ਦੋਰਾਹਾ (ਜੋਗਿੰਦਰ ਸਿੰਘ ਓਬਰਾਏ): ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ‘ਆਪ’ ਨੇ ਰੋਸ ਪ੍ਰਦਰਸ਼ਨ ਕੀਤਾ। ਮਹਿੰਗਾਈ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ‘ਆਪ’ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਚੌਂਦਾ ਤੇ ਹਰਜੀਤ ਸਿੰਘ ਖਰ੍ਹੇ ਨੇ ਕਿਹਾ ਕਿ ਘਰੇਲੂ ਰਸੋਈ ਦੇ ਮਹਿੰਗਾ ਹੋਣ ਨਾਲ ਹਰ ਵਰਗ ਪ੍ਰਭਾਵਿਤ ਹੋ ਰਿਹਾ ਹੈ। ਪੰਜਾਬ ਦੇ ਅਕਾਲੀ ਤੇ ਕਾਂਗਰਸੀ ਲੋਕ ਸਭਾ ਮੈਂਬਰ ਕੇਂਦਰ ਸਰਕਾਰ ਨੂੰ ਮਹਿੰਗਾਈ ਦੇ ਮੁੱਦੇ ’ਤੇ ਘੇਰਨ ’ਚ ਅਸਫ਼ਲ ਰਹੇ ਹਨ। ਇਸ ਮੌਕੇ ਇਲਾਕੇ ਦੇ ਲੋਕਾਂ ਨੇ ਰੇਲਵੇ ਸਟੇਸ਼ਨ ’ਤੇ ਖੱਚਰ ਰੇਹੜੇ ਉੱਤੇ ਐਕਟਿਵਾ ਖੜ੍ਹੀ ਕਰ ਕੇ ਅਤੇ ਗੈਸ ਸਿਲੰਡਰ ’ਤੇ ਅਗਰਬੱਤੀਆਂ ਲਗਾ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਲਾਹਨਤਾਂ ਪਾਈਆਂ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਵਿਚ ਵਾਧਾ ਕਰ ਕੇ ਜਨਤਾ ’ਤੇ ਭਾਰ ਪਾਇਆ ਹੈ, ਜਿਸ ਨਾਲ ਮਜ਼ਦੂਰ ਪਰਿਵਾਰਾਂ ਨੂੰ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਇਸ ਮੌਕੇ ‘ਆਪ’ ਦੀ ਨਵੀਂ ਚੁਣੀ ਕੌਂਸਲਰ ਦਲਵਿੰਦਰ ਕੌਰ ਖਰੇ ਨੇ ਕਿਹਾ ਕਿ ਭਾਜਪਾ ਸਰਕਾਰ ਹਰ ਪੱਖ ਤੋਂ ਫੇਲ੍ਹ ਸਾਬਤ ਹੋਈ ਹੈ।