ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਅਪਰੈਲ
‘ਆਪ’ ਦੇ ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਕੱਲ੍ਹ ਭਾਜਪਾ ਨੇ ਕਲਿਆਣਪੁਰੀ ਵਿੱਚ ਕਰੀਬ 200 ਦੁਕਾਨਾਂ ਤੋਂ 10,000 ਰੁਪਏ ਪ੍ਰਤੀ ਮਹੀਨਾ ਮੰਗੇ ਸਨ। ਜਦੋਂ ਦੁਕਾਨਦਾਰਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਕਰੀਬ 8 ਦੁਕਾਨਾਂ ’ਤੇ ਬੁਲਡੋਜ਼ਰ ਚਲਾ ਦਿੱਤਾ। ਮਾਰਕੀਟ ਐਸੋਸੀਏਸ਼ਨ ਦੇ ਲੋਕਾਂ ਨੇ ਮਾਮਲੇ ਸਬੰਧੀ ਦਿੱਲੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਉਮੀਦ ਹੈ ਕਿ ਦਿੱਲੀ ਪੁਲੀਸ ਇਸ ’ਤੇ ਕੋਈ ਕਾਰਵਾਈ ਕਰੇਗੀ। ‘ਆਪ’ ਨੇ ਚਿਤਾਵਨੀ ਦਿੰਦੇ ਹੋਏ ਭਾਜਪਾ ਨੂੰ ਜਬਰ ਬੰਦ ਕਰਨ ਲਈ ਕਿਹਾ ਹੈ। ‘ਆਪ’ ਵਿਧਾਇਕ ਕੁਲਦੀਪ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ (ਕੁਲਦੀਪ) ਦੀ ਵਿਧਾਨ ਸਭਾ ਖੇਤਰ ਕੋਂਡਲੀ ਦਾ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਉਹ ਮੌਕੇ ‘ਤੇ ਪਹੁੰਚ ਗਏ, ਜਿਸ ਤੋਂ ਬਾਅਦ ਬੁਲਡੋਜ਼ਰ ਵਾਪਸ ਚਲੇ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਨੇ ਦੁਕਾਨਦਾਰਾਂ ਨੂੰ ਧਮਕੀ ਦਿੱਤੀ ਹੈ ਕਿ ਉਹ ਦੁਬਾਰਾ ਆਉਣਗੇ ਤੇ ਪੈਸੇ ਇਕੱਠੇ ਕਰ ਲੈਣ। ਵੀਰਵਾਰ ਨੂੰ ਪਾਰਟੀ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਭਾਜਪਾ ਅਤੇ ਇਸ ਦੇ ਲੋਕ ਪਿਛਲੇ ਕਈ ਦਿਨਾਂ ਤੋਂ ਪੂਰੀ ਦਿੱਲੀ ਵਿੱਚ ਘੁੰਮ ਰਹੇ ਹਨ। ਉਹ ਹਰ ਘਰ, ਹਰ ਦੁਕਾਨ ‘ਤੇ ਜਾ ਕੇ ਦੱਸਦੇ ਹਨ ਕਿ ਤੁਹਾਡੀ ਬਾਲਕੋਨੀ ਵਿੱਚ ਕੋਈ ਸਮੱਸਿਆ ਹੈ, ਤੁਹਾਡੀਆਂ ਪੌੜੀਆਂ ਵਿੱਚ ਕੋਈ ਸਮੱਸਿਆ ਹੈ, ਤੁਸੀਂ ਗੇਟ ਨੂੰ ਵੱਡਾ ਕੀਤਾ ਹੈ ਆਦਿ। ਇਸ ਤੋਂ ਬਾਅਦ ਉਹ ਕਹਿੰਦੇ ਹਨ ਕਿ ਸਾਨੂੰ ਪੈਸੇ ਦਿਓ ਨਹੀਂ ਤਾਂ ਉਹ ਬੁਲਡੋਜ਼ਰ ਚਲਾ ਦੇਣਗੇ। ਦੁਰਗੇਸ਼ ਪਾਠਕ ਨੇ ਕੁਝ ਦਸਤਾਵੇਜ਼ ਦਿਖਾਉਂਦੇ ਹੋਏ ਕਿਹਾ ਕਿ ਅੱਜ ਅਸੀਂ ਤੁਹਾਡੇ ਸਾਹਮਣੇ ਇਸ ਗੱਲ ਦਾ ਸਬੂਤ ਲੈ ਕੇ ਆਏ ਹਾਂ ਕਿ ਕਿਸ ਤਰ੍ਹਾਂ ਭਾਜਪਾ ਦੇ ਲੋਕ ਪੂਰੀ ਦਿੱਲੀ ਵਿੱਚ ਜਬਰ ਕਰ ਰਹੇ ਹਨ। ਕਲਿਆਣਪੁਰੀ ਵਿੱਚ 200 ਦੇ ਕਰੀਬ ਦੁਕਾਨਾਂ ਹਨ, ਕੱਲ੍ਹ ਭਾਜਪਾ ਨੇ ਉਨ੍ਹਾਂ ਕੁਝ ਦੁਕਾਨਾਂ ’ਤੇ ਬੁਲਡੋਜ਼ਰ ਚਲਾ ਦਿੱਤਾ। ਉਥੇ ਕਈ ਦਿਨਾਂ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਦੋਂ ਮਾਰਕੀਟ ਐਸੋਸੀਏਸ਼ਨ ਦੇ ਲੋਕਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਕੱਲ੍ਹ 8 ਦੇ ਕਰੀਬ ਦੁਕਾਨਾਂ ‘ਤੇ ਬੁਲਡੋਜ਼ਰ ਚਲਾ ਕੇ ਭੰਨਤੋੜ ਕੀਤੀ ਗਈ।