ਨਵੀਂ ਦਿੱਲੀ, 31 ਮਈ
ਮੌਸਮ ਵਿਭਾਗ ਨੇ ਇਸ ਮੌਨਸੂਨ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ ਜਿਸ ਨਾਲ ਸਾਉਣੀ ਰੁੱਤ ਦੀਆਂ ਫਸਲਾਂ ਦਾ ਝਾੜ ਵੱਧ ਰਹਿਣ ਤੇ ਲਗਾਤਾਰ ਵੱਧ ਰਹੀ ਮਹਿੰਗਾਈ ’ਤੇ ਠੱਲ੍ਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਜੂਨ ਮਹੀਨੇ ’ਚ ਦੇਸ਼ ਦੇ ਜ਼ਿਆਦਾਤਰ ਹਿੱਸੇ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਵੀ ਪ੍ਰਗਟਾਈ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੰਜਯ ਮੋਹਾਪਾਤਰਾ ਨੇ ਦੱਸਿਆ, ‘ਇਸ ਸਾਲ ਮੌਨਸੂਨ ’ਚ ਔਸਤਨ ਮੀਂਹ 103 ਫੀਸਦ ਰਹਿਣ ਦੀ ਸੰਭਾਵਨਾ ਹੈ।’ ਮੌਸਮ ਵਿਭਾਗ ਨੇ ਅਪਰੈਲ ਮਹੀਨੇ ਕਿਹਾ ਸੀ ਕਿ ਦੇਸ਼ ’ਚ ਮੀਂਹ ਪੈਣ ਦੀ ਦਰ ਆਮ ਹੋਵੇਗੀ ਜੋ ਕਿ ਲੰਮੇ ਸਮੇਂ ਦੀ ਔਸਤ (ਐੱਲਪੀਏ) ਦਾ 99 ਫੀਸਦ ਹੈ। ਸਾਰੇ ਦੇਸ਼ ਲਈ ਐੱਲਪੀਏ 87 ਸੈਂਟੀਮੀਟਰ ਹੈ।
ਮੋਹਾਪਾਤਰਾ ਨੇ ਕਿਹਾ ਕਿ ਗੁਜਰਾਤ ਤੇ ਉੜੀਸਾ ਵਿਚਾਲੇ ਪੈਂਦੇ ਰਾਜਾਂ ਜਿੱਥੇ ਖੇਤੀਬਾੜੀ ਮੀਂਹ ’ਤੇ ਨਿਰਭਰ ਕਰਦੀ ਹੈ, ’ਚ ਮੀਂਹ 106 ਫੀਸਦ ਤੱਕ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮੱਧ ਤੇ ਦੱਖਣੀ ਪ੍ਰਾਇਦੀਪ ਭਾਰਤ ’ਚ ਆਮ ਨਾਲੋਂ ਵੱਧ ਮੀਂਹ ਜਦਕਿ ਉੱਤਰ-ਪੂਰਬੀ ਤੇ ਉੱਤਰ-ਪੱਛਮੀ ਖੇਤਰਾਂ ’ਚ ਮੀਂਹ ਪੈਣ ਦੀ ਔਸਤ ਦਰ ਸਧਾਰਨ ਰਹੇਗੀ। ਇਹ ਲਗਾਤਾਰ ਚੌਥਾ ਵਰ੍ਹਾ ਹੈ ਜਦੋਂ ਭਾਰਤ ਵਿੱਚ ਮੌਨਸੂਨ ਆਮ ਵਰਗਾ ਰਹੇਗਾ। ਇਸ ਤੋਂ ਪਹਿਲਾਂ 2005 ਤੋਂ 2008 ਤੱਕ ਅਤੇ 2010-13 ਤੱਕ ਭਾਰਤ ’ਚ ਮੌਨਸੂਨ ਆਮ ਰਿਹਾ ਸੀ। ਮੋਹਾਪਾਤਰਾ ਨੇ ਕਿਹਾ ਕਿ ਇਸ ਤੋਂ ਇਲਾਵਾ ਜੰਮੂ ਕਸ਼ਮੀਰ, ਲੱਦਾਖ, ਉੱਤਰਾਖੰਡ ਤੇ ਅਰੁਣਾਚਲ ਪ੍ਰਦੇਸ਼ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਜੂਨ ਮਹੀਨੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ। -ਪੀਟੀਆਈ
ਮਹਾਰਾਸ਼ਟਰ ’ਚ ਮੌਨਸੂਨ ਤੋਂ ਪਹਿਲਾਂ ਦੇ ਛਰਾਟੇ
ਮੁੰਬਈ: ਸਤਾਰਾ ਤੇ ਬੀੜ ਸਣੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮੌਨਸੂਨ ਤੋਂ ਪਹਿਲਾਂ ਦੇ ਛਿੱਟੇ ਪਏ। ਭਾਰਤੀ ਮੌਸਮ ਵਿਭਾਗ ਪੁਣੇ ਦੇ ਵਿਗਿਆਨੀ ਕੇ.ਐੱਸ.ਹੋਸਾਲੀਕਰ ਨੇ ਕਿਹਾ ਕਿ ਉਪਗ੍ਰਹਿ ਦੀਆਂ ਤਸਵੀਰਾਂ ਮੁਤਾਬਕ ਦੱਖਣੀ ਪੂਰਬੀ ਅਰਬ ਸਾਗਰ ’ਤੇ ਛਾਏ ਬੱਦਲਾਂ ਦੇ ਕੇਰਲਾ ਅਤੇ ਕਰਨਾਟਕ ਵੱਲ ਜਾਣ ਦੇ ਆਸਾਰ ਹਨ। ਉਨ੍ਹਾਂ ਕਿਹਾ ਕਿ ਇਹ ਦੱਖਣੀ ਖਿੱਤੇ ਲਈ ਚੰਗਾ ਸੰਕੇਤ ਹੈ। -ਪੀਟੀਆਈ