ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 5 ਅਪਰੈਲ
ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਇੱਕ ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਬੰਦ ਕੀਤਾ ਗਿਆ ਮੁੱਖ ਗੇਟ ਅੱਜ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸਾਂਝੇ ਤੌਰ ’ਤੇ ਖੋਲ੍ਹ ਦਿੱਤਾ। ਮੁੱਖ ਮੰਤਰੀ ਪੰਜਾਬ ਨੇ ਮੰਗਲਵਾਰ ਨੂੰ ਫਰੀਦਕੋਟ ਦੀਆਂ ਸਮੱਸਿਆਵਾਂ ਬਾਰੇ ਇੱਥੋਂ ਦੇ ਵਿਧਾਇਕ, ਪ੍ਰਸ਼ਾਸਨ ਅਤੇ ਸ਼ਹਿਰ ਵਾਸੀਆਂ ਨਾਲ ਮੀਟਿੰਗ ਕਰਨੀ ਹੈ ਪਰ ਇਹ ਮੁੱਦਾ ਮੀਟਿੰਗ ਤੋਂ ਪਹਿਲਾਂ ਹੀ ਨਬਿੇੜ ਲਿਆ ਗਿਆ। ਯੂਨੀਵਰਸਿਟੀ ਇਸ ਗੇਟ ਨੂੰ ਨਾ ਖੋਲ੍ਹਣ ਦੀ ਜ਼ਿੱਦ ’ਤੇ ਸੀ ਅਤੇ ਫਰੀਦਕੋਟ ਦੇ ਲੋਕ ਇਸ ਗੇਟ ਨੂੰ ਖੁਲ੍ਹਵਾਉਣ ਲਈ ਪਿਛਲੇ ਇੱਕ ਸਾਲ ਤੋਂ ਯੂਨੀਵਰਸਿਟੀ ਖਿਲਾਫ਼ ਜਨਤਕ ਲੜਾਈ ਲੜ ਰਹੇ ਸਨ। ਇਸ ਗੇਟ ਦੇ ਬੰਦ ਹੋਣ ਨਾਲ ਫਰੀਦਕੋਟ ਸ਼ਹਿਰ ਅਤੇ ਕੋਟਕਪੂਰਾ ਵਾਲੇ ਪਾਸਿਓਂ ਆਉਣ ਵਾਲੇ ਮਰੀਜ਼ਾਂ ਦਾ ਦਾਖਲਾ ਬੰਦ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਸਾਦਿਕ ਰੋਡ ਵਾਲੇ ਪਾਸਿਓਂ ਹਸਪਤਾਲ ਵਿੱਚ ਆਉਣ ਪੈਂਦਾ ਸੀ ਜੋ ਕਰੀਬ 2 ਕਿਲੋਮੀਟਰ ਜ਼ਿਆਦਾ ਸੀ ਅਤੇ ਇਹ ਸੜਕ ਪਿਛਲੇ ਦੋ ਸਾਲਾਂ ਤੋਂ ਸੀਵਰੇਜ ਲਈ ਪੁੱਟੀ ਹੋਈ ਹੈ।
ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਯੂਨੀਵਰਸਿਟੀ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਇਸ ਗੇਟ ਨੂੰ ਦੁਬਾਰਾ ਬੰਦ ਨਹੀਂ ਕੀਤਾ ਜਾਵੇਗਾ ਅਤੇ ਗੇਟ ਉੱਪਰ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕੀਤੇ ਜਾਣਗੇ।