ਨਵੀਂ ਦਿੱਲੀ: ਕੇਂਦਰ ਦੀ ਸੱਤਾ ’ਤੇ ਕਾਬਜ਼ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਵਿੱਤੀ ਸਾਲ 2020-21 ਵਿੱਚ 477.5 ਕਰੋੜ ਰੁਪਏ ਦਾ ਚੰਦਾ ਮਿਲਿਆ। ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਇਸੇ ਅਰਸੇ ਦੌਰਾਨ ਚੰਦੇ ਦੇ ਰੂਪ ਵਿੱਚ 74.50 ਕਰੋੜ ਰੁਪਏ ਮਿਲੇ, ਜੋ ਸੱਤਾਧਾਰੀ ਪਾਰਟੀ ਨੂੰ ਮਿਲੇ ਫੰਡਾਂ ਦਾ ਮਹਿਜ਼ 15 ਫੀਸਦ ਬਣਦਾ ਹੈ। ਚੋਣ ਕਮਿਸ਼ਨ ਨੇ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਚੰਦੇ ਦੇ ਰੂਪ ਵਿੱਚ ਮਿਲੀ ਰਾਸ਼ੀ ਬਾਰੇ ਰਿਪੋਰਟ ਅੱਜ ਜਨਤਕ ਕੀਤੀ। ਰਿਪੋਰਟ ਮੁਤਾਬਕ ਭਾਜਪਾ ਨੂੰ ਵੱਖ ਵੱਖ ਇਕਾਈਆਂ, ਇਲੈਕਟੋਰਲ (ਚੋਣ ਸਬੰਧੀ) ਟਰੱਸਟਾਂ ਤੇ ਵਿਅਕਤੀ ਵਿਸ਼ੇਸ਼ ਤੋਂ 4,77,54,50,077 ਰੁਪਏ ਦਾ ਚੰਦਾ ਮਿਲਿਆ। ਪਾਰਟੀ ਨੇ ਵਿੱਤੀ ਸਾਲ 2020-21 ਦੌਰਾਨ ਮਿਲੇ ਚੰਦੇ ਬਾਰੇ ਰਿਪੋਰਟ ਚੋਣ ਕਮਿਸ਼ਨ ਕੋਲ ਇਸ ਸਾਲ 14 ਮਾਰਚ ਨੂੰ ਦਾਖ਼ਲ ਕੀਤੀ ਸੀ। ਰਿਪੋਰਟ ਮੁਤਾਬਕ ਕਾਂਗਰਸ ਨੂੰ ਵੱਖ ਵੱਖ ਇਕਾਈਆਂ ਤੇ ਵਿਅਕਤੀ ਵਿਸ਼ੇਸ਼ ਤੋਂ 74,50,49,731 ਰੁਪਏ ਦਾ ਚੰਦਾ ਮਿਲਿਆ। ਕਾਬਿਲੇਗੌਰ ਹੈ ਕਿ ਪਾਰਟੀਆਂ ਨੂੰ ਚੋਣ ਕਾਨੂੰਨ ਵਿਚਲੀਆਂ ਵਿਵਸਥਾਵਾਂ ਤਹਿਤ 20 ਹਜ਼ਾਰ ਰੁਪਏ ਤੋਂ ਵੱਧ ਦਾ ਚੰਦਾ ਮਿਲਣ ’ਤੇ ਚੋਣ ਕਮਿਸ਼ਨ ਕੋਲ ਰਿਪੋਰਟ ਦਰਜ ਕਰਨੀ ਹੁੰਦੀ ਹੈ। ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਨੇ ਸਾਲ 2014 ਵਿੱਚ ਕਾਂਗਰਸ ਦੀ ਅਗਵਾਈ ਵਾਲੇ ਸਾਂਝਾ ਪ੍ਰਗਤੀਸ਼ੀਲ ਗੱਠਜੋੜ (ਯੂਪੀਏ) ਨੂੰ ਸੱਤਾ ਤੋਂ ਲਾਂਭੇ ਕੀਤਾ ਸੀ। -ਪੀਟੀਆਈ