ਜਸਬੀਰ ਸ਼ੇਤਰਾ
ਜਗਰਾਉਂ, 18 ਦਸੰਬਰ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਦਾ ਚੌਕੀਮਾਨ ਟੌਲ ’ਤੇ ਚੱਲ ਰਿਹਾ ਧਰਨਾ ਅੱਜ ਵੀ ਜਾਰੀ ਰਿਹਾ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਪ੍ਰੋਗਰਾਮ ਮੁਤਾਬਕ ਟੌਲ ’ਤੇ ਕਿਸਾਨ ਇਕੱਤਰਤਾ ਹੋਈ ਅਤੇ ਪੁਰਾਣੇ ਟੌਲ ਰੇਟ ਬਹਾਲ ਕਰਨ ਲਈ ਨਾਅਰੇਬਾਜ਼ੀ ਕੀਤੀ ਗਈ। ਬੁਲਾਰਿਆਂ ਨੇ ਟੌਲ ਰੇਟ ਵਧਾਉਣ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੁਰਾਣੇ ਰੇਟ ਬਹਾਲ ਕਰਨ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ, ਕੈਪਟਨ ਕੁਲਰਾਜ ਸਿੰਘ ਸਿੱਧਵਾਂ, ਜਸਦੇਵ ਸਿੰਘ ਲਲਤੋਂ, ਮਾਸਟਰ ਆਤਮਾ ਸਿੰਘ ਬੋਪਾਰਾਏ, ਜਸਵੰਤ ਸਿੰਘ ਮਾਨ, ਮੇਜਰ ਸਿੰਘ ਸਵੱਦੀ, ਕਰਨੈਲ ਸਿੰਘ ਸਵੱਦੀ, ਸੂਬੇਦਾਰ ਮਲਕੀਤ ਸਿੰਘ ਵਿਰਕ, ਗੁਰਮੇਲ ਸਿੰਘ ਕੁਲਾਰ ਆਦਿ ਨੇ ਕਿਹਾ ਕਿ ਜੇਕਰ ਟੌਲ ਰੇਟ ’ਚ ਵਾਧਾ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਮੁੱਲਾਂਪੁਰ ਵਿੱਚ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੀਟਿੰਗ ਕਰਕੇ ਅਹਿਮ ਫ਼ੈਸਲੇ ਲਏ ਹਨ, ਜਿਨ੍ਹਾਂ ਨੂੰ ਪਹਿਲਾਂ ਵਾਂਗ ਲਾਗੂ ਕੀਤਾ ਜਾਵੇਗਾ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਹੋਰ ਕਾਂਗਰਸੀ ਆਗੂਆਂ ਤੇ ਮੰਤਰੀਆਂ ਵੱਲੋਂ ਵੋਟਾਂ ਨੇੜੇ ਹੋਣ ਕਰਕੇ ਕਿਸਾਨਾਂ ਦੇ ਹੱਕ ’ਚ ਕਈ ਐਲਾਨ ਕੀਤੇ ਜਾ ਰਹੇ ਹਨ ਪਰ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਪਿਛਲੇ ਪੰਜ ਸਾਲਾਂ ’ਚ ਇਸ ਦਿਸ਼ਾ ਵੱਲ ਕੰਮ ਨਹੀਂ ਹੋਇਆ। ਧਰਨੇ ’ਚ ਗੁਰਮੇਲ ਸਿੰਘ ਢੱਟ, ਬਲਦੇਵ ਸਿੰਘ ਪੰਡੋਰੀ, ਦੇਵ ਸਿੰਘ ਸ਼ੇਖੂਪੁਰਾ, ਇੰਦਰਜੀਤ ਸਿੰਘ ਖਾਲਸਾ ਆਦਿ ਸ਼ਾਮਲ ਸਨ।
ਉਗਰਾਹਾਂ ਧੜੇ ਵੱਲੋਂ ਵੱਲੋਂ ਡੀਸੀ ਦਫ਼ਤਰ ਅੱਗੇ ਧਰਨੇ ਦਾ ਐਲਾਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਜ਼ਿਲ੍ਹਾ ਇਕਾਈ ਨੇ ਪੰਜਾਬ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਅਤੇ ਚੋਣਾਂ ਦੌਰਾਨ ਕਰਜ਼ਾ ਮੁਕਤੀ, ਨਸ਼ਿਆਂ ਦੇ ਖ਼ਾਤਮੇ, ਘਰ-ਘਰ ਰੁਜ਼ਗਾਰ ਦੇ ਵਾਅਦਿਆਂ ਦੀ ਪੂਰਤੀ ਲਈ 20 ਤੋਂ 24 ਦਸੰਬਰ ਤੱਕ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਦੇਣ ਦਾ ਐਲਾਨ ਕੀਤਾ ਹੈ।
ਮੋਰਚੇ ਦੀ ਜਿੱਤ ਦੇ ਸ਼ੁਕਰਾਨੇ ਲਈ ਧਾਰਮਿਕ ਸਮਾਗਮ
ਖੰਨਾ (ਨਿੱਜੀ ਪੱਤਰ ਪ੍ਰੇਰਕ): ਦਿੱਲੀ ’ਚ ਮੋਰਚੇ ਦੀ ਸਫ਼ਲਤਾ ’ਤੇ ਅੱਜ ਇਥੋਂ ਦੀ ਅਨਾਜ ਮੰਡੀ ਵਿੱਚ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰੱਖੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ। ਉਪਰੰਤ ਸੰਦੀਪ ਸਿੰਘ ਰੁਪਾਲੋਂ ਨੇ ਕਿਹਾ ਕਿ ਇਹ ਜਿੱਤ ਸਿਰਫ਼ ਕਿਸਾਨਾਂ ਦੀ ਨਹੀਂ ਬਲਕਿ ਸਾਰੀ ਦੁਨੀਆ ਦੇ ਇਨਸਾਫ਼ ਪਸੰਦ ਲੋਕਾਂ ਦੀ ਜਿੱਤ ਹੈ। ਅਮਰਜੀਤ ਸਿੰਘ ਖੱਟੜਾ ਨੇ ਅੰਦੋਲਨ ਵਿਚ ਸੇਵਾ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ।