ਹਰਜੀਤ ਸਿੰਘ
ਜ਼ੀਰਕਪੁਰ, 31 ਜੁਲਾਈ
ਇਥੋਂ ਦੀ ਵੀਆਈਪੀ ਰੋਡ ’ਤੇ ਸੜਕ ਵਿਚਕਾਰ ਪਏ ਖੱਡੇ ਵਿੱਚ ਡਿੱਗ ਕੇ ਲੰਘੀ ਦੇਰ ਰਾਤ ਮੋਟਰਸਾਈਕਲ ਚਾਲਕ ਨੌਜਵਾਨ ਦਾ ਸੰਤੁਲੜ ਵਿਗੜ ਗਿਆ ਤੇ ਉਹ ਸੜਕ ਕੰਢੇ ਲੱਗੇ ਟਰਾਂਸਫਾਰਮਰ ਨਾਲ ਟਕਰਾ ਗਿਆ। ਇਸ ਦੌਰਾਨ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਰੋਹ ਵਿੱਚ ਆਏ ਵੀਆਈਪੀ ਰੋਡ ਵਾਸੀਆਂ ਨੇ ਅੱਜ ਸਵੇਰ ਸੜਕ ਵਿਚਾਲੇ ਐਂਬੂਲੈਂਸ ਵਿੱਚ ਲਾਸ਼ ਰੱਖ ਕੇ ਜਾਮ ਲਗਾ ਦਿੱਤਾ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਇਸ ਮਗਰੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਵਨੀਤ ਸਿੰਘ ਢੋਟ ਨੇ ਮੌਕੇ ’ਤੇ ਪਹੁੰਚ ਕੇ ਸੜਕ ਦੀ ਮੁਰੰਮਤ ਛੇਤੀ ਕਰਵਾਉਣ ਦਾ ਭਰੋਸਾ ਦੇ ਕੇ ਜਾਮ ਖੁੱਲ੍ਹਵਾਇਆ। ਮ੍ਰਿਤਕ ਦੀ ਪਛਾਣ ਗਿਰੀਸ਼ ਗੋਇਲ (28) ਵਾਸੀ ਮਾਇਆ ਗਾਰਡਨ ਫੇਜ਼-3 ਵਜੋਂ ਹੋਈ ਹੈ। ਗਿਰੀਸ਼ ਮਿਲਟਨ ਟਾਵਰ ਨੇੜੇ ਦਵਾਈਆਂ ਦਾ ਦੁਕਾਨ ਚਲਾਉਂਦਾ ਸੀ।
ਮੌਕੇ ’ਤੇ ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਗਿਰੀਸ਼ ਲੰਘੀ ਰਾਤ ਦੁਕਾਨ ਬੰਦ ਕਰ ਮੋਟਰਸਾਈਕਲ ’ਤੇ ਘਰ ਆ ਰਿਹਾ ਸੀ। ਇਸ ਦੌਰਾਨ ਸੜਕ ਵਿਚਕਾਰ ਪਏ ਖੱਡੇ ਵਿੱਚ ਡਿੱਗ ਕੇ ਉਸ ਦਾ ਸੰਤੁਲਨ ਵਿਗੜ ਗਿਆ। ਉਹ ਮੋਟਰਸਾਈਕਲ ਸਣੇ ਸੜਕ ਕੰਢੇ ਲੱਗੇ ਬਿਜਲੀ ਦੇ ਟਰਾਂਸਫਾਰਮਰ ਨਾਲ ਜਾ ਟਕਰਾਇਆ। ਉਥੇ ਨੀਵੀਆਂ ਬਿਜਲੀ ਦੀ ਤਾਰਾਂ ਤੋਂ ਉਸ ਨੂੰ ਕਰੰਟ ਲੱਗ ਗਿਆ। ਹਾਦਸੇ ਤੋਂ ਬਾਅਦ ਲੋਕਾਂ ਨੇ ਬਿਜਲੀ ਬੰਦ ਕਰਨ ਲਈ ਪਾਵਰਕੌਮ ਦੇ ਅਧਿਕਾਰੀਆਂ ਨੂੰ ਕਈਂ ਫੋਨ ਕੀਤੇ ਪਰ ਦੇਰ ਤੱਕ ਉਹ ਮੌਕੇ ’ਤੇ ਨਹੀਂ ਪਹੁੰਚੇ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਅਧਿਕਾਰੀ ਨੇ ਮੌਕੇ ’ਤੇ ਪਹੁੰਚ ਕੇ ਬਿਜਲੀ ਬੰਦ ਕੀਤੀ ਤਾਂ ਜ਼ਖ਼ਮੀ ਗਿਰੀਸ਼ ਗੋਇਲ ਨੂੰ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਮਗਰੋਂ ਸਵੇਰ ਪੋਸਟਮਾਰਟਮ ਤੋਂ ਬਾਅਦ ਐਂਬੂਲੈਂਸ ਵਿੱਚ ਲਾਸ਼ ਲਿਆਉਣ ਮਗਰੋਂ ਵੀਆਈਪੀ ਰੋਡ ਵਾਸੀਆਂ ਨੇ ਡੋਮੀਨੋਜ਼ ਚੌਕ ’ਤੇ ਜਾਮ ਲਾ ਕੇ ਪ੍ਰਸ਼ਾਸਨ ’ਤੇ ਦੋਸ਼ ਲਾਇਆ ਕਿ ਉਹ ਲੰਮੇਂ ਸਮੇਂ ਤੋਂ ਇਸ ਸੜਕ ਦੀ ਮੁਰੰਮਤ ਕਰਨ ਦੀ ਮੰਗ ਕਰ ਰਹੇ ਹਨ ਪਰ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ।
ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦੇ ਕੇ ਜਾਮ ਖੁੱਲ੍ਹਵਾਇਆ
ਰੋਸ ਪ੍ਰਦਰਸ਼ਨ ਕਰ ਰਹੇ ਵੀਆਈਪੀ ਰੋਡ ਦੇ ਵਸਨੀਕਾਂ ਨੇ ਕਿਹਾ ਕਿ ਗਿਰੀਸ਼ ਦੀ ਮੌਤ ਪ੍ਰਸ਼ਾਸਨ ਦੀ ਕਥਿਤ ਲਾਪ੍ਰਵਾਹੀ ਕਾਰਨ ਹੋਈ ਹੈ। ਹਾਦਸੇ ਤੋਂ ਬਾਅਦ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ, ਤਹਿਸੀਲਦਾਰ, ਪਾਵਰਕੌਮ ਦੇ ਐੱਸਡੀਓ ਅਤੇ ਥਾਣਾ ਮੁਖੀ ਦੀਪਇੰਦਰ ਸਿੰਘ ਬਰਾੜ ਨੇ ਮੌਕੇ ’ਤੇ ਪਹੁੰਚ ਕੇ ਪੰਜ ਮੈਂਬਰੀ ਕਮੇਟੀ ਬਣਾ ਕੇ ਸਾਰੀ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦੇ ਕੇ ਲੋਕਾਂ ਨੂੰ ਸ਼ਾਂਤ ਕੀਤਾ।