ਗੁਮਰਾਹਕੁਨ
28 ਅਪਰੈਲ ਦੇ ਮਿਡਲ ‘ਬਲਦੇ ਹੱਡਾਂ ਦਾ ਦਰਦ’ ਵਿਚ ਲਾਲ ਚੰਦ ਸਿਰਸੀਵਾਲਾ ਦਾ ਇਕ ਪਾਤਰ ਦੇ ਮੂੰਹੋਂ ਇਹ ਕਹਾਉਣਾ ਕਿ ਬਲਦੇ ਹੱਡਾਂ ਦਾ ਦਰਦ ਵਿਚ ਮਰ ਚੁੱਕੇ ਸਬੰਧਿਤ ਆਦਮੀ ‘1980ਵਿਆਂ ਵਿਚ ਖਾੜਕੂ ਤੇ ਕਾਮਰੇਡ ਆਪਸ ਵਿਚ ਅਜਿਹੇ ਉਲਝੇ ਕਿ ਕਿਸਾਨ ਅੰਦੋਲਨ ਜਿਹੇ ਪਵਿੱਤਰ ਸੰਘਰਸ ਤੇ ਵੀ ਇਸ ਦਾ ਪ੍ਰਛਾਵਾਂ ਝਲਕਦਾ ਰਿਹਾ’ ਗੁਮਰਾਹਕੁਨ ਹੈ। ਸੁਮੀਤ ਸਿੰਘ, ਜੈਮਲ ਪੱਡਾ, ਪਾਸ਼, ਦਰਸ਼ਨ ਸਿੰਘ ਕੈਨੇਡੀਅਨ, ਰਵਿੰਦਰ ਰਵੀ ਆਦਿ ਸਿਰਫ ਅਤਿਵਾਦੀਆਂ ਨੂੰ ਨਿੰਦਣ ਕਾਰਨ ਕਤਲ ਕਰ ਦਿੱਤੇ; ਅਵਤਾਰ ਸਿੰਘ ਮਲਹੋਤਰਾ, ਸੱਤਪਾਲ ਡਾਂਗ, ਨਾਜ਼ਰ ਸਿੰਘ ਬੋਪਾਰਾਏ ਤੇ ਹੋਰ ਖਾੜਕੂਵਾਦ (ਅਸਲ ਵਿਚ ਖਾਲਿਸਤਾਨੀਆਂ) ਨਾਲ ਉਲਝਣ ਦੀ ਬਜਾਇ ਉਨ੍ਹਾਂ ਦੀ ਆਲੋਚਨਾ ਹੀ ਕਰਦੇ ਸਨ। ਕਿਸਾਨ ਅੰਦੋਲਨ ਦੌਰਾਨ ਹੋਰਾਂ ਤੋਂ ਇਲਾਵਾ ਕ੍ਰਾਂਤੀਕਾਰੀ ਯੂਨੀਅਨ ਦਾ ਵੀ ਯੋਗਦਾਨ ਰਿਹਾ ਹੈ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਪੁਨਰ-ਸਿਰਜਣਾ
27 ਅਪਰੈਲ ਦੇ ਸੰਪਾਦਕੀ ‘ਪੁਨਰ-ਸਿਰਜਣਾ ਦੀ ਲੋੜ’ ਦਾ ਇਹੀ ਅਰਥ ਨਿੱਕਲਦਾ ਹੈ ਕਿ ਪੰਜਾਬ ਦੀ ‘ਆਪ’ ਸਰਕਾਰ ਕੁਰਾਹੇ ਪੈ ਗਈ ਹੈ। ਦੇਖੋ, ਅੱਗੇ ਕੀ ਬਣਦਾ ਹੈ!
ਬਲਬੀਰ ਸਿੰਘ, ਈਮੇਲ
ਮਨ ਉਦਾਸ
27 ਅਪਰੈਲ ਨੂੰ ਜਗਦੀਸ਼ ਕੌਰ ਮਾਨ ਦੀ ਰਚਨਾ ‘ਉਦਾਸੀ’ ਨੇ ਮਨ ਉਦਾਸ ਕਰ ਦਿੱਤਾ। ਇਹ ਉਦਾਸੀ ਰਚਨਾ ਵਿਚਲੇ ਪਾਤਰ ਦੀ ਹੀ ਨਹੀਂ ਸਗੋਂ ਦੋ-ਚਾਰ ਕਿੱਲਿਆਂ ਵਾਲੇ ਹਰ ਛੋਟੇ ਕਿਸਾਨ ਦੀ ਹੈ। 26 ਅਪਰੈਲ ਨੂੰ ਸੁਖਦੇਵ ਸਿੰਘ ਮਾਨ ਦੀ ਰਚਨਾ ‘ਮੌਨ ਹਾਦਸਿਆਂ ਦਾ ਥੇਹ’ ਪੜ੍ਹਦਿਆਂ ਸੋਚਾਂ ਦੇ ਡੂੰਘੇ ਵਹਿਣੀ ਵਹਿ ਤੁਰਿਆ। ਰਚਨਾ ਵਿਚਲਾ ਪਾਤਰ ਜੰਗੀਰ ਚੰਗੀ ਤਰ੍ਹਾਂ ਸਮਝਦਾ ਹੈ ਕਿ ਲੜਾਈਆਂ ’ਚ ਕੁਝ ਨਹੀਂ ਪਿਆ, ਘਰਾਂ ਦੇ ਘਰ ਬਰਬਾਦ ਹੋ ਜਾਂਦੇ ਨੇ, ਅਦਾਲਤਾਂ ਦੇ ਫੈਸਲੇ ਸੁਣਦਿਆਂ ਬੰਦੇ ਬਿਰਖ ਹੋ ਜਾਂਦੇ ਨੇ, ਤੇ ਜਦੋਂ ਨੂੰ ਕੋਈ ਫੈਸਲਾ ਹੁੰਦਾ ਹੈ, ਉਦੋਂ ਤੱਕ ਬੜਾ ਕੁਝ ਬਰਬਾਦ ਹੋ ਚੁੱਕਾ ਹੁੰਦਾ ਹੈ।
ਅਮਰਜੀਤ ਮੱਟੂ, ਭਰੂਰ (ਸੰਗਰੂਰ)
(2)
ਜਗਦੀਸ਼ ਕੌਰ ਮਾਨ ਦਾ ਮਿਡਲ ‘ਉਦਾਸੀ’ ਆਮ ਕਿਸਾਨ ਦੀਆਂ ਮੁਸ਼ਕਿਲਾਂ ਬਿਆਨ ਕਰਦਾ ਹੈ। ਸੱਚਮੁੱਚ ਫ਼ਸਲਾਂ ਤੇ ਕਦੇ ਕੁਦਰਤੀ ਕਰੋਪੀ- ਮੀਂਹ, ਝੱਖੜ, ਜ਼ਿਆਦਾ ਗਰਮੀ ਜਾਂ ਸਰਦੀ, ਕਦੇ ਝਾੜ ਆਦਿ ਦੀ ਮਾਰ ਪੈਂਦੀ ਹੈ ਤਾਂ ਹਰ ਕਿਸਾਨ ਦਾ ਦਿਲ ਦੁਖਦਾ ਹੈ। ਸਾਡੇ ਸਿਆਸੀ ਰਹਬਿਰਾਂ ਦਾ ਬੇਮੁਖ ਹੋਣਾ ਇਸ ਦਰਦ ਵਿਚ ਵਾਧਾ ਕਰਦਾ ਹੈ।
ਯੋਗਰਾਜ, (ਭਾਗੀਬਾਂਦਰ ਬਠਿੰਡਾ)
ਵਿਚਾਰ ਪ੍ਰਗਟਾਵਾ
23-24 ਅਪਰੈਲ ਨੂੰ ‘ਜੱਲਿਆਂਵਾਲਾ ਬਾਗ਼: ਅਤੀਤ ਅਤੇ ਵਰਤਮਾਨ’ ਵਿਸ਼ੇ ’ਤੇ ਕਾਨਫਰੰਸ ਮੌਕੇ ਬੁਲਾਰਿਆਂ ਨੇ ਬਰਤਾਨਵੀ ਹਕੂਮਤ ਦੇ ਕਾਲੇ ਕਾਨੂੰਨ ਰੌਲਟ ਐਕਟ ਅਤੇ ਜੱਲ੍ਹਿਆਂਵਾਲੇ ਬਾਗ਼ ਦੇ ਕਤਲੇਆਮ ਦੀ ਗੱਲ ਕਰਨੀ ਸੀ ਤਾਂ ਜ਼ਾਹਿਰ ਹੈ ਕਿ ਸਰਕਾਰਾਂ ਦੇ ਲਾਗੂ ਯੂਏਪੀਏ ਅਤੇ ਅਫਸਪਾ ਵਰਗੇ ਕਾਨੂੰਨਾਂ ਦੀ ਸਿਆਸੀ ਵਿਰੋਧੀਆਂ ਤੇ ਘੱਟ ਗਿਣਤੀਆਂ ਖਿਲਾਫ਼ ਦੁਰਵਰਤੋਂ ਦਾ ਜ਼ਿਕਰ ਵੀ ਹੋਣਾ ਸੀ ਪਰ ਯੂਨੀਵਰਸਿਟੀ ਪ੍ਰਬੰਧਕਾਂ ਨੂੰ ਆਕਾਵਾਂ ਦੇ ਨਾਰਾਜ਼ ਹੋਣ ਦਾ ਡਰ ਸੀ ਜਿਸ ਕਰਕੇ ਯੂਨੀਵਰਸਿਟੀ ਦੇ ਡੀਨ ਨੂੰ ਪ੍ਰਬੰਧਕਾਂ ਨੂੰ ਮੌਕੇ ਉੱਤੇ ਹੀ ਟੋਕਣਾ ਪਿਆ। ਇਹ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉਤੇ ਸਿੱਧਾ ਹਮਲਾ ਹੈ।
ਸੁਮੀਤ ਸਿੰਘ, ਅੰਮ੍ਰਿਤਸਰ
ਬੀਤਿਆ ਜ਼ਮਾਨਾ
25 ਅਪਰੈਲ ਦੇ ਨਜ਼ਰੀਆ ਪੰਨੇ ਤੇ ਜਗਵਿੰਦਰ ਸਿੰਘ ਜੋਧਾ ਦੀ ਰਚਨਾ ‘ਮੁਕਾਬਲਾ’ ਨੇ ਬੀਤੇ ਹੋਏ ਜ਼ਮਾਨੇ ਦੀ ਖੇਤੀ ਦੀ ਯਾਦ ਤਾਜ਼ਾ ਕਰਵਾ ਦਿੱਤੀ। ਅੱਜ ਦੇ ਮਸ਼ੀਨੀ ਯੁੱਗ ਨੇ ਸਭ ਕੁਝ ਇੰਨਾ ਸੌਖਾ ਕਰ ਦਿੱਤਾ ਕਿ ਪਤਾ ਹੀ ਨਹੀਂ ਚੱਲਦਾ ਕਦੋਂ ਕੰਮ ਮੁੱਕ ਗਿਆ।
ਜਗਜੀਤ ਸਿੰਘ, ਈਮੇਲ
ਛੱਪੜ ਕੰਢੇ ਵਾਲੀ ਚਾਚੀ
16 ਅਪਰੈਲ ਨੂੰ ਛਪਿਆ ਅਤੈ ਸਿੰਘ ਦਾ ਲੇਖ ‘ਛੱਪੜ ਕੰਢੇ ਵਾਲੀ ਚਾਚੀ’ ਚੰਗਾ ਲੱਗਿਆ ਤੇ ਬਹੁਤ ਦਿਲਚਸਪ ਵੀ। ਲੇਖਕ ਮੇਰਾ ਛੋਟਾ ਭਰਾ ਹੈ, ਉਸ ਦੀ ਚਾਚੀ ਮੇਰੀ ਵੀ ਚਾਚੀ ਲੱਗੀ ਹਾਲਾਂਕਿ ਮੈਂ ਪਿੰਡ ਘੱਟ ਹੀ ਰਿਹਾ ਤੇ ਉਸ ਦੇ ਘਰ ਵੀ ਘੱਟ ਗਿਆ ਪਰ ਲੱਗਦਾ ਹੈ, ਲੇਖ ਅਧੂਰਾ ਰਹਿ ਗਿਆ। ਮਿਡਲ ਵਾਲੇ ਲੇਖ ਦੀਆਂ ਆਪਣੀਆਂ ਸੀਮਾਵਾਂ ਹੋਣਗੀਆਂ ਪਰ ਜਿਵੇਂ ਚਾਚੀ ਦੇ 13 ਬੱਚੇ ਸਨ, ਇਕ ਨੇ ਛੋਟੇ ਹੁੰਦੇ ਰਿੜ੍ਹਦਿਆਂ ਹੀ ਇਸ ਛੱਪੜ ਵਿਚ ਡੁੱਬ ਕੇ ਜਾਨ ਦੇ ਦਿੱਤੀ ਸੀ ਤੇ ਤਿੰਨ ਵੱਡੇ ਹੋ ਕੇ ਨਸ਼ਿਆਂ ਦੀ ਭੇਟ ਚੜ੍ਹ ਗਏ, ਸ਼ਾਇਦ ਜ਼ਰੂਰੀ ਜਾਣਕਾਰੀ ਸੀ। ਲੇਖਕ ਦਾ ਖ਼ੁਦ ਕਹਿਣਾ ਹੈ ਕਿ ਚਾਚੀ ਦੇ ਜੀਵਨ ਦੀ ਕਥਾ ਤਾਂ ਨਾਵਲ ਦੇ ਸਮਾਨ ਹੈ। ਮੇਰਾ ਦਿਲ ਕਰਦਾ ਹੈ ਕਿ ਲੇਖਕ ਕੁਝ ਅਜਿਹਾ ਹੀ ਕੰਮ ਕਰ ਦੇਵੇ।
ਅਭੈ ਸਿੰਘ, ਮਨੀਮਾਜਰਾ (ਚੰਡੀਗੜ੍ਹ)
(2)
ਅਤੈ ਸਿੰਘ ਦਾ ਲੇਖ ‘ਛਪੜ ਕੰਢੇ ਵਾਲੀ ਚਾਚੀ’ ਵਧੀਆ ਸੀ। ਇਸ ਵਿਚ ਰਿਸ਼ਤੇ ਅਤੇ ਉਨ੍ਹਾਂ ਦਾ ਨਿਘ, ਜਿ਼ੰਦਗੀ ਦੀ ਤ੍ਰਾਸਦੀ ਅਤੇ ਹਾਲਾਤ, ਵਿਰਾਸਤ ਨਾਲ ਮੋਹ, ਪਿਆਰ ਉਮੜਦਾ ਹੈ।
ਅਸ਼ੋਕ ਕੁਮਾਰ ਲਗਾਹ, ਈਮੇਲ
ਸੱਤਾ ਲਈ ਸਵਾਲ
22 ਅਪਰੈਲ ਦੇ ਲੇਖ ‘ਭਾਰਤੀ ਸਮਾਜ ਅਤੇ ਵੰਡੀਆਂ ਦੀ ਸਿਆਸਤ’ ਵਿਚ ਲੇਖਕ ਸ਼ਿਆਮ ਸਰਨ ਨੇ ਕਿਹਾ ਕਿ ਸਦੀਆਂ ਤੋਂ ਵੰਨ-ਸਵੰਨਤਾ ਮੁਲਕ ਦੀ ਗੂੜ੍ਹੀ ਪਛਾਣ ਬਣੀ ਰਹੀ ਹੈ ਪਰ ਹੁਣ ਦਮਘੋਟੂ ਇਕਰੂਪਤਾ ਦੇ ਨਾਤੇ ਇਸ ਨੂੰ ਮਿਟਾਇਆ ਜਾ ਰਿਹਾ ਹੈ। ਧਾਰਮਿਕ ਤਿਉਹਾਰ ਭਾਈਚਾਰਕ ਮੇਲ ਜੋਲ ਦਾ ਸਬਬ ਹੁੰਦੇ ਸਨ। ਹਮਲਾਵਰ ਵਿਹਾਰ ਕਦੇ ਵੀ ਹਿੰਦੂ ਧਰਮ ਦੀ ਜਨਤਕ ਦਿੱਖ ਨਹੀਂ ਰਹੀ ਹੈ। ਲੇਖਕ ਦੇ ਸਵਾਲ ਬੜੇ ਅਹਿਮ ਹਨ ਕਿ ਕੀ ਮੁਸਲਮਾਨਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਬਣਾ ਕੇ ਭਾਰਤ ਲੋਕਰਾਜੀ ਮੁਲਕ ਬਣਿਆ ਰਹਿ ਸਕੇਗਾ? ਕੀ ਉਨ੍ਹਾਂ ਨਾਲ ਹੁੰਦੇ ਵਿਤਕਰੇ ਅਤੇ ਹਿੰਸਾ ਦੀ ਕੋਈ ਪ੍ਰਤੀਕਿਰਿਆ ਨਹੀਂ ਹੋਵੇਗੀ? ਕੀ ਭਾਰਤੀ ਸਟੇਟ/ਰਿਆਸਤ ਸੁਰੱਖਿਆ ਦੀ ਚੁਣੌਤੀ ਨਾਲ ਨਜਿੱਠ ਸਕੇਗੀ? ਕੀ ਮੁਲਕ ਅੰਦਰ ਸੁਰੱਖਿਆ ਬਰਕਰਾਰ ਰੱਖਣ ਲਈ
ਲੋਕਰਾਜੀ ਆਜ਼ਾਦੀਆਂ ਦੀ ਹੋਰ ਜ਼ਿਆਦਾ ਕੁਰਬਾਨੀ ਦਿੱਤੀ ਜਾਵੇਗੀ? ਕੀ ਭਾਰਤੀ ਵਿਦੇਸ਼ ਨੀਤੀ ਇਸ ਦੇ ਮਾੜੇ ਅਸਰਾਂ ਨੂੰ ਸੰਭਾਲਣ ਦੇ ਸਮਰੱਥ ਹੈ? ਲਿਖਤ ਪੜ੍ਹ ਕੇ ਅੰਦਰੋਂ ਮਿੰਨਤਾਂ ਤਰਲੇ ਹੀ ਨਿਕਲਦੇ ਹਨ ਕਿ
ਭਾਜਪਾ ਆਗੂ ਕਪਿਲ ਮਿਸ਼ਰਾ ਵਰਗਿਆਂ ਦੇ ਬੋਲਾਂ ਵਿਚੋਂ ਮਿਸ਼ਰੀ ਵਰਗੇ ਮਿੱਠੇ ਬੋਲ ਨਿਕਲਣ ਤੇ ਉਨ੍ਹਾਂ ਦੇ ਹਮਖਿਆਲ ਅੰਮ੍ਰਿਤ ਉਤਸਵ ਭਰਿਆ ਮਾਹੌਲ ਸਿਰਜਣ ਦੀ ਸੇਵਾ ਨਿਭਾਉਣ।
ਰਸ਼ਪਾਲ ਸਿੰਘ, ਹੁਸ਼ਿਆਰਪੁਰ