾ ਕੋਚ ਤੇ ਰਿਕੀ ਮੇਂਗ ਇਬਸਨ ਦੀ ਟੀਮ ਨੂੰ ਫਾਈਨਲ ਵਿੱਚ 17-5 ਦੇ ਵੱਡੇ ਫ਼ਰਕ ਨਾਲ ਹਰਾਇਆ। ਕਾਂਸੀ ਦਾ ਤਗ਼ਮਾ ਪੋਲੈਂਡ ਦੇ ਹਿੱਸੇ ਆਇਆ। ਵਿਸ਼ਵ ਦੀ ਸਾਬਕਾ ਨੰਬਰ ਇਕ ਐਲਾਵੈਨਿਲ, ਰਮਿਤਾ ਤੇ ਸ਼੍ਰੇਆ ਸੋਮਵਾਰ ਨੂੰ ਕੁਆਲੀਫਾਈਂਗ ਗੇੜ ਦੇ ਦੋ ਰਾਊਂਡਜ਼ ਮਗਰੋਂ ਫਾਈਨਲ ਵਿੱਚ ਪੁੱਜੀਆਂ ਸਨ। ਭਾਰਤੀ ਤਿੱਕੜੀ ਕੁਆਲੀਫਾਈਂਗ ਗੇੜ ਵਿੱਚ 90 ਸ਼ਾਟਸ ਵਿੱਚ 944.4 ਦੇ ਸਾਂਝੇ ਯਤਨ ਨਾਲ ਸਿਖਰ ’ਤੇ ਰਹੀਆਂ। ਹਾਲਾਂਕਿ ਦੂਜੇ ਗੇੜ ਵਿੱਚ ਉਹ ਡੈਨਮਾਰਕ ਤੋਂ ਪਿੱਛੇ ਰਹਿ ਗਈਆਂ। ਉਧਰ ਪੁਰਸ਼ਾਂ ਦੇ ਏਅਰ ਰਾਈਫ਼ਲ ਟੀਮ ਮੁਕਾਬਲੇ ਵਿੱਚ ਭਾਰਤ ਦੇ ਰੁਦਰਾਕਸ਼ ਪਾਟਿਲ, ਪਾਰਥ ਮਖੀਜਾ ਤੇ ਧਨੁਸ਼ ਸ੍ਰੀਕਾਂਤ ਕ੍ਰੋਏਸ਼ੀਆ ਖਿਲਾਫ਼ ਕਾਂਸੀ ਦੇ ਤਗ਼ਮੇ ਲਈ ਮੈਚ ਵਿੱਚ 10-16 ਨਾਲ ਮਾਤ ਖਾ ਗਏ। 12 ਮੈਂਬਰੀ ਭਾਰਤੀ ਰਾਈਫ਼ਲ ਸਕੁੁਐਡ ਤਗ਼ਮਾ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਹੈ। -ਪੀਟੀਆਈ