ਕਿਸਾਨ ਅੰਦੋਲਨ ਅਤੇ ਮਜ਼ਦੂਰਾਂ ਦੇ ਹੱਕ
5 ਅਪਰੈਲ ਨੂੰ ਪਰਵਾਜ਼ ਪੰਨੇ ਉੱਤੇ ਐਸਪੀ ਸਿੰਘ ਦੀ ਲਿਖਤ ‘ਏਕਤਾ ਵੀ ਹੈ, ਗੋਡਾ ਵੀ ਹੈ, ਅੰਦੋਲਨ ਵੀ’ ਜਾਣਕਾਰੀ ਭਰਪੂਰ ਸੀ। ਲੇਖਕ ਦੀ ਇੱਛਾ ਹੈ ਕਿ ਕਿਸਾਨ ਮਜ਼ਦੂਰ ਏਕਤਾ ਹੇਠ ਲੜੇ ਜਾ ਰਹੇ ਕਿਸਾਨ ਅੰਦੋਲਨ ਵਿਚੋਂ ਮਜ਼ਦੂਰਾਂ ਦੇ ਹੱਕਾਂ ਲਈ ਵੀ ਆਵਾਜ਼ ਬੁਲੰਦ ਹੋਵੇ। ਕਿਸਾਨ ਸਰਕਾਰ ਤੋਂ ਹੱਕ ਮੰਗ ਰਹੇ ਹਨ ਪਰ ਬਹੁਤ ਸਾਰੇ ਪਿੰਡਾਂ ਦੇ ਮਜ਼ਦੂਰਾਂ ਦੇ ਮਸਲੇ ਕਿਸਾਨ ਵੀ ਹੱਲ ਕਰ ਸਕਦੇ ਹਨ। ਸਮਾਜਿਕ ਨਿਆਂ ਦਾ ਮੁਢਲਾ ਅਸੂਲ, ਕਿ ਕੋਈ ਕਿਸੇ ਦਾ ਹੱਕ ਨਾ ਮਾਰੇ, ਅਪਣਾ ਕੇ ਪੰਜਾਬ ਦੇ ਪਿੰਡਾਂ ਵਿਚ ਦਲਿਤਾਂ ਲਈ ਬਣਦਾ ਜ਼ਮੀਨ ਦਾ ਹੱਕ ਦਿੱਤਾ ਜਾਣਾ ਚਾਹੀਦਾ ਹੈ। ਲੇਖਕ ਦਾ ਇਹ ਸੁਝਾਅ ਮੁੱਲਵਾਨ ਹੈ ਕਿ ਵਿਸਾਖੀ ’ਤੇ ਕਿਸਾਨ ਮੋਰਚਾ ਇਹ ਐਲਾਨ ਕਰੇ ਕਿ ਮੋਰਚਾ ਦਲਿਤਾਂ ਨੂੰ ਪੰਚਾਇਤੀ ਜ਼ਮੀਨ ਵਿਚੋਂ ਤੀਸਰੇ ਹਿੱਸੇ ਦੀ ਜ਼ਮੀਨ ਠੇਕੇ ’ਤੇ ਵਾਹੁਣ ਦੇ ਹੱਕ ਵਿਚ ਖੜ੍ਹਾ ਹੋਵੇਗਾ। ਇਉਂ ਕਿਸਾਨ ਮਜ਼ਦੂਰ ਏਕਤਾ ਦਾ ਝੰਡਾ ਸਹੀ ਅਰਥਾਂ ਵਿਚ ਬੁਲੰਦ ਹੋਵੇਗਾ। ਸਮਾਜਿਕ ਨਿਆਂ ਦੀ ਲੜਾਈ ਵਿਚ ਇਹ ਕਿਸਾਨ ਅੰਦੋਲਨ ਦਾ ਹਾਸਿਲ ਹੋਵੇਗਾ।
ਹਜ਼ਾਰਾ ਸਿੰਘ, ਮਿਸੀਸਾਗਾ (ਕੈਨੇਡਾ)
ਜ਼ਿੰਦਗੀ ਅਤੇ ਜ਼ਿੰਮੇਵਾਰੀ
3 ਅਪਰੈਲ ਨੂੰ ਬਸੰਤ ਸਿੰਘ ਬਰਾੜ ਦਾ ਮਿਡਲ ‘ਬਟੂਏ ਦੀ ਸ਼ਰਾਰਤ’ ਪੜ੍ਹਿਆ। ਜ਼ਿੰਦਗੀ ਆਪਣੇ ਆਪ ਵਿਚ ਜ਼ਿੰਮੇਵਾਰੀ ਦਾ ਅਹਿਸਾਸ ਹੈ। ਮਨੁੱਖੀ ਸੁਭਾਅ ਹੈ ਕਿ ਆਦਮਜਾਤ ਆਪਣੇ ਤਜਰਬੇ ਤੋਂ ਸਿੱਖਦੀ ਹੈ, ਜਾਂ ਫਿਰ ਗੁਜ਼ਰੇ ਜ਼ਮਾਨੇ ਤੋਂ; ਇਸ ਲਈ ਆਪਣੇ ਕੰਮ ਆਪ ਕਰੋ ਤੇ ਕਿਸੇ ’ਤੇ ਨਿਰਭਰ ਨਾ ਹੋਵੋ। ਕਿਸੇ ਉੱਪਰ ਉਂਗਲ ਚੁੱਕਣ ਤੋਂ ਪਹਿਲਾਂ ਸਵੈ ਸਰਵੇਖਣ ਕਰੋ।
ਤਰਨਜੀਤ ਸਿੰਘ, ਕਪੂਰਥਲਾ
ਸਿਆਸਤ ਦਾ ਦਿਵਾਲਾ
2 ਅਪਰੈਲ ਨੂੰ ਡਾ. ਸ਼ਾਮ ਸੁੰਦਰ ਦੀਪਤੀ ਦਾ ਲੇਖ ‘ਕਰੋਨਾ ਵੈਕਸੀਨ: ਪਹਿਲਾਂ ਕਾਹਲ, ਹੁਣ ਝਿਜਕ’ ਪੜ੍ਹਿਆ। ਇਹ ਲੇਖ ਅੱਜ ਦੇ ਹਾਲਾਤ ਨੂੰ ਪੂਰਨ ਰੂਪ ਵਿਚ ਬਿਆਨ ਕਰ ਰਿਹਾ ਹੈ। ਵੈਕਸੀਨੇਸ਼ਨ ਦੀ ਅਗਵਾਈ ਡਾਕਟਰੀ ਕਿੱਤਾ ਮਾਹਿਰ ਦੀ ਬਜਾਏ ਸਿਆਸੀ ਨੇਤਾ ਕਰ ਰਹੇ ਹਨ। ਲੌਕਡਾਊਨ, ਤਾਲੀਆ, ਥਾਲੀਆਂ, ਮੋਮਬੱਤੀਆਂ ਜਗਾਉਣ ਦੇ ਢਕਵੰਜਾਂ ਨੇ ਕਰੋਨਾ ਵਿਰੁੱਧ ਲੜਾਈ ਨੂੰ ਮਜ਼ਾਕ ਵਿਚ ਬਦਲ ਦਿੱਤਾ ਹੈ। ਬਿਮਾਰੀ ਵਿਰੁੱਧ ਲੜਾਈ ਵੀ ਸਿਆਸਤ ਬਣਾ ਦਿੱਤੀ ਗਈ ਹੈ। 21ਵੀਂ ਸਦੀ ਦੀ ਸਿਆਸਤ ਬੁਲੰਦੀਆਂ ਵੱਲ ਨਹੀਂ, ਨਿਘਾਰ ਵੱਲ ਜਾ ਰਹੀ ਹੈ। 26 ਮਾਰਚ ਵਾਲਾ ਸੰਪਾਦਕੀ ‘ਸਹਿਕਾਰੀ ਸੰਘਵਾਦ ’ਤੇ ਸਵਾਲ’ ਸਮੇਂ ਦੀ ਲੋੜ ਅਨੁਸਾਰ ਹੈ। ਅਰਵਿੰਦ ਕੇਜਰੀਵਾਲ ਨੂੰ ਨੱਥ ਪਾਉਣ ਲਈ ਭਾਜਪਾ ਸਰਕਾਰ ਨੇ ਦਿੱਲੀ ਸਬੰਧੀ ਸੋਧ ਬਿਲ 2021 ਪਾਸ ਕਰਾ ਕੇ ਆਪਣੀ ਸੱਤਾ-ਹਵਸ ਜੱਗ ਜ਼ਾਹਿਰ ਕੀਤੀ ਹੈ। ਹੁਣ ਭਾਜਪਾ ਦੀ ਅੱਖ ਵਿਚ ਖੇਤਰੀ ਪਾਰਟੀਆਂ ਉਵੇਂ ਹੀ ਰੜਕ ਰਹੀਆਂ ਹਨ, ਜਿਵੇਂ ਇਹ ਇੰਦਰਾ ਗਾਂਧੀ ਦੇ ਜ਼ਮਾਨੇ ਵਿਚ ਕਾਂਗਰਸ ਨੂੰ ਰੜਕਦੀਆਂ ਸਨ।…ਤੇ ਕਾਂਗਰਸ ਹੁਣ ਇਲਾਕਾਈ ਪਾਰਟੀ ਵਰਗੀ ਹੀ ਬਣ ਰਹੀ ਹੈ। ਇਸ ਲਈ ਭਾਜਪਾ ਨੂੰ ਗੁਮਾਨ ਨਹੀਂ ਕਰਨਾ ਚਾਹੀਦਾ। ਉਂਜ ਵੀ ਮਨਮਰਜ਼ੀਆਂ ਦੀ ਸੀਮਾ ਹੁੰਦੀ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਕਿਸਾਨ ਅੰਦੋਲਨ ਵਿਚ ਯੋਗਦਾਨ
29 ਮਾਰਚ ਦੇ ਨਜ਼ਰੀਆ ਪੰਨੇ ’ਤੇ ਡਾ. ਵਿਸ਼ਾਲ ਕੁਮਾਰ ਦੇ ਲੇਖ ‘ਕਿਸਾਨ ਅੰਦੋਲਨ ਅਤੇ ਪੰਜਾਬੀਅਤ’ ਵਿਚ ਪੰਜਾਬੀ ਸਮਾਜ ਦੇ ਵੱਖ ਵੱਖ ਵਰਗਾਂ ਜਿਵੇਂ ਲੇਖਕ, ਰੰਗ ਕਰਮੀ, ਬੁੱਧੀਜੀਵੀ, ਗਾਇਕ, ਗੀਤਕਾਰ ਆਦਿ ਦਾ ਕਿਸਾਨ ਸੰਘਰਸ਼ ਨਾਲ ਜੁੜਨ ਅਤੇ ਆਪੋ-ਆਪਣਾ ਯੋਗਦਾਨ ਪਾਉਣ ਬਾਰੇ ਚਰਚਾ ਹੈ। ਇਸ ਅੰਦੋਲਨ ਲਈ ਕਈ ਕੀਰਤਨੀ ਜਥਿਆਂ ਨੇ ਵੀ ਹਿੱਸਾ ਪਾਇਆ ਹੈ। ‘ਕਿਰਸਾਣੀ ਕਿਰਸਾਣ ਕਰੇ’, ‘ਹਰਿ ਆਪ ਕਿਰਸਾਣੀ ਲਾਇਆ’ ਆਦਿ ਸ਼ਬਦਾਂ ਦੇ ਰਿਕਾਰਡ ਕੀਰਤਨੀ ਜਥਿਆਂ ਦੁਆਰਾ ਕੀਤੇ ਗਏ ਹਨ। ਸਮਾਜ ਦਾ ਹਰ ਵਰਗ ਇਸ ਅੰਦੋਲਨ ਨਾਲ ਜੁੜ ਕੇ ਮਾਣ ਮਹਿਸੂਸ ਕਰ ਰਿਹਾ ਹੈ। ਕਿਸਾਨ ਅੰਦੋਲਨ ਦੇ ਜਨ ਅੰਦੋਲਨ ਬਣਨ ਦਾ ਇਹ ਪੁਖ਼ਤਾ ਸਬੂਤ ਹੈ।
ਸ ਸ ਗਿੱਲ, ਬਰਨਾਲਾ
ਨਵਾਂ ਨਰੋਆ ਪੰਜਾਬ ਹੈ ਕਿੱਥੇ?
ਪਿਛਲੇ ਕਈ ਦਿਨਾਂ ਤੋਂ ਸਭ ਅਖ਼ਬਾਰਾਂ ਅੰਦਰ ਪੰਜਾਬ ਸਰਕਾਰ ਵੱਲੋਂ ਪੂਰੇ ਸਫ਼ੇ ਦਾ ਇਸ਼ਤਿਹਾਰ ‘ਨਵਾਂ ਨਰੋਆ ਪੰਜਾਬ’ ਦੇਖਣ ਨੂੰ ਮਿਲ ਰਿਹਾ ਹੈ ਪਰ ਇਹ ਕੇਵਲ ਕਾਗਜ਼ਾਂ ਅੰਦਰ ਹੀ ਹੈ। ਪੰਜਾਬ ਦੀ ਕੀ ਹਾਲਤ ਹੈ, ਉਹ ਧਰਾਤਲ ’ਤੇ ਜਾ ਕੇ ਹੀ ਦੇਖਣ ਨੂੰ ਮਿਲ ਸਕਦੀ ਹੈ। ਹਰ ਖੇਤਰ ਵਿਚ ਹੀ ਮਾੜਾ ਹਾਲ ਹੈ। ਮਿਸਾਲ ਲਈ ਸਾਡੇ ਰੂਪਨਗਰ ਦੀਆਂ ਸੜਕਾਂ ਦੀ ਹਾਲਤ ਹੀ ਦੇਖ ਲਵੋ। ਬੇਲਾ ਚੌਕ ਤੋਂ ਕਸਬਾ ਬੇਲਾ ਵੱਲ ਜਾਂਦੀ ਸੜਕ ਕੇਵਲ ਨਾਮ ਦੀ ਸੜਕ ਹੈ। ਟੋਇਆਂ ਦਾ ਕੋਈ ਅੰਤ ਨਹੀਂ। 19 ਮਾਰਚ ਵਾਲੇ ਇਸ਼ਤਿਹਾਰ ਅੰਦਰ ਇਹ ਛਪਿਆ ਹੈ ਕਿ ਔਰਤਾਂ ਨੂੰ ਖਾਹਿਸ਼ਾਂ ਦੀ ਪੂਰਤੀ ਲਈ ਸਮਰੱਥ ਬਣਾ ਰਹੇ ਹਾਂ ਜਦੋਂਕਿ ਲੰਮੇ ਸਮੇਂ ਤੋਂ ਆਂਗਨਵਾੜੀ ਬੀਬੀਆਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਹਨ। ਪੁਲੀਸ ਦੀ ਸਭ ਤੋਂ ਵੱਧ ਮਾਰ ਸ਼ਾਇਦ ਇਨ੍ਹਾਂ ਦੇ ਹਿੱਸੇ ਹੀ ਆਈ ਹੋਵੇ। ਉਹ ਆਪਣੇ ਗੁਜ਼ਾਰੇ ਲਈ ਮਾਣਭੱਤੇ ਦੀ ਥਾਂ ਪੱਕੀ ਨੌਕਰੀ ਅਤੇ ਤਨਖ਼ਾਹ ਵਿਚ ਵਾਧਾ ਹੀ ਤਾਂ ਮੰਗ ਰਹੀਆਂ ਹਨ। ਹੋਰ ਵੀ ਬਥੇਰੇ ਮਸਲੇ ਹਨ ਜਿਨ੍ਹਾਂ ਵੱਲ ਸਰਕਾਰ ਉੱਕਾ ਹੀ ਧਿਆਨ ਨਹੀਂ ਦੇ ਰਹੀ। ਇਨ੍ਹਾਂ ਸਾਰੇ ਮਸਲਿਆਂ ਦੇ ਜਵਾਬ ਕੌਣ ਦੇਵੇਗਾ?
ਗੁਰਨਾਮ ਸਿੰਘ, ਰੂਪਨਗਰ