ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਅਗਸਤ
ਰਾਡਾਰਟ ਫਾਊਂਡੇਸ਼ਨ ਐਂਡ ਆਈਏਆਰਐੱਫ ਵੱਲੋਂ ਕਰਵਾਏ ਆਨਲਾਈਨ ਮੁਕਾਬਲੇ ਵਿੱਚ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਅਤੇ ਆਰਟਿਸਟ ਜਸਪ੍ਰੀਤ ਮੋਹਣ ਸਿੰਘ ਨੇ ਸ਼ਮੂਲੀਅਤ ਕਰਦਿਆਂ ਸਰਟੀਫਿਕੇਟ ਅਤੇ ਇਨਾਮ ਜਿੱਤੇ। ਇਸ ਮੁਕਾਬਲੇ ਵਿੱਚ ਵਿਸ਼ਵ ’ਚੋਂ 1057 ਆਰਟਿਸਟਾਂ ਨੇ ਭਾਗ ਲਿਆ। ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਇੱਕ ਘੰਟੇ ਵਿੱਚ ਫੇਸਬੁਕ ’ਤੇ ਸਭ ਤੋਂ ਜ਼ਿਆਦਾ ਆਪਣੀਆਂ ਤਿਆਰ ਚਿੱਤਰਕਲਾ ਨੂੰ ਆਨਲਾਈਨ ਅਪਲੋਡ ਕਰਨਾ ਸੀ। ਵਿਸ਼ਵ ਭਰ ਦੇ ਆਰਟਿਸਟਾਂ ਵੱਲੋਂ ਇੱਕ ਘੰਟੇ ਵਿੱਚ ਅਪਲੋਡ ਕੀਤੀਆਂ ਪੋਸਟਾਂ ਵਿੱਚੋਂ 797 ਪੋਸਟਾਂ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਮਾਣਕਾਂ ਅਨੁਸਾਰ ਸਹੀ ਪਾਇਆ ਗਿਆ। ਇਸ ਮੁਕਾਬਲੇ ਦਾ ਹਿੱਸਾ ਬਣਨ ’ਤੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ, ਹਾਈ ਰੇਂਜ ਆਫ ਬੁੱਕ ਆਫ ਵਰਲਡ ਰਿਕਾਰਡ ਅਤੇ ਕਲਾਮ ਵਰਲਡ ਰਿਕਾਰਡ ਵੱਲੋਂ ਉਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।