ਨਿੱਜੀ ਪੱਤਰ ਪ੍ਰੇਰਕ
ਜਲੰਧਰ, 5 ਅਪਰੈਲ
ਕਮਿਸ਼ਨਰੇਟ ਪੁਲੀਸ ਨੇ ਦੋ ਅਫ਼ਰੀਕੀ ਮੂਲ ਦੇ ਤਸਕਾਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਡੇਢ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਲੰਧਰ ਕਮਿਸ਼ਨਰੇਟ ਦੀ ਪੁਲੀਸ ਦੇ ਸੀਆਈਏ ਸਟਾਫ-1 ਵੱਲੋਂ ਪਰਾਗਪੁਰ ਵਿੱਚ ਨਾਕਾ ਲਗਾ ਕੇ ਅਫ਼ਰੀਕੀ ਮੂਲ ਦੇ ਇਕ ਪੁਰਸ਼ ਅਤੇ ਮਹਿਲਾ ਨੂੰ ਬੈਗ ਸਮੇਤ ਕਾਬੂ ਕੀਤਾ ਗਿਆ ਜਿਸ ਵਿੱਚੋਂ ਡੇਢ ਕਿੱਲੋਂ ਹੈਰੋਇਨ ਬਰਾਮਦ ਹੋਈ।
ਮੁਲਜ਼ਮਾਂ ਦੀ ਪਛਾਣ ਓਕਫੌਰ ਪਾਲ ਚੁਕਵੂਨਵੇਕਿਨ ਵਾਸੀ 12 ਨਵਾਫੀਆ ਸਟਰੀਟ ਓਮੈਗਬਾ ਤੇ ਮੈਰੀ ਨਿਆਮਬੁਰਾ ਵਾਸੀ ਹਾਲ ਆਬਾਦ ਨਵੀਂ ਦਿੱਲੀ ਵਜੋਂ ਹੋਈ ਹੈ। ਉਨ੍ਹਾਂ ਕਬੂਲ ਕੀਤਾ ਕਿ ਉਹ ਪੰਜਾਬ ਅਤੇ ਹਰਿਆਣਾ ਵਿੱਚ ਨਸ਼ਿਆਂ ਦੀ ਤਸਕਰੀ ਕਰ ਰਹੇ ਸਨ।
ਤਰਨ ਤਾਰਨ (ਪੱਤਰ ਪ੍ਰੇਰਕ): ਸਥਾਨਕ ਨਾਰਕੌਟਿਕ ਸੈੱਲ ਦੀ ਟੀਮ ਨੇ ਪੱਟੀ ਨੇੜੇ ਚੀਮਾ ਮੋੜ ’ਤੇ ਲਗਾਏ ਇਕ ਨਾਕੇ ਦੌਰਾਨ ਇਕ ਵਰਨਾ ਕਾਰ ਵਿਚ ਸਵਾਰ ਵਿਅਕਤੀ ਨੂੰ ਤਿੰਨ ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ| ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 15 ਕਰੋੜ ਰੁਪਏ ਦੱਸੀ ਜਾਂਦੀ ਹੈ| ਮੁਲਜ਼ਮ ਦੀ ਸ਼ਨਾਖਤ ਨਿਸ਼ਾਨ ਸਿੰਘ ਵਾਸੀ ਬੰਡਾਲਾ (ਫਿਰੋਜ਼ਪੁਰ) ਵਜੋਂ ਹੋਈ ਹੈ|