ਨਿੱਜੀ ਪੱਤਰ ਪ੍ਰੇਰਕ
ਖੰਨਾ, 1 ਜੁਲਾਈ
ਇੱਥੋਂ ਦੇ ਰਤਨਹੇੜੀ ਰੇਲਵੇ ਫਾਟਕ ’ਤੇ ਬਣ ਰਹੇ ਅੰਡਰਪਾਸ ’ਚ ਦੇਰੀ ਬਰਸਾਤ ਦੇ ਦਿਨਾਂ ਵਿੱਚ ਲੋਕਾਂ ਲਈ ਮੁਸੀਬਤ ਬਣ ਗਈ ਹੈ। ਇੱਥੇ ਪੁੱਟੇ ਰਸਤੇ ਕਾਰਨ ਪਾਣੀ ਭਰਨ ਕਾਰਨ ਚਿੱਕੜ ਹੋ ਗਿਆ ਹੈ। ਇਸ ਤੋਂ ਦੁਖੀ ਹੋ ਕੇ ਲੋਕਾਂ ਨੇ ਧਰਨਾ ਦਿੱਤਾ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੱਸਣਯੋਗ ਹੈ ਕਿ ਇਸ ਰਸਤੇ ’ਤੇ ਆਉਣ ਜਾਣ ਵਾਲੇ ਟਰੈਫਿਕ ਨੂੰ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਬਦਲ ਕੇ ਨਾਲ ਲੱਗਦੀ ਕਲੋਨੀ ਦੇ ਕੱਚੇ ਰਸਤੇ ਨੂੰ ਚਾਲੂ ਕਰਵਾਇਆ ਸੀ ਪਰ ਇਹ ਰਸਤਾ ਵੀ ਕੱਚਾ ਹੋਣ ਕਾਰਨ ਮੀਂਹ ਪੈਣ ਕਰ ਕੇ ਖ਼ਰਾਬ ਹੋ ਗਿਆ ਹੈ। ਇਸ ਕਾਰਨ ਕਈ ਬਜ਼ੁਰਗ, ਬੱਚੇ ਅਤੇ ਔਰਤਾਂ ਡਿੱਗ ਕੇ ਜ਼ਖ਼ਮੀ ਹੋ ਗਏ ਹਨ।
ਇਸ ਤੋਂ ਪ੍ਰੇਸ਼ਾਨ ਹੋ ਕੇ ਇਲਾਕਾ ਵਾਸੀਆਂ ਤੇ ਦੁਕਾਨਦਾਰਾਂ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਕਰੀਬ ਦੋ ਘੰਟੇ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ। ਧਰਨੇ ਕਾਰਨ ਲੋਕਾਂ ਨੂੰ ਆਪਣੇ ਵਾਹਨ ਕਈ ਕਿਲੋਮੀਟਰ ਦੂਰ ਤੋਂ ਘੁੰਮਾ ਕੇ ਲਿਆਉਣੇ ਪਏ। ਸੂਬੇਦਾਰ ਬਲਬੀਰ ਚੰਦ ਵਰਮਾ, ਗੁਰਚਰਨ ਸਿੰਘ, ਕੁਲਦੀਪ ਸਿੰਘ, ਰਣਯੋਧ ਸਿੰਘ, ਕੁਲਵਿੰਦਰ ਸਿੰਘ ਤੇ ਲਖਵਿੰਦਰ ਸਿੰਘ ਨੇ ਕਿਹਾ ਕਿ ਅੱਜ ਡਡਹੇੜੀ ਤੋਂ ਖੰਨਾ ਆ ਰਿਹਾ ਮੋਟਰਸਾਈਕਲ ਸਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸ ਦਾ ਚਾਰ ਸਾਲਾ ਪੁੱਤਰ ਜ਼ਖ਼ਮੀ ਹੋ ਗਿਆ।
ਧਰਨੇ ਦਾ ਪਤਾ ਲੱਗਦਿਆਂ ਹੀ ਥਾਣਾ ਸਿਟੀ ਮੁਖੀ ਐੱਸਐੱਚਓ ਕੁਲਜਿੰਦਰ ਸਿੰਘ ਗਰੇਵਾਲ ਨੇ ਮੌਕੇ ’ਤੇ ਪੁੱਜ ਕੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਵਿਭਾਗ ਅਧਿਕਾਰੀਆਂ ਮਸਲਾ ਪਹੁੰਚਾ ਕੇ ਜਲਦ ਹੱਲ ਕਰਵਾਉਣਗੇ।
ਐਸਡੀਐਮ ਮਨਜੀਤ ਕੌਰ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਪ੍ਰੇਸ਼ਾਨੀ ਨੂੰ ਹੱਲ ਕਰਨ ਤੇ ਕੱਚੇ ਰਸਤੇ ’ਤੇ ਕੇਰੀ ਪਾਉਣ ਦੀ ਹਦਾਇਤ ਕੀਤੀ।