ਕਿਰਨਾ ਦੀ ਚੁੱਪੀ…
ਮਨਦੀਪ ਰਿੰਪੀ
ਕਿਰਨਾ ਅੱਜ ਕਿਆਰੀਆਂ ਨਾਲ ਬਣੀ ਇੱਟਾਂ ਦੀ ਬੰਨੀ ਉੱਤੇ ਚੁੱਪ-ਚਾਪ ਬੈਠੀ ਆਪਣੇ ਸੱਜੇ ਹੱਥ ਦੀ ਉਂਗਲ ਨਾਲ ਮਿੱਟੀ ਨੂੰ ਲਗਾਤਾਰ ਕੁਰੇਦ ਰਹੀ ਸੀ। ਮੇਰਾ ਨਿਗ੍ਹਾ ਵੀ ਮੱਲੋ-ਮੱਲੀ ਮੁੜ-ਮੁੜ ਉਹਦੇ ਵੱਲ ਹੀ ਜਾਂਦੀ ਰਹੀ। ਉਂਜ ਤਾਂ ਜੂਨ ਮਹੀਨਾ ਗਰਮੀਆਂ ਦੀਆਂ ਛੁੱਟੀਆਂ ਹਨ, ਪਰ ‘ਕੌਮਾਂਤਰੀ ਯੋਗਾ ਦਿਵਸ’ ਮਨਾਉਣ ਅਸੀਂ ਦੋਵੇਂ ਅਧਿਆਪਕ ਵੀ ਸਕੂਲ ਵਿੱਚ ਹਾਜ਼ਰ ਹਾਂ। ਅੱਜ ਕਿਰਨਾ ਚੁੱਪ-ਗੜੁੱਪ ਕਿਉਂ? ਉਹਨੇ ਅੱਜ ਆਉਂਦੀ ਸਾਰ ਕਿਉਂ ਨਾ ਕਿਹਾ, ‘‘ਮੈਡਮ ਜੀ! ਤੁਸੀਂ ਅੱਜ ਬਹੁਤ ਸੋਹਣੇ ਲੱਗਦੇ ਹੋ… ਤੁਹਾਡੇ ਸੂਟ ਦਾ ਰੰਗ ਕਿੰਨਾ ਸੋਹਣਾ! …ਤੁਹਾਡੇ ਕੰਨਾਂ ’ਚ ਪਾਏ ਝੁਮਕੇ ਬਹੁਤ ਜਚਦੇ ਐ…।’’
ਅੱਗੇ ਤਾਂ ਮੈਨੂੰ ਵੇਖਦੇ ਸਾਰ ਭੱਜੀ ਆਉਂਦੀ ਤੇ ਮੈਨੂੰ ਘੁੱਟ ਕੇ ਜੱਫੀ ਪਾਉਂਦੀ ਤੇ ਪਤਾ ਨਹੀਂ ਕਿੰਨਾ ਕੁਝ ਇੱਕੋ ਸਾਹ ਵਿੱਚ ਆਖ ਸੁਣਾਉਂਦੀ ਹੈ।
ਖਾਣਾ ਬਣਾਉਣ ਵਾਲੇ ਆਂਟੀ ਕਈ ਵਾਰ ਉਹਨੂੰ ਆਖਦੇ, ‘‘ਕਿਰਨਾ! ਦੂਰ ਰਹਿ ਕੇ ਗੱਲ ਕਰਿਆ ਕਰ… ਤੈਨੂੰ ਪਤਾ ਨਹੀਂ ਮੈਡਮ ਜੀ…।’’
ਜਦੋਂ ਮੈਂ ਆਂਟੀ ਨੂੰ ਇਸ਼ਾਰੇ ਨਾਲ ਸਮਝਾਉਂਦੀ ਕਿ ਕੋਈ ਗੱਲ ਨਹੀਂ, ਕਿਰਨਾ ਹੋਰ ਚਾਂਭਲ ਜਾਂਦੀ ਤੇ ਮੇਰੇ ਨਾਲ ਇੰਜ ਗੱਲਾਂ ਕਰਦੀ ਜਿਵੇਂ ਮੈਂ ਉਹਦੇ ਘਰ ਦਾ ਹੀ ਕੋਈ ਜੀਅ ਹੋਵਾਂ। ਇਹ ਸੋਚ ਕੇ ਮੈਨੂੰ ਵੀ ਬਹੁਤ ਚੰਗਾ ਲੱਗਦਾ ਕਿ ਉਹ ਆਪਣੇ ਮਨ ਦੀ ਹਰ ਗੁੰਝਲ ਮੇਰੇ ਨਾਲ ਖੋਲ੍ਹ ਲੈਂਦੀ ਹੈ। ਮੈਂ ਹਮੇਸ਼ਾਂ ਚਾਹੁੰਦੀ ਕਿ ਉਹ ਆਪਣੇ ਮਨ ’ਚ ਕੋਈ ਗੰਢ ਨਾ ਰੱਖੇ ਕਿਉਂਕਿ ਮਨ ’ਚ ਦੱਬ-ਘੁੱਟ ਕੇ ਰੱਖੀਆਂ ਗੰਢਾਂ ਕਦੋਂ ਭਾਂਬੜ ਬਣ ਮੱਚ ਜਾਣ ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ।
ਅੱਜ ਤਾਂ ਉਹਨੇ ਮੈਨੂੰ ‘ਸਾਸਰੀਕਾਲ’ ਵੀ ਮਸਾਂ ਹੀ ਕਿਹਾ। ਕੀ ਹੋਇਆ ਉਹਦੀ ਜ਼ੁਬਾਨ ਨੂੰ? ਕੀ ਹੋਇਆ ਉਹਦੇ ਮਨ ਨੂੰ? ਮੈਥੋਂ ਬੁੱਝਿਆ ਕਾਹਤੋਂ ਨੀ ਜਾ ਰਿਹਾ। ਇਨ੍ਹਾਂ ਵੀਹਾਂ ਦਿਨਾਂ ਵਿੱਚ ਉਹ ਕਿੰਜ ਬਦਲ ਗਈ? ਹਾਲੇ ਇਕੱਤੀ ਮਈ ਕਿਹੜਾ ਦੂਰ ਲੰਘੀ… ਉੱਦਣ ਤਾਂ ਉਹ ਬਹੁਤ ਚਹਿਕ ਰਹੀ ਸੀ। ਮੂੰਹ ਜਿਹਾ ਬਣਾ ਬਣਾ ਗੱਲਾਂ ਕਰ ਰਹੀ ਸੀ ਸਭ ਨਾਲ।
ਉਹਦੀ ਸਹੇਲੀ ਕਿਰਤ ਉਹਦੇ ਨਾਲੋਂ ਦੋ ਕੁ ਸਾਲ ਵੱਡੀ ਹੈ। ਉਹਨੂੰ ਕੂਹਣੀਆਂ ਮਾਰ-ਮਾਰ ਬੁਲਾਉਂਦੀ, ਪਰ ਉਹ ਅੱਜ ਉਹਦੇ ਨਾਲ ਖਹਬਿੜਨ ਦੀ ਥਾਂ ਹੱਥ ਨਾਲੋਂ ਮਿੱਟੀ ਝਾੜਦੀ ਹੋਈ ਸਿਆਣੀ ਧੀ ਵਾਂਗੂੰ ਹੱਥ ’ਤੇ ਹੱਥ ਧਰ ਕੇ ਬਹਿ ਗਈ। ਉਹਦੇ ਇੰਜ ਬੈਠਣ ਨੇ ਮੇਰੇ ਮਨ ਨੂੰ ਇਕਦਮ ਉੱਠੇ ਤੂਫ਼ਾਨ ਵਾਂਗੂੰ ਅੰਦਰੋਂ ਤਹਿਸ-ਨਹਿਸ ਕੀਤਾ ਹੋਇਆ ਹੈ। ਉਹਦੀ ਚੁੱਪੀ, ਨਿਰਾਸ਼ ਅੱਖਾਂ ਤੇ ਉਹਦਾ ਏਨੀ ਸਿਆਣੀ ਬਣ ਕੇ ਬੈਠਣਾ, ਇਹ ਸਭ ਕੁਝ ਮੈਨੂੰ ਸੂਲੀ ਟੰਗਦੇ ਜਾਪਦੇ ਰਹੇ ਹਨ।
ਕਿਰਨਾ ਭਰਵੇਂ ਜਿਹੇ ਸਰੀਰ ਕਾਰਨ ਆਪਣੇ ਹਾਣ ਦੀਆਂ ਨਾਲੋਂ ਕਿਤੇ ਵੱਡੀ ਜਾਪਦੀ। ਜਦੋਂ ਕਿਰਨਾਂ ਕਾਲੀਆਂ ਗੋਲ਼-ਗੋਲ਼ ਅੱਖਾਂ ਘੁੰਮਾਉਂਦੀ ਹੋਈ ਗੱਲਾਂ ਕਰਦੀ ਹੈ ਤਾਂ ਉਹਦੀਆਂ ਗੋਭਲ਼ੀਆਂ ਸੂਹੀਆਂ ਗੱਲ੍ਹਾਂ ਵੇਖ ਉਹਦੇ ’ਤੇ ਹੋਰ ਵੀ ਮੋਹ ਆਉਂਦਾ। ਪਰ ਜਦ-ਜਦ ਮੈਂ ਉਹਦੇ ਬਾਰੇ ਸੋਚਦੀ ਹਾਂ, ਮੇਰੇ ਕਾਲਜੇ ਦਾ ਰੁੱਗ ਭਰ ਆਉਂਦਾ ਹੈ… ਰੱਬ ਨੇ ਖੌਰੇ ਕੀ ਲਿਖਿਆ ਚੰਦਰੀ ਦੇ ਕਰਮਾਂ ’ਚ! ਸੋਹਣੀ ਏਨੀ, ਲੱਗਦਾ ਜਿਵੇਂ ਰੱਬ ਨੇ ਪੁੂਰੀ ਰੀਝ ਨਾਲ ਬਣਾਈ ਹੋਵੇ ਤੇ ਜਦੋਂ ਭੈੜੀ ਦੇ ਲੇਖ ਲਿਖਣ ਲੱਗਿਆਂ ਤਾਂ ਜਿਵੇਂ ਪਤਾ ਨਹੀਂ ਕੀਹਦੇ ’ਤੇ ਆਏ ਗੁੱਸੇ ਦੇ ਅੰਗਾਰ ਚੰਦਰੀ ਦੇ ਕਰਮਾਂ ’ਚ ਮੜ੍ਹ ਦਿੱਤੇ। ਦੋ ਕੁ ਸਾਲ ਪਹਿਲਾਂ ਜਿਉਣ ਜੋਗੀ ਦਾ ਪਿਉ ਮੁੱਕ ਗਿਆ।
ਦੇਖੋ! ਕਿੰਝ ਆਈ ਮੌਤ… ਤੇ ਇਹਦੀਆਂ ਖ਼ੁਸ਼ੀਆਂ ਦਾ ਕਿਣਕਾ-ਕਿਣਕਾ ਲੰਘਾਰ ਕੇ ਮਸਾਣਾਂ ਦੇ ਟਿੱਢ ਭਰ ਆਈ। ਹਾਂ! ਇਹਦੇ ਪਿਓ ਨੂੰ ਕੀ ਪਤਾ ਸੀ ਕਿ ਉਹਦੇ ਟਿੱਢ ਭਰਨ ਤੋਂ ਪਹਿਲਾਂ ਹੀ ਉਹਦੇ ਘਰ ਦੀਆਂ ਖ਼ੁਸ਼ੀਆਂ ਰੁੱਸ ਜਾਣਗੀਆਂ ਹਮੇਸ਼ਾ ਲਈ। ਉਹ ਵਿਚਾਰਾ ਤੜਕੇ ਦਾ ਟੁੱਟਿਆ-ਥੱਕਿਆ ਟੈਂਪੂ ਦਾ ਗੇੜਾ ਲਾ ਆਥਣ ਵੇਲੇ ਘਰ ਮੁੜਿਆ। ਢਿੱਡ ਦੀ ਮਘਦੀ ਭੱਠੀ ਨੂੰ ਧਰਵਾਸ ਦੇਣ ਲਈ ਰੋਟੀ ਖਾਣ ਲੱਗਿਆ। ਹੱਥ ’ਚ ਫੜੀ ਰੋਟੀ ਦੀ ਆਖ਼ਰੀ ਬੁਰਕੀ ਸੰਘ ’ਚ ਇੰਜ ਅੜੀ ਕਿ ਸਾਹਾਂ ਨੂੰ ਹੀ ਘੇਰ ਕੇ ਬੈਠ ਗਈ। ਬਥੇਰੇ ਹੱਥ-ਪੈਰ ਮਾਰੇ ਵਿਚਾਰੇ ਨੇ ਮੌਤ ਨੂੰ ਟਾਲਣ ਲਈ ਪਰ ਮੌਤ ਕਦੋਂ ਟਲਦੀ ਹੈ? ਮੌਤ ਜਿੱਤ ਗਈ ਤੇ ਸਾਹ ਹਾਰ ਗਏ। ਨਾਲ ਹੀ ਕਿਰਨਾਂ ਦੇ ਸੁਨਹਿਰੀ ਲੇਖਾਂ ਨੇ ਰੰਗ ਵਟਾਉਂਦਿਆਂ ਦੇਰ ਨਾ ਲਾਈ।
ਘਰ ’ਚ ਸੱਥਰ ਵਿਛ ਗਿਆ। ਪੰਜਾਂ ਕੁ ਸਾਲਾਂ ਦੀ ਬਾਲੜੀ ਕਦੇ ਰੋਂਦੀ, ਦਾਦੀ ਮਾਂ ਦੀ ਬੁੱਕਲ ’ਚ ਵੜ ਕੇ ਬੈਠ ਜਾਂਦੀ ਤੇ ਕਦੇ ਦਾਦੇ ਦੀ ਬਾਂਹ ਫੜ ਕੇ ਹਲੂਣਦੀ, ‘‘ਮੇਰੇ ਪਾਪਾ ਠੀਕ ਤਾਂ ਹੋ ਜਾਣਗੇ!’’ ਕਮਲ਼ੀ ਹੋਈ ਮਾਂ ਨੂੰ ਵੇਖ ਉਹ ਸਹਿਮ ਗਈ ਸੀ ਤੇ ਉਹਦੇ ਕੋਲ ਜਾਣ ਦਾ ਜਿਵੇਂ ਉਸ ਵਿੱਚੋਂ ਕੋਈ ਹੌਸਲਾ ਖੋਹ ਕੇ ਲੈ ਗਿਆ ਸੀ। ਉਹ ਰੋਂਦੀ-ਕੁਰਲਾਉਂਦੀ ਮਾਂ ਕੋਲ ਜਾਂਦੀ ਤੇ ਮੁੜ ਦਾਦੀ ਦੀ ਬੁੱਕਲ ’ਚ ਵੜ ਬੈਠਦੀ। ਉਹਦੀ ਮਾਂ ਨੇ ਤਾਂ ਆਪੇ ਕਮਲ਼ੀ ਹੋਣਾ ਸੀ… ਚੌਵੀਆਂ ਕੁ ਸਾਲਾਂ ਦੀ ਉਮਰ ਹੀ ਕੀ ਸੀ ਅਜਿਹਾ ਕੁਝ ਹੰਢਾਉਣ ਦੀ? ਪਰ ਕਹਿੰਦੇ ਨੇ, ਡਾਢੇ ਅੱਗੇ ਕੀਹਦਾ ਜ਼ੋਰ?
ਹਾਲੇ ਉਹਦੇ ਪਿਓ ਦਾ ਸਿਵਾ ਠੰਢਾ ਵੀ ਨਹੀਂ ਹੋਇਆ ਸੀ ਕਿ ਨਾਨਕਿਆਂ ਨੇ ਗੱਲ ਚੁੱਕ ਲਈ, ਸਾਡੀ ਧੀ ਨੇ ਹੁਣ ਇੱਥੇ ਕੀ ਕਰਨਾ; ਪਹਾੜ ਜਿੱਡੀ ਜ਼ਿੰਦਗੀ ਕਿਵੇਂ ਕੱਢਣੀ ਹੈ। ਪੰਚਾਇਤ ਆਈ ਤੇ ਲੈ ਗਏ ਉਹ ਆਪਣੀ ਧੀ ਨੂੰ। ਕਿਰਨਾ ਦੀ ਮਾਂ ਆਪਣੇ ਮਾਪਿਆਂ ਨਾਲ ਚਲੀ ਗਈ ਅਤੇ ਕਿਰਨਾ ਆਪਣੀ ਵੱਡੀ ਮੰਮੀ ਤੇ ਵੱਡੇ ਪਾਪਾ ਕੋਲ ਰਹਿ ਗਈ। ਕਿਰਨਾ ਦੇ ਦਾਦਾ-ਦਾਦੀ ਨੇ ਬਥੇਰਾ ਸਮਝਾਇਆ ਕਿ ਅਸੀਂ ਧੀ ਬਣਾ ਕੇ ਰੱਖਾਂਗੇ… ਅਸੀਂ ਆਪ ਵਿਆਹਾਂਗੇ ਇਹਨੂੰ… ਸਾਡਾ ਘਰ ਸੁੰਨਾ ਨਾ ਕਰੋ… ਸਾਡਾ ਪੁੱਤ ਤਾਂ ਚਲਾ ਗਿਆ… ਸਾਡੇ ਕੋਲ ਧੀ ਰਹਿਣ ਦਿਓ… ਪਰ ਪਤਾ ਨਹੀਂ ਰੱਬ ਐਡਾ ਵੱਡਾ ਜੇਰਾ ਕਿੰਝ ਦੇ ਦਿੰਦਾ ਹੈ। ਕਿਰਨਾ ਦੇ ਨਾਨੇ ਨੇ ਭਰੀ ਪੰਚਾਇਤ ਵਿੱਚ ਕਿਰਨਾ ਵੱਲ ਇਸ਼ਾਰਾ ਕਰ ਆਖ ਦਿੱਤਾ, ‘‘ਆਪਣੀ ਧੀ ਅਸੀਂ ਲੈ ਚੱਲੇ… ਤੁਸੀਂ ਆਪਣੀ ਨੂੰ ਸਾਂਭੋ।’’
ਕਹਿੰਦੇ ਨੇ, ਕਿਰਨਾ ਭਰੀਆਂ ਅੱਖਾਂ ਨਾਲ ਕਦੇ ਆਪਣੇ ਨਾਨੇ ਵੱਲ ਵੇਖੇ ਤੇ ਕਦੇ ਉਹਦੀ ਨਿਗ੍ਹਾ ਆਪਣੇ ਵੱਡੇ ਪਾਪਾ ਦੇ ਚਿਹਰੇ ’ਤੇ ਟਿਕ ਜਾਵੇ। ਉਹਦੇ ਵੱਡੇ ਪਾਪਾ ਨੇ ਬਥੇਰਾ ਕਿਹਾ, ‘‘ਕਿਰਨਾ ਆਪਣੀ ਮਾਂ ਬਗੈਰ ਕਿੰਝ ਰਹੂ? ਉਹਨੂੰ ਤਾਂ ਆਪਣੀ ਮਾਂ ਬਿਨਾਂ ਨੀਂਦ ਵੀ ਨਹੀਂ ਆਉਂਦੀ।’’
ਪਰ ਉਹਦੀ ਕਿਸੇ ਨੇ ਨਾ ਸੁਣੀ ਤੇ ਫ਼ੈਸਲਾ ਕਿਰਨਾ ਦੀ ਮਾਂ ਦੇ ਸਿਰ ਪਾ ਦਿੱਤਾ। ਕਿਰਨਾ ਨੂੰ ਅੱਜ ਮੋਏ ਪਿਓ ਦੀ ਅਹਿਮੀਅਤ ਦੀ ਸਮਝ ਆਈ ਜਦੋਂ ਉਹਦੀ ਮਾਂ ਨੇ ਆਪਣੀ ਧੀ ਦਾ ਹੱਥ ਛੱਡ ਅੱਖਾਂ ਨੀਵੀਆਂ ਕਰ ਆਪਣੀ ਮਾਂ ਦਾ ਹੱਥ ਜਾ ਘੁੱਟਿਆ। ਉਹ ਆਪਣਾ ਸਾਮਾਨ ’ਕੱਠਾ ਕਰ ਲੈ ਗਈ …ਤੇ ਕਿਰਨਾ ਨੂੰ ਛੱਡ ਗਈ। ਕਿਰਨਾ ਸੋਚੀਂ ਪੈ ਗਈ ਕਿ ਘਰ ਦਾ ਬੇਜਾਨ ਸਾਮਾਨ ਉਹਦੇ ਨਾਲੋਂ ਵੱਧ ਕੀਮਤੀ ਹੈ! ਪਰ ਛੇਤੀ ਹੀ ਉਸ ਨੂੰ ਉਹਦੇ ਵੱਡੇ ਮੰਮੀ ਤੇ ਵੱਡੇ ਪਾਪਾ ਨੇ ਸੰਭਾਲ ਲਿਆ।
ਜਦੋਂ ਉਹਦੀ ਮਾਂ ਦਾ ਕਦੇ-ਕਦਾਈਂ ਫ਼ੋਨ ਆਉਂਦਾ, ਵੱਡੇ ਮੰਮੀ-ਪਾਪਾ ਗੱਲ ਨਹੀਂ ਕਰਵਾਉਂਦੇ ਤੇ ਉਹਦੇ ਮੂਹਰੇ ਹੱਥ ਬੰਨ੍ਹਦੇ ਮੁੜ ਫ਼ੋਨ ਨਾ ਕਰਨ ਲਈ। ਜਦੋਂ ਉਹ ਦੋਵੇਂ ਜੀਅ ਆਸੇ-ਪਾਸੇ ਹੁੰਦੇ ਤਾਂ ਕਿਰਨਾ ਫੋਨ ਚੁੱਕ ਆਪਣੀ ਮਾਂ ਨਾਲ ਗੱਲ ਕਰ ਲੈਂਦੀ। ਸ਼ਾਇਦ ਉਹ ਆਪਣੀ ਮਾਂ ਦੇ ਮੋਹ ’ਚ ਭੁੱਲ ਗਈ ਕਿ ਉਹਦੀ ਮਾਂ ਉਹਨੂੰ ਕਿਉਂ ਛੱਡ ਗਈ?
ਜਦੋੲ ਛੁੱਟੀਆਂ ਹੋਈਆਂ ਉਹ ਹੁੱਬ-ਹੁੱਬ ਕੇ ਸਭ ਨੂੰ ਦੱਸੇ, ‘‘ਮੈਂ ਛੁੱਟੀਆਂ ’ਚ ਆਪਣੀ ਮੰਮੀ ਕੋਲ ਜਾਵਾਂਗੀ।’’
ਮੈਨੂੰ ਉਹਦੇ ਭੋਲੇਪਣ ’ਤੇ ਬਹੁਤ ਤਰਸ ਆਇਆ। ਮੈਂ ਸੋਚੀਂ ਪੈ ਗਈ ਕਿ ਕੀ ਇਹਦੇ ਵੱਡੇ ਮੰਮੀ-ਪਾਪਾ ਇਹਨੂੰ ਭੇਜਣਗੇ ਇਹਦੀ ਮਾਂ ਕੋਲ ਜਾਂ ਕੀ ਇਹਦੀ ਮਾਂ ਇਹਨੂੰ ਆਪਣੇ ਕੋਲ ਰੱਖੇਗੀ। ਮੈਂ ਛੁੱਟੀਆਂ ਵਿੱਚ ਵੀ ਇਨ੍ਹਾਂ ਸੋਚਾਂ ਨਾਲ ਘੁਲਦੀ ਰਹੀ ਕਿ ਕਿਰਨਾ ਕਿੱਥੇ ਹੋਵੇਗੀ, ਆਪਣੀ ਮਾਂ ਦੀ ਬੁੱਕਲ ’ਚ ਜਾਂ ਆਪਣੇ ਵੱਡੇ ਮੰਮੀ-ਪਾਪਾ ਕੋਲ ਉਨ੍ਹਾਂ ਦੇ ਸੁੰਨੇ ਪਏ ਘਰ ’ਚ।
ਅਚਾਨਕ ਕਿਰਤ ਮੇਰੇ ਕੋਲ ਆ ਕੇ ਆਖਣ ਲੱਗੀ, ‘‘ਮੈਡਮ ਜੀ! ਤੁਹਾਨੂੰ ਪਤਾ ਕਿਰਨਾ ਦੀ ਮੰਮੀ ਦਾ ਵਿਆਹ ਹੋ ਗਿਆ।’’
ਜਦੋਂ ਉਹਨੇ ਇੰਜ ਕਿਹਾ ਮੇਰੀ ਨਿਗ੍ਹਾ ਮੁੜ ਕਿਰਨਾ ਦੇ ਚਿਹਰੇ ’ਤੇ ਜਾ ਚਿਪਕੀ। ਮੈਂ ਹਾਲੇ ਕੁਝ ਸੋਚ ਹੀ ਰਹੀ ਸੀ ਕਿ ਕਿਰਨਾ ਨੂੰ ਕੀ ਕਹਾਂ? ਕੀ ਪੁੱਛਾਂ?
ਕਿਰਤ ਅੱਗੇ ਗੱਲ ਤੋਰਦੀ ਹੋਈ ਆਖਣ ਲੱਗੀ, ‘‘ਅਸੀਂ ਗਏ ਸੀ ਇਹਦੀ ਮੰਮੀ ਦੇ ਵਿਆਹ ’ਤੇ… ਇਹਦੇ ਵੱਡੇ ਮੰਮੀ-ਪਾਪਾ ਤਾਂ ਗਏ ਨਹੀਂ ਪਰ ਇਹਨੂੰ ਲੈ ਗਿਆ ਸੀ ਇਹਦਾ ਮਾਮਾ ਆ ਕੇ… ਇਹਦੇ ਵੱਡੇ ਮੰਮੀ-ਪਾਪਾ ਨੇ ਇਹਨੂੰ ਵੀ ਮਸਾਂ ਹੀ ਭੇਜਿਆ… ਪਰ ਇਹ ਵਿਆਹ ’ਚ ਆਪਣੀ ਮੰਮੀ ਕੋਲ ਵੀ ਨਹੀਂ ਗਈ… ਅੰਦਰ ਆਲ਼ੇ ਕਮਰੇ ’ਚ ਬੈਠੀ ਰਹੀ ਚੁੱਪ ਕਰਕੇ।’’
ਕਿਰਨਾ ਉਹਦੀ ਗੱਲ ਕੱਟਦੀ ਹੋਈ ਕਹਿਣ ਲੱਗੀ, ‘‘ਮੇਰੀ ਮੰਮੀ ਹੁਣ ਮੈਨੂੰ ਲੈ ਜਾਊਗੀ ਛੇਤੀ ਹੀ ਆਪਣੇ ਕੋਲ… ਹਾਲੇ ਉਹ ਲੋਕ ਨਵੇਂ ਆ ਨਾ… ਜਿਨ੍ਹਾਂ ਦੇ ਘਰ ਗਈ ਮੇਰੀ ਮੰਮੀ ਵਿਆਹ ਕੇ… ਥੋੜ੍ਹੀ ਦੇਰ ਠਹਿਰ ਮੈਂ ਆਪਣੀ ਮੰਮੀ ਕੋਲ ਈ ਚਲੀ ਜਾਣਾ।’’
ਜਦੋਂ ਉਹਨੇ ਇੰਜ ਕਿਹਾ ਮੈਂ ਚਾਹੁੰਦਿਆਂ ਵੀ ਆਪਣੀਆਂ ਭਰੀਆਂ ਅੱਖਾਂ ਨੂੰ ਰੋਕ ਨਾ ਸਕੀ। ਉਹ ਕਿੰਨਾ ਚਿਰ ਵਰਦੀਆਂ ਰਹੀਆਂ ਤੇ ਮੈਂ ਮੂੰਹ ਘੁੰਮਾ ਕੇ ਹੁੰਝੂ ਪੂੰਝਦੀ ਰਹੀ। ਹੁਣ ਮੇਰੀ ਭੋਰਾ ਵੀ ਹਿੰਮਤ ਨਹੀਂ ਸੀ ਕਿਰਨਾ ਦੀਆਂ ਗੱਲਾਂ ਸੁਣਨ ਜਾਂ ਉਸ ਵੱਲ ਵੇਖਣ ਦੀ।
ਸੰਪਰਕ: 98143-85918
* * *
ਓਵਰਡੋਜ਼
ਜਸਵੀਰ ਸੋਨੀ
ਸਰਬਜੋਤ ਚੰਗੇ ਪਰਿਵਾਰ ’ਚੋਂ ਸੀ। ਮਾਂ ਬਾਪ ਦੀ ਬਹੁਤ ਲਾਡਲੀ ਧੀ ਸੀ। ਤਿੰਨ ਭਰਾਵਾਂ ਤੋਂ ਛੋਟੀ ਹੋਣ ਕਰਕੇ ਉਸ ਦੀ ਹਰ ਇੱਛਾ ਪੂਰੀ ਕੀਤੀ ਜਾਂਦੀ ਸੀ। ਇਹੀ ਕਾਰਨ ਸੀ ਕਿ ਉਸ ਦੀ ਇੱਛਾ ਅਨੁਸਾਰ ਉਸ ਨੂੰ ਸ਼ਹਿਰ ਦੇ ਵੱਡੇ ਕਾਲਜ ਵਿੱਚ ਪੜ੍ਹਨ ਲਈ ਲਾ ਦਿੱਤਾ ਗਿਆ। ਸਰਬਜੋਤ ਪੜ੍ਹ ਲਿਖ ਕੇ ਵੱਡੇ ਅਹੁਦੇ ’ਤੇ ਲੱਗਣਾ ਚਾਹੁੰਦੀ ਸੀ ਤੇ ਮਾਪੇ ਉਸ ਦੀ ਇੱਛਾ ਪੂਰੀ ਕਰਨ ਲਈ ਉਸ ਦੀ ਹਰ ਮੰਗ ਪੂਰੀ ਕਰ ਰਹੇ ਸਨ।
ਇੱਕ ਦਿਨ ਸਰਬਜੋਤ ਦੀ ਮਾਂ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰ ਨੇ ਉਸ ਦੇ ਟੈਸਟ ਕਰਵਾਏ ਤਾਂ ਪਤਾ ਲੱਗਿਆ ਕਿ ਸਰਬਜੋਤ ਦੀ ਮਾਂ ਨੂੰ ਕੈਂਸਰ ਹੈ ਜੋ ਆਖ਼ਰੀ ਸਟੇਜ ’ਤੇ ਹੈ, ਹੁਣ ਇਸ ਦੇ ਜ਼ਿਆਦਾ ਸਮਾਂ ਜਿਊਣ ਦੀ ਸੰਭਾਵਨਾ ਨਹੀਂ ਹੈ। ਸੁਣ ਕੇ ਸਾਰੇ ਪਰਿਵਾਰ ਨੂੰ ਸਦਮਾ ਲੱਗਿਆ। ਸਰਬਜੋਤ ਵੀ ਬਹੁਤ ਰੋਈ ਪਰ ਕੁਦਰਤ ਦਾ ਭਾਣਾ ਮੰਨ ਕੇ ਸਾਰੇ ਚੁੱਪ ਕਰ ਗਏ। ਹੁਣ ਸਰਬਜੋਤ ਦੀ ਮਾਂ ਨੇ ਪਰਿਵਾਰ ’ਤੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਸ ਦੇ ਜਿਉਂਦੇ ਜੀ ਕੁੜੀ ਦੇ ਹੱਥ ਪੀਲੇ ਕਰ ਦਿੱਤੇ ਜਾਣ, ਉਹ ਆਪਣੇ ਹੱਥੀਂ ਕੁੜੀ ਨੂੰ ਡੋਲੀ ਵਿੱਚ ਤੋਰਨਾ ਚਾਹੁੰਦੀ ਹੈ। ਮਾਂ ਦੀ ਇੱਛਾ ਅੱਗੇ ਸਰਬਜੋਤ ਨੇ ਵੀ ਸਿਰ ਝੁਕਾ ਦਿੱਤਾ। ਕੁਝ ਦਿਨਾਂ ਦੀ ਭੱਜ ਦੌੜ ਤੋਂ ਬਾਅਦ ਇੱਕ ਚੰਗੇ ਖਾਂਦੇ ਪੀਂਦੇ ਪਰਿਵਾਰ ਵਿੱਚ ਉਸ ਦਾ ਰਿਸ਼ਤਾ ਤੈਅ ਹੋ ਗਿਆ। ਤੇ ਉਹ ਦਿਨ ਵੀ ਆ ਗਿਆ ਜਦੋਂ ਚਾਵਾਂ ਲਾਡਾਂ ਨਾਲ ਪਾਲੀ ਧੀ ਨੂੰ ਇਸ ਆਸ ਨਾਲ ਮਾਪੇ ਸੁਰਖ਼ਰੂ ਹੋ ਗਏ ਕਿ ਚੰਗੇ ਘਰ ’ਚ ਗਈ ਧੀ ਸੁਖੀ ਰਹੇਗੀ।
ਸਰਬਜੋਤ ਵੀ ਹਰ ਕੁੜੀ ਵਾਂਗ ਨਵੀਂ ਜ਼ਿੰਦਗੀ ਦੀਆਂ ਸੱਧਰਾਂ ਤੇ ਸੁਪਨੇ ਲੈ ਕੇ ਸਹੁਰੇ ਘਰ ਆ ਗਈ। ਉਸ ਨੂੰ ਸਜੇ ਵਿਸ਼ੇਸ਼ ਕਮਰੇ ਵਿੱਚ ਬਿਠਾ ਦਿੱਤਾ। ਸਮਾਂ ਬੀਤਦਾ ਗਿਆ ਪਰ ਉਸ ਦਾ ਪਤੀ ਨਹੀਂ ਆਇਆ। ਘਰਦਿਆਂ ਨੇ ਉਸ ਨੂੰ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ। ਉਸ ਦੇ ਕੁਝ ਦੋਸਤਾਂ ਨੂੰ ਫੋਨ ਕੀਤੇ ਤਾਂ ਉਨ੍ਹਾਂ ਨੇ ਜਾਣਕਾਰੀ ਤੋਂ ਨਾਂਹ ਕਰ ਦਿੱਤੀ। ਘਰਦਿਆਂ ਨੇ ਸੋਚਿਆ ਕਿ ਆਪੇ ਆ ਜਾਵੇਗਾ। ਇਹ ਸੋਚ ਕੇ ਸਾਰੇ ਸੌਂ ਗਏ। ਪਰ ਸਰਬਜੋਤ ਦੀਆਂ ਅੱਖਾਂ ਦਰਵਾਜ਼ੇ ਵੱਲ ਲੱਗੀਆਂ ਸਨ। ਰਾਤ ਬੀਤ ਰਹੀ ਸੀ। ਆਖ਼ਰ ਸਰਬਜੋਤ ਦੀ ਵੀ ਅੱਖ ਲੱਗ ਗਈ। ਸਵੇਰੇ ਘਰ ਵਿੱਚ ਪਏ ਚੀਖ਼ ਪੁਕਾਰ ਨਾਲ ਉਸ ਦੀ ਅੱਖ ਖੁੱਲ੍ਹ ਗਈ। ਫਿਰ ਉਸ ਨੂੰ ਪਤਾ ਲੱਗਿਆ ਕਿ ਰਾਤੀਂ ਨਸ਼ੇ ਕਾਰਨ ਉਸ ਦੇ ਪਤੀ ਦੀ ਮੌਤ ਹੋ ਗਈ ਹੈ। ਉਹ ਬੁੱਤ ਬਣੀ ਕੰਧ ਨਾਲ ਲੱਗੀ ਖੜ੍ਹੀ ਸੀ।
ਅਗਲੇ ਦਿਨ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਲਿਖਿਆ ਸੀ: ਨਸ਼ੇ ਦੀ ਓਵਰਡੋਜ਼ ਨਾਲ ਇੱਕ ਹੋਰ ਨੋਜਵਾਨ ਦੀ ਮੌਤ।
ਸੰਪਰਕ: 94787-76938
* * *
ਸੁਪਨੇ
ਹਰਿੰਦਰ ਸਿੰਘ ਗੋਗਨਾ
ਦੀਵਾਲੀ ਦੀ ਸਵੇਰ ਭੀਖੂ ਭਿਖਾਰੀ ਆਪਣੇ ਲੜਕੇ ਨੂੰ ਲੈ ਕੇ ਭੀਖ ਮੰਗਣ ਲਈ ਨਿਕਲਿਆ ਤਾਂ ਇਕ ਕੋਠੀ ਦੇ ਬਨੇਰੇ ’ਤੇ ਸਜੀਆਂ ਲੜੀਆਂ ਵੇਖ ਕੇ ਭੀਖੂ ਦਾ ਲੜਕਾ ਆਖਣ ਲੱਗਾ, ‘‘ਬਾਪੂ, ਔਹ ਵੇਖ ਕਿੰਨੀਆਂ ਸੋਹਣੀਆਂ ਲੜੀਆਂ ਨੇ… ਰਾਤ ਨੂੰ ਜਗਮਗ ਜਗਮਗ ਕਰਨਗੀਆਂ… ਆਪਾਂ ਵੀ ਸ਼ਾਮ ਨੂੰ ਆਪਣੀ ਝੌਂਪੜੀ ਦੇ ਆਲੇ-ਦੁਆਲੇ ਤੇਲ ਦੇ ਦੀਵੇ ਜਗਾਵਾਂਗੇ…ਬੜਾ ਮਜਾ ਆਊ…ਹੈ ਨਾ ?’’ ‘‘ਕਮਲਿਆ… ਆਪਾਂ ਗਰੀਬਾਂ ਨੂੰ ਤਾਂ ਸ਼ਾਮ ਨੂੰ ਚੁੱਲ੍ਹਾ ਬਲਣ ਦੀ ਆਸ ਨੀਂ ਹੁੰਦੀ ਤੇ ਤੂੰ ਦੀਵਿਆਂ ਵਿਚ ਤੇਲ ਪਾਉਣ ਦੀ ਗੱਲ ਕਰਦੈਂ…। ਚੱਲ ਸੁਪਨੇ ਵੇਖਣੇ ਬੰਦ ਕਰ…।’’ ਭੀਖੂ ਨੇ ਉਸ ਦੀ ਗੀਚੀ ’ਤੇ ਹਲਕੀ ਜਿਹੀ ਚਪੇੜ ਲਗਾਉਂਦੇ ਕਿਹਾ ਤੇ ਉਹ ਪਹਿਲਾਂ ਨਾਲੋਂ ਤੇਜ਼ੀ ਨਾਲ ਤੁਰਨ ਲੱਗਾ।
ਸੰਪਰਕ: 98723-25960