ਦਵੀ ਦਵਿੰਦਰ ਕੌਰ
ਤਾਲਾਬੰਦੀ ਦੇ ਲੰਮੇ ਦੌਰ ਮਗਰੋਂ 5 ਅਗਸਤ ਦੀ ਰਾਤ ਨੂੰ ਪੰਜਾਬੀ ਫ਼ਿਲਮ ‘ਤੁਣਕਾ ਤੁਣਕਾ’ ਦਾ ਪ੍ਰੀਮੀਅਰ ਹੋਇਆ। ਇਹ ਫ਼ਿਲਮ ਚੰਡੀਗੜ੍ਹ ਸਣੇ ਪੰਜਾਬ ਦੇ ਵੱਡੀ ਗਿਣਤੀ ਸਿਨਮਿਆਂ ਦਾ ਸ਼ਿੰਗਾਰ ਬਣੀ ਹੈ।
ਇਹ ਫ਼ਿਲਮ ਸਾਈਕਲਿੰਗ ਨੂੰ ਸਮਰਪਿਤ ਹੈ ਜੋ ਕੋਚ ਤੇ ਇਕ ਬੱਚੇ ਦੀ ਯਾਤਰਾ ਹੈ। ਮਾਂ-ਮਹਿੱਟਰ ਬੱਚਾ ਦੌੜਦਾ ਹੈ, ਰੇਲ ਗੱਡੀ ਨਾਲ ਦੌੜ ਲਾਉਂਦਾ ਹੈ। ਦੂਰ ਤਕ ਦੌੜਦਾ ਉਹ ਦੁਨਿਆਵੀ ਨਜ਼ਰਾਂ ਵਿਚ ਅਸਫਲ ਮਨੁੱਖ ਮੰਨੇ ਜਾਂਦੇ ਇਕ ਕੋਚ ਦੀ ਨਜ਼ਰੇ ਚੜ੍ਹਦਾ ਹੈ ਤੇ ਚੰਗਾ ਸਾਈਕਲਿਸਟ ਬਣਦਾ ਹੈ। ਦੋਵਾਂ ਦਾ ਇਹ ਸਫ਼ਰ ਇਕ ਦੂਜੇ ਦਾ ਭਰੋਸਾ ਜਿੱਤ ਕੇ ਦੁਨਿਆਵੀ ਅੜਿੱਕੇ ਪਾਰ ਕਰਕੇ ਵੱਡੀ ਬਿਮਾਰੀ ਨੂੰ ਮਾਤ ਦੇ ਕੇ ਅੱਗੇ ਵਧਣ ਦਾ ਸਫ਼ਰ ਹੈ। ਇਹੀ ਸਫ਼ਰ ਦੋਵਾਂ ਦੇ ਖਰਾ, ਖਾਲਸ ਮਨੁੱਖ ਬਣਨ ਦਾ ਗਵਾਹ ਹੈ। ਇਹ ਫ਼ਿਲਮ ਰਿਸ਼ਤਿਆਂ ਦਾ ਨਿੱਘ ਮੁੜ ਬਣਾ ਸਕਣ ਦੀ ਸਮਰੱਥਾ ਦੀ ਕਹਾਣੀ ਹੈ।
ਤਾਲਾਬੰਦੀ ਤੇ ਮਨਾਹੀਆਂ ਤੇ ਨਿਰਾਸ਼ਾ ਭਰਪੂਰ ਲੰਮੇ ਦੌਰ ਮਗਰੋਂ ਜਦੋਂ ਇਸ ਵੇਲੇ ਓਲੰਪਿਕ ਖੇਡਾਂ ਹੋ ਰਹੀਆਂ ਹਨ ਤੇ ਸਾਡੇ ਗੱਭਰੂ, ਮੁਟਿਆਰਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹਾਕੀ ਵਿਚ ਗੱਭਰੂਆਂ ਨੇ ਮੈਡਲ ਦੀ ਮੱਲ ਮਾਰੀ ਹੈ ਤੇ ਮੁਟਿਆਰਾਂ ਜੀਅ-ਜਾਨ ਨਾਲ ਖੇਡੀਆਂ। ਜੇ ਇਸ ਨੂੰ ਖੇਤਰਵਾਦ ਦਾ ਨਾਮ ਨਾ ਦੇਈਏ ਤਾਂ ਪੰਜਾਬ ਦੇ ਖਿਡਾਰੀਆਂ ’ਤੇ ਨਾਜ਼ ਕੀਤਾ ਜਾ ਸਕਦਾ ਹੈ। ਸਾਡੇ ਲਈ ਇਹ ਠੰਢੀ ਹਵਾ ਦਾ ਬੁੱਲ੍ਹਾ ਹੈ। ਇਸੇ ਤਰਜ਼ ’ਤੇ ਠੰਢੀ ਹਵਾ ਦਾ ਬੁੱਲ੍ਹਾ ਲੈ ਕੇ ਆਈ ਹੈ ਫ਼ਿਲਮ ‘ਤੁਣਕਾ ਤੁਣਕਾ’। ਇਸ ਵਿਚ ਜੱਟਵਾਦ ਤੇ ਹਥਿਆਰਾਂ, ਹਵੇਲੀਆਂ ਦੀਆਂ ਡੀਂਗਾਂ ਨਹੀਂ ਮਾਰੀਆਂ ਗਈਆਂ। ਪੁਰਾਣੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਦੇ ਨਾਮ ’ਤੇ ਫੂਹੜ ਕਿਸਮ ਦੀਆਂ ਜਗੀਰੂ ਰੁਚੀਆਂ ਤੇ ਰੂੜੀਆਂ ਦੇ ਕਸੀਦੇ ਨਹੀਂ ਪੜ੍ਹੇ ਗਏ, ਸਗੋਂ ਫ਼ਿਲਮ ਦਾ ਨਾਇਕ ਤੇ ਉਸ ਦਾ ਕੋਚ ਆਪਣੀਆਂ ਹਾਰਾਂ, ਮੋਹ ਦੀ ਥੁੜ ਨੂੰ ਆਪਣੀ ਤਾਕਤ ਬਣਾ ਕੇ ਅੱਗੇ ਵਧਦੇ ਹਨ। ਉਹ ਆਲੇ ਦੁਆਲੇ ਪੈਦਾ ਹੁੰਦੀਆਂ ਅੜਚਨਾਂ ਨਾਲ ਸਹਿਜਤਾ ਨਾਲ ਦਸਤਪੰਜਾ ਲੈਂਦੇ ਰਾਹ ਲੱਭਦੇ ਹਨ। ਇਹੋ ਇਸ ਫ਼ਿਲਮ ਦੀ ਪ੍ਰਾਪਤੀ ਹੈ। ਫ਼ਿਲਮ ਦੀ ਗਾਇਕੀ ਨਾਅਰੇਬਾਜ਼ੀ ਤੇ ਮਾਅਰਕੇਬਾਜ਼ੀ ਤੋਂ ਹਟ ਕੇ ਹੈ।
ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੇ ਉੱਥੋਂ ਦੇ ਲੋਕਾਂ ਨੂੰ ਇੰਟਰਨੈੱਟ ਤੋਂ ਮਹਿਰੂਮ ਕਰਨ, ਨਾਗਰਿਕਤਾ ਸਬੰਧੀ ਸੋਧ ਕਾਨੂੰਨ ਲਿਆਂਦੇ ਜਾਣ ਮਗਰੋਂ ਤੇ ਫਿਰ ਸਭ ਤੋਂ ਵੱਡਾ ਮਸਲਾ ਨਵੇਂ ਖੇਤੀ ਕਾਨੂੰਨਾਂ ਦੀ ਆਮਦ ਨਾਲ ਪੰਜਾਬ ਵਿਚ ਬੌਧਿਕ, ਸੱਭਿਆਚਾਰਕ ਤਬਦੀਲੀ ਦੀਆਂ ਸੰਭਾਵਨਾਵਾਂ ਨਜ਼ਰ ਆਉਣ ਲੱਗੀਆਂ ਹਨ। ਪੰਜਾਬ ਨਵੇਂ ਸਿਰਿਓਂ ਲੋਕ ਪੱਖੀ ਕਲਾਵਾਂ, ਕਿਤਾਬਾਂ ਨਾਲ ਜੁੜਦਾ ਜਾਪ ਰਿਹਾ ਹੈ। ਆਰਥਿਕ, ਸਮਾਜਿਕ ਅਤੇ ਬੌਧਿਕ ਪਛੜੇਵੇਂ ਦੇ ਨਾਲ ਹੀ ਕੋਈ ਵੀ ਸਮਾਜ ਕਲਾ ਖੇਤਰ ਵਿਚ ਵੀ ਬਦਹਜ਼ਮੀ ਦਾ ਸ਼ਿਕਾਰ ਹੋ ਜਾਂਦਾ ਹੈ। ਸੋ ਪੰਜਾਬ ਦੀਆਂ ਫ਼ਿਲਮਾਂ ਵੀ ਹੋਛੇਪਣ ਤੇ ਕੰਗਾਲੀ ਦਾ ਸ਼ਿਕਾਰ ਹੋਈਆਂ, ਹਾਲਾਂਕਿ ਮੁਨਾਫਾ ਵਧਿਆ ਸੀ। ਇਹ ਕੰਗਾਲੀ ਸੂਖਮ ਨਜ਼ਰ ਨਾਲ ਹੀ ਵਾਚੀ ਜਾ ਸਕਦੀ ਹੈ। ਓਪਰੀ ਨਜ਼ਰੇ ਇਨ੍ਹਾਂ ਵਿਚ ਕੁਝ ਵੀ ਮਾੜਾ ਨਜ਼ਰ ਨਹੀਂ ਆਉਂਦਾ। ਇਹ ਉਹ ਸਿਨਮਾ ਸੀ ਜਿਸ ਨੇ ਲੋਕਾਂ ਨੂੰ ਉਨ੍ਹਾਂ ਦੇ ਅਸਲਖਾਸੇ ਨਾਲੋਂ ਤੋੜ ਕੇ ਹਲਕੇ ਹੋਛੇ ਤੇ ਫੂਹੜ ਮਨੋਰੰਜਨ ਨਾਲ ਜੋੜਿਆ ਸੀ। ਹਾਲਾਂਕਿ ਕਿਤੇ ਚੰਗੀਆਂ ਫ਼ਿਲਮਾਂ ਵੀ ਬਣਦੀਆਂ ਰਹੀਆਂ, ਪਰ ਬਹੁਤੀਆਂ ਵਿਚ ਜਗੀਰੂ ਤੇ ਪਿਛਾਖੜੀ ਸੋਚ ਦੇ ਤੱਤ ਭਾਰੂ ਸਨ। ਸੋ ਜਾਪਦਾ ਹੈ ਕਿ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਦਾ ਜ਼ਾਇਕਾ ਬਦਲਣ ਵਿਚ ਸਫਲ ਹੋਵੇਗੀ। ਰਵਾਇਤੀ ਮਨੋਰੰਜਨਕਾਰੀ ਸਿਨਮਾ ਤੋਂ ਹਟ ਕੇ ਫ਼ਿਲਮ ਬਣਾਉਣ ਦਾ ਜ਼ੋਖਮ ਉਠਾਉਣ ਦੇ ਸਵਾਲ ’ਤੇ ਫ਼ਿਲਮ ਦੇ ਨਿਰਦੇਸ਼ਕ ਗੈਰੀ ਖਟਰਾਓ ਦਾ ਕਹਿਣਾ ਹੈ ਕਿ ਉਹ ‘ਮਨੁੱਖ ਨੂੰ ਚੜ੍ਹਦੀ ਕਲਾ’ ਵਿਚ ਲਿਜਾ ਸਕਣ ਵਾਲੀ ਫ਼ਿਲਮ ਬਣਾਉਣੀ ਚਾਹੁੰਦੇ ਸਨ। ਉਨ੍ਹਾਂ ਨੇ ਮਿਹਨਤ ਕੀਤੀ, ਪੂਰੀ ਟੀਮ ਨੇ ਮਿਹਨਤ ਵੀ ਕੀਤੀ ਤੇ ਚਾਰ ਸਾਲ ਦਾ ਸਮਾਂ ਵੀ ਇਸ ਪ੍ਰਾਜੈਕਟ ਵਿਚ ਲਾਇਆ।
ਡੈਬਿਊ ਕਰ ਰਹੇ ਹਰਦੀਪ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਹਟਵੇਂ ਵਿਸ਼ੇ ’ਤੇ ਫ਼ਿਲਮ ਬਣਾਉਣਾ ‘ਜ਼ੋਖਮ’ ਨਹੀਂ ਜਾਪਿਆ। ਫ਼ਿਲਮ ਦੇ ਸੂਤਰਧਾਰ ਕੋਚ ਬਣੇ ਬਲਵਿੰਦਰ ਬੁਲੇਟ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਟੀਮ ਇਹੋ ਜਿਹੀ ਫ਼ਿਲਮ ਹੀ ਬਣਾਉਣਾ ਚਾਹੁੰਦੀ ਸੀ। ਉਸ ਨੇ ਆਸ ਪ੍ਰਗਟਾਈ ਕਿ ਪੰਜਾਬ ਤੇ ਦੁਨੀਆ ਭਰ ਵਿਚ ਬੈਠੇ ਪੰਜਾਬੀ ਇਸ ਨੂੰ ਖੁੱਲ੍ਹੀਆਂ ਬਾਹਾਂ ਨਾਲ ਕਬੂਲਣਗੇ।
ਸੰਪਰਕ: 98760-82982