ਮਨਦੀਪ ਸਿੰਘ ਸਿੱਧੂ
ਮੁਮਤਾਜ਼ ਬੇਗ਼ਮ ਦੀ ਪੈਦਾਇਸ਼ 1905 ਵਿੱਚ ਲਾਹੌਰ ਦੇ ਪੰਜਾਬੀ ਮੁਸਲਿਮ ਪਰਿਵਾਰ ਵਿੱਚ ਹੋਈ। ਬਾਲ ਉਮਰੇ ਹੀ ਇਸ ਨੂੰ ਨੱਚਣ-ਗਾਉਣ ਨਾਲ ਬੜੀ ਉਲਫ਼ਤ ਸੀ। ਚੜ੍ਹਦੀ ਉਮਰ ਵਿੱਚ ਉਹ ਇਸ ਕਲਾ ਵਿੱਚ ਮਾਹਿਰ ਹੋ ਗਈ। ਉਹ ਪੰਜਾਬੀ ਤੋਂ ਇਲਾਵਾ ਉਰਦੂ ਤੇ ਹਿੰਦੀ ਵੀ ਵਧੀਆ ਬੋਲ ਲੈਂਦੀ ਸੀ। ਫ਼ਿਲਮੀ ਖ਼ੇਤਰ ਵਿੱਚ ਦਿਲਚਸਪੀ ਦੇ ਚੱਲਦਿਆਂ ਮੁਮਤਾਜ਼ 1941 ਵਿੱਚ ਨੈਸ਼ਨਲ ਸਟੂਡੀਓ ਵਿੱਚ ਸ਼ਾਮਲ ਹੋ ਗਈ। ਇਸ ਤੋਂ ਬਾਅਦ ਅਜੀਤ, ਭਾਰਤ, ਬੰਬੇ ਟਾਕੀਜ਼ ਕੰਪਨੀ ਨਾਲ ਜੁੜ ਗਈ। ਉਸ ਨੇ ਹਿੰਦੀ ਤੇ ਪੰਜਾਬੀ ਫ਼ਿਲਮਾਂ ਵਿੱਚ ਵੀ ‘ਮਾਂ’ ਦੇ ਕਿਰਦਾਰਾਂ ਨੂੰ ਇੰਨੀ ਉਮਦਗੀ ਨਾਲ ਅਦਾ ਕੀਤਾ ਕਿ ਉਹਦੇ ਹਰ ਕਿਰਦਾਰ ਵਿੱਚੋਂ ਮਾਂ ਦੀ ਮਮਤਾ ਦਾ ਝਲਕਾਰਾ ਡੁੱਲ੍ਹ-ਡੱਲ੍ਹ ਪੈਂਦਾ ਸੀ। ਅਦਾਕਾਰੀ ਦੇ ਇਲਾਵਾ ਉਸ ਨੇ 1940ਵਿਆਂ ਦੇ ਦਹਾਕੇ ਦੀਆਂ ਕੁਝ ਫ਼ਿਲਮਾਂ ਵਿੱਚ ਬਤੌਰ ਗੁਲੂਕਾਰਾ ਕੁਝ ਗੀਤ ਵੀ ਗਾਏ ਸਨ।
ਅਜੀਤ ਮੂਵੀਟੋਨ, ਬੰਬੇ ਨੇ ਏ. ਆਰ. ਕਾਬੁਲੀ (ਅਬਦੁੱਲ ਰਹਿਮਾਨ ਕਾਬੁਲੀ) ਦੀ ਹਿਦਾਇਤਕਾਰੀ ਵਿੱਚ ਸਟੰਟ ਫ਼ਿਲਮ ‘ਸ਼ਾਹੀ ਲੁਟੇਰਾ’ (1935) ਤੇ ਭਾਰਤ ਪ੍ਰੋਡਕਸ਼ਨਜ਼, ਬੰਬੇ ਨੇ ਰਮਨਲਾਲ ਦੇਸਾਈ ਦੀ ਹਿਦਾਇਤਕਾਰੀ ਵਿੱਚ ਸਟੰਟ ਫ਼ਿਲਮ ‘ਭਾਗਤਾ ਭੂਤ’ (1943) ਵਰਗੀਆਂ ਸ਼ੁਰੂਆਤੀ ਫ਼ਿਲਮਾਂ ਵਿੱਚ ਮੁਮਤਾਜ਼ ਬੇਗ਼ਮ ਨੇ ਮਜ਼ਾਹੀਆ ਤੇ ਚਰਿੱਤਰ ਅਦਾਕਾਰਾ ਦੀ ਹੈਸੀਅਤ ਨਾਲ ਕੰਮ ਕੀਤਾ। ਉਸ ਨੇ ਬੰਬੇ ਟਾਕੀਜ਼, ਬੰਬੇ ਦੀ ਨਜ਼ਮ ਨਕਵੀ ਨਿਰਦੇਸ਼ਿਤ ਫ਼ਿਲਮ ‘ਪੁਨਰਮਿਲਨ’ (1940) ’ਚ ਸਹਾਇਕ ਅਦਾਕਾਰਾ ਅਤੇ ਸਨਰਾਈਜ਼ ਪਿਕਚਰਜ਼, ਬੰਬੇ ਦੀ ਜੇ. ਪੀ. ਅਡਵਾਨੀ ਨਿਰਦੇਸ਼ਿਤ ਫ਼ਿਲਮ ‘ਸੁਹਾਗਨ’ (1942) ’ਚ ਸੰਗੀਤਕਾਰ ਸ਼ਾਂਤੀ ਰਾਮ ਦੇਸਾਈ ਦੇ ਸੰਗੀਤ ’ਚ ਐੱਮ. ਆਰ. ਕਪੂਰ ਦਾ ਲਿਖਿਆ ਇੱਕ ਗੀਤ ਗਾਇਆ ‘ਜ਼ਰਾ ਬਾਜਾ ਬੀਨ ਬਜਾ ਰਸੀਆ ਮੈਂ ਨਾਚੂੰ ਔਰ ਤੂ ਗਾ’ ਜੋ ਅਦਾਕਾਰਾ ਰਾਧਾ ਰਾਣੀ ਉੱਤੇ ਫ਼ਿਲਮਾਇਆ ਗਿਆ ਸੀ।
ਪੰਜਾਬੀ ਫ਼ਿਲਮਾਂ ਵਿੱਚ ਵੀ ਉਸ ਨੇ ਚਰਿੱਤਰ ਅਦਾਕਾਰਾ ਵਜੋਂ ਸ਼ਾਨਦਾਰ ਕਿਰਦਾਰ ਨਿਭਾਏ। ਜਦੋਂ ਕੇ. ਬੀ. ਚੱਢਾ ਨੇ ਆਪਣੇ ਫ਼ਿਲਮਸਾਜ਼ ਅਦਾਰੇ ਫ਼ਿਲਮਏਜ਼, ਬੰਬੇ ਦੇ ਬੈਨਰ ਹੇਠ ਪੰਜਾਬੀ ਫ਼ਿਲਮ ‘ਜੱਗਾ’ (1964) ਬਣਾਈ ਤਾਂ ਮੁਮਤਾਜ਼ ਬੇਗ਼ਮ ਨੇ ‘ਜੱਗਾ’ ਦੀ ਮਾਂ ਦਾ ਕਿਰਦਾਰ ਨਿਭਾਇਆ ਜਦੋਂਕਿ ਫ਼ਿਲਮ ਦਾ ਟਾਈਟਲ ਪਾਰਟ ਦਾਰਾ ਸਿੰਘ ਅਦਾ ਕਰ ਰਿਹਾ ਸੀ। ਹਿੰਦੀ ਵਿੱਚ ਇਹ ਫ਼ਿਲਮ ਸਕਰੀਨ ਐਂਟਰਟੇਨਰਜ਼, ਬੰਬੇ ਦੇ ਬੈਨਰ ਹੇਠ ‘ਬਹਾਦੁਰ ਡਾਕੂ’ (1966) ਦੇ ਸਿਰਲੇਖ ਹੇਠ ਡੱਬ ਹੋਈ। ਇਸ ਕਾਮਯਾਬ ਫ਼ਿਲਮ ਨੂੰ 31 ਮਈ 1965 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਹੋਏ 12ਵੇਂ ਰਾਸ਼ਟਰੀ ਫ਼ਿਲਮ ਐਵਾਰਡ ਦੌਰਾਨ ਬੈਸਟ ਪੰਜਾਬੀ ਫ਼ੀਚਰ ਫ਼ਿਲਮ ਦਾ ‘ਪ੍ਰੈਜੀਡੈਂਟ ਸਿਲਵਰ ਮੈਡਲ’ ਮਿਲਿਆ। ਪਦਮ ਮਹੇਸ਼ਵਰੀ ਦੇ ਫ਼ਿਲਮਸਾਜ਼ ਅਦਾਰੇ ਮਾਹੇਸ਼ਵਰੀ ਪਿਕਚਰਜ਼, ਬੰਬੇ ਦੀ ਪਦਮ ਮਾਹੇਸ਼ਵਰੀ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਸਤਲੁਜ ਦੇ ਕੰਢੇ’ (1964) ’ਚ ਉਸ ਨੇ ਫ਼ਿਲਮ ’ਚ ‘ਚੀਫ਼ ਇੰਜੀ. ਰਾਮ ਪ੍ਰਕਾਸ਼ ਮਲਹੋਤਰਾ’ ਦਾ ਮੁੱਖ ਕਿਰਦਾਰ ਨਿਭਾ ਰਹੇ ਮਾਰੂਫ਼ ਅਦਾਕਾਰ ਬਲਰਾਜ ਸਾਹਨੀ ਦੀ ਮਾਂ ਦਾ ਸੋਹਣਾ ਰੋਲ ਕੀਤਾ। ਇਸ ਉਮਦਾ ਫ਼ਿਲਮ ਨੂੰ 1967 ਵਿੱਚ ਐਲਾਨੀ ਗਈ ਬੈਸਟ ਪੰਜਾਬੀ ਫ਼ੀਚਰ ਫ਼ਿਲਮ ਦਾ ‘ਸਰਟੀਫਿਕੇਟ ਆਫ ਮੈਰਿਟ’ 25 ਨਵੰਬਰ 1968 ਵਿੱਚ 15ਵੇਂ ਰਾਸ਼ਟਰੀ ਫ਼ਿਲਮ ਐਵਾਰਡ ਦੌਰਾਨ ਮਿਲਿਆ। ਸੰਗੀਤਕਾਰ ਐੱਸ. ਮੋਹਿੰਦਰ ਤੇ ਜੇ. ਏ. ਸੇਠੀ ਦੇ ਫ਼ਿਲਮਸਾਜ਼ ਅਦਾਰੇ ਐੱਮ. ਐਂਡ. ਜੇ. ਪ੍ਰੋਡਕਸ਼ਨਜ਼, ਬੰਬੇ ਦੀ ਬੀ. ਐੱਸ. ਗਲਾਡ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਚੰਬੇ ਦੀ ਕਲੀ’ (1965) ’ਚ ਮੁਮਤਾਜ਼ ਨੇ ‘ਰਾਜੂ’ ਦਾ ਪਾਰਟ ਅਦਾ ਕਰ ਰਹੇ ਅਦਾਕਾਰ ਰਵਿੰਦਰ ਕਪੂਰ ਦੀ ਮਾਂ ਦਾ ਕਿਰਦਾਰ ਅਦਾ ਕੀਤਾ। ਰਾਜਕੁਮਾਰ ਕੋਹਲੀ ਦੇ ਫ਼ਿਲਮਸਾਜ਼ ਅਦਾਰੇ ਸ਼ੰਕਰ ਮੂਵੀਜ਼, ਬੰਬੇ ਦੀ ਬਲਦੇਵ ਆਰ. ਝੀਂਗਣ ਨਿਰਦੇਸ਼ਿਤ ਸਟੰਟ ਪੰਜਾਬੀ ਫ਼ਿਲਮ ‘ਦੁੱਲਾ ਭੱਟੀ’ (1966) ’ਚ ਉਸ ਨੇ ਇੱਕ ਵਾਰ ਫਿਰ ਮਾਂ ਦੀ ਭੂਮਿਕਾ ਅਦਾ ਕੀਤੀ। ਇਹ ਕਾਮਯਾਬ ਫ਼ਿਲਮ ਹਿੰਦੀ ਵਿੱਚ ‘ਡੰਕਾ’ (1969) ਦੇ ਸਿਰਲੇਖ ਹੇਠ ਡੱਬ ਹੋਈ। ਡੀ. ਸੋਹਨਾ ਦੇ ਫ਼ਿਲਮਸਾਜ਼ ਅਦਾਰੇ ਨੀਲਮ ਪ੍ਰੋਡਕਸ਼ਨਜ਼, ਬੰਬੇ ਦੀ ਡੀ. ਸੋਹਨਾ ਨਿਰਦੇਸ਼ਿਤ ਦੇਸ਼ ਭਗਤੀ ਪੰਜਾਬੀ ਫ਼ਿਲਮ ‘ਗੱਭਰੂ ਦੇਸ਼ ਪੰਜਾਬ ਦੇ’ (1966) ’ਚ ਉਸ ਨੇ ਰਵਿੰਦਰ ਕਪੂਰ ਦੀ ਮਾਂ ਦਾ ਪਾਰਟ ਅਦਾ ਕੀਤਾ।
ਮਹਿੰਦਰ ਵਾਹੀ ਦੇ ਫ਼ਿਲਮਸਾਜ਼ ਅਦਾਰੇ ਮਹਿੰਦਰ ਪ੍ਰੋਡਕਸ਼ਨਜ਼, ਬੰਬੇ ਦੀ ਮਹਿੰਦਰ ਵਾਹੀ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਦੁਪੱਟਾ’ (1970) ’ਚ ਉਸ ਨੇ ‘ਭੋਲੀ’ ਦਾ ਪਾਰਟ ਅਦਾ ਕਰ ਰਹੀ ਅਦਾਕਾਰਾ ਇੰਦਰਾ ਬਿੱਲੀ ਦੀ ਮਾਂ ਦਾ ਰੋਲ ਕੀਤਾ। ਇਹ ਫ਼ਿਲਮ 26 ਮਾਰਚ 1971 ਨੂੰ ਚਿੱਤਰਾ ਟਾਕੀਜ਼, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ। ਜਗਦੀਸ਼ ਗਾਰਗੀ ਦੇ ਫ਼ਿਲਮਸਾਜ਼ ਅਦਾਰੇ ਜਗਦੀਪ ਮੂਵੀਜ਼, ਬੰਬੇ ਦੀ ਓਮੀ ਬੇਦੀ ਨਿਰਦੇਸ਼ਿਤ ਫ਼ਿਲਮ ‘ਕਣਕਾਂ ਦੇ ਓਹਲੇ’ (1971) ’ਚ ਮੁਮਤਾਜ਼ ਨੇ ਕਰਤਾਰਾ ਦਾ ਪਾਰਟ ਅਦਾ ਕਰ ਰਹੇ ਚਰਿੱਤਰ ਅਦਾਕਾਰ ਉਮਾ ਦੱਤ ਦੀ ਪਤਨੀ ਤੇ ਅਦਾਕਾਰ ਰਵਿੰਦਰ ਕਪੂਰ (ਮਦਨ) ਦੀ ਮਾਂ ‘ਲਾਜੋ’ ਦਾ ਜਜ਼ਬਾਤੀ ਰੋਲ ਅਦਾ ਕੀਤਾ। ਸਪਨ ਜਗਮੋਹਨ ਦੇ ਸੰਗੀਤ ਵਿੱਚ ਨਕਸ਼ ਲਾਇਲਪੁਰੀ ਦਾ ਲਿਖਿਆ ਜਜ਼ਬਾਤੀ ਗੀਤ ‘ਰੱਬਾ ਵੇ ਤੇਰੀਆਂ ਬੇਪਰਵਾਹੀਆਂ’ (ਮੁਹੰਮਦ ਰਫ਼ੀ) ਦੇ ਪਸਮੰਜ਼ਰ ਵਿੱਚ ਮੁਮਤਾਜ਼ ਬੇਗ਼ਮ ਤੇ ਮਾਸਟਰ ਰਤਨ ਮੌਜੂਦ ਹਨ। ਇਹ ਫ਼ਿਲਮ 11 ਫਰਵਰੀ 1972 ਨੂੰ ਨੰਦਨ ਸਿਨਮਾ, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ। ਦਾਰਾ ਸਿੰਘ ਦੇ ਫ਼ਿਲਮਸਾਜ਼ ਅਦਾਰੇ ਦਾਰਾ ਪ੍ਰੋਡਕਸ਼ਨਜ਼, ਬੰਬੇ ਦੀ ਦਾਰਾ ਸਿੰਘ ਨਿਰਦੇਸ਼ਿਤ ਤੇ ਵੰਡ ਦੇ ਮੌਜ਼ੂ ’ਤੇ ਬਣੀ ਪੰਜਾਬੀ ਫ਼ਿਲਮ ‘ਨਾਨਕ ਦੁਖੀਆ ਸਭ ਸੰਸਾਰ’ (1971) ’ਚ ਉਸ ਨੇ ਅਦਾਕਾਰਾ ਮੀਨਾ ਰਾਏ ਦੀ ਭੂਆ ਤੇ ਅਦਾਕਾਰ ਬਲਰਾਜ ਸਾਹਨੀ (ਰਿਟਾਇਰਡ ਫੌਜੀ ਸੂਬੇਦਾਰ ਵਰਿਆਮ ਸਿੰਘ) ਦੀ ਭੈਣ ਦਾ ਕਿਰਦਾਰ ਨਿਭਾਇਆ। ਇਹ ਫ਼ਿਲਮ 2 ਜੁਲਾਈ 1971 ਨੂੰ ਆਦਰਸ਼ ਸਿਨਮਾ, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ ਸੁਪਰਹਿੱਟ ਫ਼ਿਲਮ ਕਰਾਰ ਪਾਈ। ਰਮਿੰਦਰ ਰੰਧਾਵਾ ਦੇ ਫ਼ਿਲਮਸਾਜ਼ ਅਦਾਰੇ ਫਰੈਂਡਜ਼ ਇੰਟਰਨੈਸ਼ਨਲ ਪਿਕਚਰਜ਼, ਬੰਬੇ ਦੀ ਸੁਭਾਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਚੰਗੇ ਮੰਦੇ ਤੇਰੇ ਬੰਦੇ’ (1976) ’ਚ ਉਸ ਨੇ ‘ਰਾਣੋ’ ਦਾ ਪਾਰਟ ਨਿਭਾ ਰਹੀ ਅਦਾਕਾਰਾ ਸੋਨੀਆ ਸਾਹਨੀ (ਪਤਨੀ ਆਈ. ਐੱਸ. ਜੌਹਰ) ਦੀ ਮਾਂ ਤੇ ਮਨਮੋਹਨ ਕ੍ਰਿਸ਼ਨ ਦੀ ਪਤਨੀ ਦਾ ਰੋਲ ਅਦਾ ਕੀਤਾ। ਇਹ ਫ਼ਿਲਮ 9 ਮਈ 1980 ਨੂੰ ਇੰਦਰ ਪੈਲੇਸ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਇੰਦਰਜੀਤ ਹਸਨਪੁਰੀ ਦੇ ਫ਼ਿਲਮਸਾਜ਼ ਅਦਾਰੇ ਲੁਧਿਆਣਾ ਫ਼ਿਲਮਜ਼, ਲੁਧਿਆਣਾ ਦੀ ਧਰਮ ਕੁਮਾਰ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਦਾਜ’ (1976) ’ਚ ਉਸ ਨੇ ‘ਰਾਣੋ’ ਦਾ ਪਾਰਟ ਅਦਾ ਕਰ ਰਹੀ ਮਹਿਮਾਨ ਅਦਾਕਾਰਾ ਰੂਬੀ ਸਿੰੰਘ ਦੀ ਮਾਂ ਤੇ ਨਜ਼ੀਰ ਹੁਸੈਨ ਦੀ ਪਤਨੀ ਦਾ ਜਜ਼ਬਾਤੀ ਕਿਰਦਾਰ ਨਿਭਾਇਆ। ਦਾਜ ਪ੍ਰਥਾ ’ਤੇ ਆਧਾਰਿਤ ਇਹ ਫ਼ਿਲਮ ਹਿੰਦੀ ਵਿੱਚ ‘ਦਹੇਜ’ (1981) ਦੇ ਸਿਰਲੇਖ ਹੇਠ ਡੱਬ ਹੋਈ। ਦਾਰਾ ਪ੍ਰੋਡਕਸ਼ਨਜ਼, ਬੰਬੇ ਦੀ ਦਾਰਾ ਸਿੰਘ ਨਿਰਦੇਸ਼ਿਤ ਧਾਰਮਿਕ ਪੰਜਾਬੀ ਫ਼ਿਲਮ ‘ਸਵਾ ਲਾਖ ਸੇ ਏਕ ਲੜਾਊਂ’ (1976) ’ਚ ਉਸ ਨੇ ਗਫ਼ੂਰ ਖ਼ਾਨ ਦਾ ਕਿਰਦਾਰ ਨਿਭਾ ਰਹੇ ਤਿਰਲੋਕ ਕਪੂਰ ਦੀ ਪਤਨੀ ਤੇ ‘ਨੂਰਾਂ’ ਦਾ ਪਾਤਰ ਅਦਾ ਕਰ ਰਹੀ ਯੋਗਿਤਾ ਬਾਲੀ (ਭਤੀਜੀ ਗੀਤਾ ਬਾਲੀ) ਦੀ ਮਾਂ ‘ਹਮੀਦਾ’ ਦਾ ਸੋਹਣਾ ਪਾਰਟ ਅਦਾ ਕੀਤਾ। ਰਾਜ ਕੁਮਾਰ ਗੁਪਤਾ ਦੇ ਫ਼ਿਲਮਸਾਜ਼ ਅਦਾਰੇ ਭਾਰਤ ਆਰਟ ਇੰਟਰਨੈਸ਼ਨਲ, ਬੰਬੇ ਦੀ ਸੁਖਦੇਵ ਆਹਲੂਵਾਲੀਆ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਟਾਕਰਾ’ (1976) ਵਿੱਚ ਉਸ ਨੇ ਨਵੇਂ ਚਿਹਰੇ ਵਜੋਂ ਮੁਤਆਰਿਫ਼ ਹੋਏ ਅਦਾਕਾਰ ਚੰਦਰ ਮੋਹਨ (ਰਾਜੂ/ਰਜੇਸ਼) ਦੀ ਮਾਂ ਦਾ ਰੋਲ ਨਿਭਾਇਆ। ਅਸ਼ੋਕ ਕਪੂਰ ਦੇ ਫ਼ਿਲਮਸਾਜ਼ ਅਦਾਰੇ ਗੁਰੂ ਫ਼ਿਲਮਜ਼, ਬੰਬੇ ਦੀ ਐੱਸ. ਆਰ. ਕਪੂਰ ਨਿਰਦੇਸ਼ਿਤ ਧਾਰਮਿਕ ਪੰਜਾਬੀ ਫ਼ਿਲਮ ‘ਗੁਰੂ ਮਾਨਿਓ ਗ੍ਰੰਥ’ (1977) ’ਚ ਉਸ ਨੇ ‘ਸਰਦਾਰ ਕਿਸ਼ਨ ਸਿੰਘ’ ਦਾ ਕਿਰਦਾਰ ਅਦਾ ਕਰ ਰਹੇ ਪਿੰਚੂ ਕਪੂਰ ਦੀ ਭੈਣ ਤੇ ‘ਬਸੰਤ ਕੌਰ’ ਦਾ ਪਾਰਟ ਅਦਾ ਕੀਤਾ। ਸਤੀਸ਼ ਭਾਖੜੀ ਦੇ ਫ਼ਿਲਮਸਾਜ਼ ਅਦਾਰੇ ਪੀ. ਐੱਲ. ਫ਼ਿਲਮਜ਼ ਇੰਟਰਨੈਸ਼ਨਲ, ਬੰਬੇ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਲੱਛੀ’ (1977) ’ਚ ਉਸ ਨੇ ਇਮਾਨਦਾਰ ਥਾਣੇਦਾਰ ‘ਨੇਕ ਚੰਦ’ ਦੀ ਪਤਨੀ ਅਤੇ ਸਤੀਸ਼ ਕੌਲ (ਰਾਜੂ) ਤੇ ਰਜ਼ਾ ਮੁਰਾਦ (ਬਿੱਲਾ) ਦੀ ਮਾਂ ਦਾ ਪਾਰਟ ਅਦਾ ਕੀਤਾ। ਹਿੰਦੀ ਵਿੱਚ ਇਹ ਫ਼ਿਲਮ ਐੱਮ. ਕੇ. ਬੀ. ਫ਼ਿਲਮਜ਼, ਬੰਬੇ ਦੇ ਬੈਨਰ ਹੇਠ ‘ਬਦਮਾਸ਼ੋਂ ਕਾ ਬਦਮਾਸ਼’ (1977) ਸਿਰਲੇਖ ਹੇਠ ਡੱਬ ਹੋਈ। ਸੀ. ਆਰ. ਤ੍ਰਿਵੇਦੀ ਦੇ ਫ਼ਿਲਮਸਾਜ਼ ਅਦਾਰੇ ਵਿਨਾਇਕ ਫ਼ਿਲਮਜ਼, ਬੰਬੇ ਦੀ ਸੋਮ ਹਕਸਰ ਨਿਰਦੇਸ਼ਿਤ ਫ਼ਿਲਮ ‘ਨੱਚਦੀ ਜਵਾਨੀ’ (1977) ’ਚ ਮੁਮਤਾਜ਼ ਨੇ ਰੇਲਵੇ ਦੇ ਟੀ. ਟੀ. ਮਾਸਟਰ ਦਾ ਪਾਰਟ ਨਿਭਾ ਰਹੇ ਸੁਜੀਤ ਕੁਮਾਰ ਦੀ ਮਾਂ ਦਾ ਰੋਲ ਨਿਭਾਇਆ। ਅਜੀਤ ਸਿੰਘ ਦਿਓਲ ਦੇ ਫ਼ਿਲਮਸਾਜ਼ ਅਦਾਰੇ ਅਜੀਤ ਆਰਟਸ, ਬੰਬੇ ਦੀ ਅਜੀਤ ਸਿੰਘ ਦਿਓਲ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਸੰਤੋ-ਬੰਤੋ’ (1977) ’ਚ ਉਸ ਨੇ ਅਦਾਕਾਰ ਵਰਿੰਦਰ (ਜੀਤਾ) ਤੇ ਸ਼ਤਰੂਘਨ ਸਿਨਹਾ (ਫ਼ੌਜੀ ਅਫ਼ਸਰ) ਦੀ ਬੇਬੇ (ਮਾਂ) ‘ਰੁਕਮਣੀ’ ਦਾ ਪਾਰਟ ਅਦਾ ਕੀਤਾ। ਜਸਵੰਤ ਸਿੰਘ ਨਾਰੰਗ ਦੇ ਫ਼ਿਲਮਸਾਜ਼ ਅਦਰੇ ਜਸਵੰਤ ਫ਼ਿਲਮਜ਼, ਬੰਬੇ ਦੀ ਸੁਭਾਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਸ਼ੇਰ ਪੁੱਤਰ’ (1977) ’ਚ ਮੁਮਤਾਜ਼ ਨੇ ਅਦਾਕਾਰਾ ਪਦਮਾ ਖੰਨਾ (ਰਾਧਾ) ਦੀ ਮਾਂ ਤੇ ਮਦਨ ਪੁਰੀ (ਸੇਠ ਮਦਨ ਲਾਲ) ਦੀ ਪਤਨੀ ‘ਲਾਜਵੰਤੀ’ ਦਾ ਕਿਰਦਾਰ ਨਿਭਾਇਆ। ਟੀ. ਐੱਸ. ਬਵੇਜਾ ਦੇ ਫ਼ਿਲਮਸਾਜ਼ ਅਦਾਰੇ ਪੰਜਾਬ ਪਿਕਚਰਜ਼, ਬੰਬੇ ਦੀ ਪ੍ਰੋਫੈਸਰ ਨਰੂਲਾ ਨਿਰਦੇਸ਼ਿਤ ਫ਼ਿਲਮ ‘ਵੰਗਾਰ’ (1977) ’ਚ ਉਸ ਨੇ ਅਦਾਕਾਰਾ ਮੀਨਾ ਰਾਏ (ਨਿੰਮੋ) ਦੀ ਭੂਆ ਅਤੇ ਚਮਨ ਪੁਰੀ (ਨੇਕੀ ਰਾਮ) ਤੇ ਮਦਨ ਪੁਰੀ (ਚੇਤ ਰਾਮ) ਦੀ ਭੈਣ ‘ਬਿਸ਼ਨੀ’ ਦਾ ਪਾਰਟ ਅਦਾ ਕੀਤਾ। ਡੀ. ਸੋਹਨ ਦੇ ਫ਼ਿਲਮਸਾਜ਼ ਅਦਾਰੇ ਨੀਲਮ ਪ੍ਰੋਡਕਸ਼ਨਜ਼, ਬੰਬੇ ਦੀ ਓਮੀ ਬੇਦੀ ਨਿਰਦੇਸ਼ਿਤ ਮਜ਼ਾਹੀਆ ਪੰਜਾਬੀ ਫ਼ਿਲਮ ‘ਯਮਲਾ ਜੱਟ’ (1977) ’ਚ ਉਸ ਨੇ ‘ਲੰਬੜਦਾਰ’ ਦਾ ਪਾਰਟ ਨਿਭਾ ਰਹੇ ਚਮਨ ਪੁਰੀ ਦੀ ਪਤਨੀ ਤੇ ਅਦਾਕਾਰਾ ਹੈਲਨ (ਬਿੱਲੋ) ਦੀ ਮਾਂ ਦਾ ਰੋਲ ਕੀਤਾ। ਮਿਹਰ ਮਿੱਤਲ ਤੇ ਦੇਵ ਰਾਜ ਬਾਂਸਲ ਦੇ ਫ਼ਿਲਮਸਾਜ਼ ਅਦਾਰੇ ਸ਼ਿਵਾਲਕ ਫ਼ਿਲਮਜ਼, ਬੰਬੇ ਦੀ ਸੁਖਦੇਵ ਆਹਲੂਵਾਲੀਆ ਨਿਰਦੇਸ਼ਿਤ ਭਗਤੀ ਪ੍ਰਧਾਨ ਫ਼ਿਲਮ ‘ਜੈ ਮਾਤਾ ਸ਼ੇਰਾਂਵਾਲੀ’ (1978) ’ਚ ਉਸ ਨੇ ਮਿਹਰ ਮਿੱਤਲ (ਸ਼ਰਾਬੀ ਕੰਡਕਟਰ ਡੌਲੀ) ਦੀ ਮਾਂ ਦਾ ਪਾਰਟ ਨਿਭਾਇਆ। ਜੀ. ਐਂਡ ਜੀ. ਫ਼ਿਲਮਜ਼, ਬੰਬੇ ਦੀ ਧਰਮ ਕੁਮਾਰ ਨਿਰਦੇਸ਼ਿਤ ਫ਼ਿਲਮ ‘ਜਿੰਦੜੀ ਯਾਰ ਦੀ’ (1978) ’ਚ ਉਸ ਨੇ ਅਦਾਕਾਰਾ ਪਦਮਾ ਖੰਨਾ (ਸ਼ਾਂਤੀ) ਦੀ ਮਾਂ ਤੇ ਮੰਦਰ ਦੀ ਭਗਤਣੀ ਦਾ ਚਰਿੱਤਰ ਅਦਾ ਕੀਤਾ। ਹਿਦਾਇਤਕਾਰ ਹਰੀ ਦੱਤ ਦੇ ਫ਼ਿਲਮਸਾਜ਼ ਅਦਾਰੇ ਸੰਸਾਰ ਚਿੱਤਰਾ, ਬੰਬੇ ਦੀ ਪੰਜਾਬੀ ਫ਼ਿਲਮ ‘ਉਡੀਕਾਂ’ (1978) ’ਚ ਮੁਮਤਾਜ਼ ਬੇਗਮ ਨੇ ‘ਤੇਜਾ ਸਿੰਘ ਫ਼ੌਜੀ’ ਦਾ ਕਿਰਦਾਰ ਨਿਭਾ ਰਹੇ ਪ੍ਰੀਕਸ਼ਤ ਸਾਹਨੀ ਦੀ ਮਾਂ ਦਾ ਸੋਹਣਾ ਪਾਰਟ ਅਦਾ ਕੀਤਾ। ਅਮਰੀਸ਼ ਐੱਲ. ਭਾਖੜੀ ਦੇ ਫ਼ਿਲਮਸਾਜ਼ ਅਦਾਰੇ ਭਾਖੜੀ ਫ਼ਿਲਮਜ਼, ਬੰਬੇ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਜੱਟ ਪੰਜਾਬੀ’ (1979) ’ਚ ਉਸ ਨੇ ‘ਧਰਮੂ ਲੰਗੜੇ’ ਦਾ ਰੋਲ ਕਰ ਰਹੇ ਯਸ਼ ਸ਼ਰਮਾ ਦੀ ਮਾਂ ਦਾ ਪਾਤਰ ਨਿਭਾਇਆ। ਇੰਦਰਜੀਤ ਹਸਨਪੁਰੀ ਦੇ ਫ਼ਿਲਮਸਾਜ਼ ਅਦਾਰੇ ਲੁਧਿਆਣਾ ਫ਼ਿਲਮਜ਼ ਲੁਧਿਆਣਾ ਦੀ ਧਰਮ ਕੁਮਾਰ ਨਿਰਦੇਸ਼ਿਤ ਫ਼ਿਲਮ ‘ਸੁਖੀ ਪਰਿਵਾਰ’ (1979) ’ਚ ਉਸ ਨੇ ‘ਕੁਮਾਰ’/ ‘ਕੁਲਦੀਪ’ ਦਾ ਪਾਰਟ ਅਦਾ ਕਰ ਰਹੇ ਧੀਰਜ ਕੁਮਾਰ ਦੀ ਮਾਂ ਦਾ ਕਿਰਦਾਰ ਅਦਾ ਕੀਤਾ।
ਕਮਲਜੀਤ ਸਿੰਘ ਕਵਾਤੜਾ ਦੇ ਫ਼ਿਲਮਸਾਜ਼ ਅਦਾਰੇ ਕਵਾਤੜਾ ਮੂਵੀਜ਼, ਬੰਬੇ ਦੀ ਚਮਨ ਨੀਲੈ ਨਿਰਦੇਸ਼ਿਤ ਮਜ਼ਾਹੀਆ ਪੰਜਾਬੀ ਫ਼ਿਲਮ ‘ਦੋ ਪੋਸਤੀ’ (1981) ’ਚ ਉਸ ਨੇ ਨਜ਼ੀਰ ਹੁਸੈਨ (ਨੰਬਰਦਾਰ) ਦੀ ਪਤਨੀ ‘ਨੰਬਰਦਾਰਨੀ’ ਦਾ ਪਾਰਟ ਨਿਭਾਇਆ। ਜਨਕਰਾਜ ਸ਼ਰਮਾ ਦੇ ਫ਼ਿਲਮਸਾਜ਼ ਅਦਾਰੇ ਜੇ. ਆਰ. ਇੰਟਰਨੈਸ਼ਨਲ, ਬੰਬੇ ਦੀ ਸੁਰਿੰਦਰ ਸਿੰਘ ਨਿਰਦੇਸ਼ਿਤ ਫ਼ਿਲਮ ‘ਰੇਸ਼ਮਾ’ (1982) ’ਚ ਉਸ ਨੇ ‘ਮਨਜੀਤ’ ਦਾ ਪਾਤਰ ਨਿਭਾ ਰਹੇ ਸ਼ਲਿੰਦਰ ਸਿੰਘ (ਮਸ਼ਹੂਰ ਗਾਇਕ) ਦੀ ਮਾਂ ਦਾ ਰੋਲ ਕੀਤਾ। ਡੀ. ਐੱਮ. ਇੰਟਰਪ੍ਰਾਈਸਜ਼, ਬੰਬੇ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਬੱਗਾ ਡਾਕੂ’ (1983) ’ਚ ਉਸ ਨੇ ਸਤੀਸ਼ ਕੌਲ (ਅਮਰ) ਦੀ ਮਾਂ ਦਾ ਕਿਰਦਾਰ ਨਿਭਾਇਆ। ਏ. ਐੱਸ. ਆਰ. ਪ੍ਰੋਡਕਸ਼ਨਜ਼ (ਪ੍ਰਾ) ਲਿਮਟਿਡ, ਬੰਬੇ ਦੀ ਅਨਿਲ ਗੰਦੋਤਰਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਜਾਗ ਪੰਜਾਬੀ ਸ਼ੇਰਾ’ (1987) ਮੁਮਤਾਜ਼ ਬੇਗਮ ਦੀ ਆਖ਼ਰੀ ਪੰਜਾਬੀ ਫ਼ਿਲਮ ਕਰਾਰ ਪਾਈ, ਜਿਸ ਵਿੱਚ ਉਸ ਨੇ ਅਦਾਕਾਰਾ ਮੀਨਾ ਰਾਏ (ਰੇਖਾ) ਦੀ ਮਾਂ ਦਾ ਰੋਲ ਕੀਤਾ। ਇਸ ਤੋਂ ਇਲਾਵਾ ਵਿਸ਼ਾਲ ਰਾਜ ਪ੍ਰੋਡਕਸ਼ਨਜ਼, ਬੰਬੇ ਦੀ ਦਲਜੀਤ ਨਿਰਦੇਸ਼ਿਤ ਭਗਤੀ ਪ੍ਰਧਾਨ ਫ਼ਿਲਮ ‘ਜੈ ਮਾਤਾ ਦੀ’ (1977) ਤੇ ਗੁਲਾਬ ਸਿੰਘ ਦੇ ਫ਼ਿਲਮਸਾਜ਼ ਅਦਾਰੇ ਗੁਲਾਬ ਆਰਟ ਇੰਟਰਨੈਸ਼ਨਲ, ਬੰਬੇ ਦੀ ਸੁਖਦੇਵ ਆਹਲੂਵਾਲੀਆ ਨਿਰਦੇਸ਼ਿਤ ਫ਼ਿਲਮ ‘ਤਿਲ ਤਿਲ ਦਾ ਲੇਖਾ’ (1979) ਦੀ ਕਾਸਟਿੰਗ ’ਚ ਵੀ ਮੁਮਤਾਜ਼ ਬੇਗ਼ਮ ਦਾ ਨਾਮ ਆਉਂਦਾ ਹੈ, ਪਰ ਦੋਵਾਂ ਫ਼ਿਲਮਾਂ ਵਿੱਚ ਉਹ ਕਿਤੇ ਵਿਖਾਈ ਨਹੀਂ ਦਿੱਤੀ।
ਮੁਮਤਾਜ਼ ਬੇਗ਼ਮ ਨੇ 1950, 60, 70, 80 ਤੇ 90ਵਿਆਂ ਦੇ ਦਹਾਕੇ ਤੱਕ ਬਹੁਤ ਸਾਰੀਆਂ ਹਿੰਦੀ ਫ਼ਿਲਮਾਂ ਵਿੱਚ ਮਾਂ ਦੇ ਯਾਦਗਾਰੀ ਚਰਿੱਤਰ ਕਿਰਦਾਰ ਨਿਭਾਏ। ਉਸ ਦੀ ਅਦਾਕਾਰੀ ਵਾਲੀ ਆਖ਼ਰੀ ਹਿੰਦੀ ਫ਼ਿਲਮ ਮੈਗਨੇਟਸ ਇੰਟਰਨੈਸ਼ਨਲ, ਬੰਬੇ ਦੀ ਡੀ. ਐੱਸ. ਆਜ਼ਾਦ ਨਿਰਦੇਸ਼ਿਤ ‘ਘਰ ਬਾਜ਼ਾਰ’ (1995) ਸੀ। ਇਸ ਫ਼ਿਲਮ ਵਿੱਚ ਉਸ ਨੇ ‘ਨੌਕਰਾਣੀ’ ਦਾ ਪਾਰਟ ਅਦਾ ਕੀਤਾ ਸੀ। ਇਸ ਵੇਲੇ ਤੱਕ ਮੁਮਤਾਜ਼ ਬੇਗ਼ਮ ਦੀ ਉਮਰ 90 ਸਾਲ ਸੀ। ਫਿਰ ਉਹ ਕਿੱਥੇ ਚਲੀ ਗਈ, ਕਦੋਂ ਫ਼ੌਤ ਹੋਈ ਕਾਫ਼ੀ ਤਹਿਕੀਕ ਕਰਨ ਦੇ ਬਾਵਜੂਦ ਕੁਝ ਪਤਾ ਨਹੀਂ ਲੱਗਿਆ।
ਸੰਪਰਕ: 97805-09545