ਕਿਸਾਨ-ਮਜ਼ਦੂਰ ਪੱਖੀ ਸਿਆਸਤ
6 ਅਤੇ 7 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਪ੍ਰੋ. ਪ੍ਰੀਤਮ ਸਿੰਘ ਦੇ ਲੇਖਾਂ ਵਿਚ ਕਿਸਾਨ ਅੰਦੋਲਨ ਅਤੇ ਜਥੇਬੰਦੀਆਂ ਬਾਰੇ ਚਰਚਾ ਕੀਤੀ ਗਈ ਹੈ। ਲੇਖਾਂ ਵਿਚ ਸਹੀ ਕਿਹਾ ਗਿਆ ਹੈ ਕਿ ਪੰਜਾਬ ਨੂੰ ਪਾਰਟੀ ਆਧਾਰਿਤ ਦੀ ਥਾਂ ਨੁਮਾਇੰਦਾ ਆਧਾਰਿਤ, ਖ਼ਾਸ ਤੌਰ ’ਤੇ ਕਿਸਾਨ ਮਜ਼ਦੂਰ ਪੱਖੀ ਸਿਆਸਤ ਦੀ ਲੋੜ ਹੈ। ਪੰਜਾਬ ਦੀ ਆਰਥਿਕਤਾ ਅਤੇ ਰੁਜ਼ਗਾਰ ਸਿੱਧੇ ਤੌਰ ’ਤੇ ਪੇਂਡੂ ਖੁਸ਼ਹਾਲੀ ਨਾਲ ਜੁੜੇ ਹੋਏ ਹਨ।
ਬਲਵਿੰਦਰ ਗਿੱਲ, ਈਮੇਲ
(2)
ਪ੍ਰੋ. ਪ੍ਰੀਤਮ ਸਿੰਘ ਆਪਣੇ ਲੇਖਾਂ ਵਿਚ ਕਿਸਾਨਾਂ ਨੂੰ ਅੱਗੇ ਆਉਣ ਦੀ ਸਲਾਹ ਦੇ ਕੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਹਨ। ਸਹੀ ਕਿਹਾ ਹੈ, ਜੇ ਹੁਣ ਪੰਜਾਬ ਨੂੰ ਕਿਸੇ ਤੋਂ ਆਸ ਹੈ ਤਾਂ ਉਹ ਕਿਸਾਨ ਜਥੇਬੰਦੀਆਂ ਹਨ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਬਹੁਤੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਜੁੜੀਆਂ ਹੋਈਆਂ ਹਨ ਅਤੇ ਉਹ ਆਪਣੇ ਆਕਾਵਾਂ ਅਨੁਸਾਰ ਹੀ ਕੰਮ ਕਰਨਗੀਆਂ। ਉਂਜ ਲੇਖਕ ਦੇ ਕਹੇ ਅਨੁਸਾਰ ਕਿਸਾਨ ਜਥੇਬੰਦੀਆਂ ਅੱਗੇ ਲੱਗ ਕੇ ਉਸਾਰੂ ਭੂਮਿਕਾ ਨਿਭਾਅ ਸਕਦੀਆਂ ਹਨ।
ਕਰਮਜੀਤ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ
ਅਕਿਰਤਘਣਤਾ ਨੂੰ ਬਖ਼ਸ਼ਣਾ ਹੀ ਬਿਹਤਰ
6 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਜਗਦੀਸ਼ ਕੌਰ ਮਾਨ ਦੀ ਰਚਨਾ ‘ਚੇਤਿਆਂ ’ਚੋਂ ਕਿਰਦੀ ਦਾਸਤਾਂ…’ ਵਧੀਆ ਸੀ। ਲੇਖਕ ਦੀ ਜਾਣ-ਪਛਾਣ ਵਾਲੀ ਅਧਿਆਪਕਾਂ ਨੇ ਕਾਲੇ ਸਮਿਆਂ ਦੌਰਾਨ ਲੇਖਕ ਦੇ ਕੀਤੇ ਪਰਉਪਕਾਰ ਨੂੰ ਭੁਲਾ ਕੇ ਅਕਿਰਤਘਣਤਾ ਦਾ ਪ੍ਰਗਟਾਵਾ ਕੀਤਾ ਹੈ। ਜਜ਼ਬਾਤੀ ਅਤੇ ਸੁਹਿਰਦ ਇਨਸਾਨ ਦੇ ਦਿਲ ਨੂੰ ਇਸ ਹਾਲ ’ਚ ਠੇਸ ਲੱਗਣਾ ਸੁਭਾਵਿਕ ਹੈ ਪਰ ਇਸ ਦਾ ਇਲਾਜ ਗੁਰਬਾਣੀ ਤੋਂ ਸੇਧ ਲੈ ਕੇ ਅਕਿਰਤਘਣ ਨੂੰ ਖ਼ਿਮਾ ਕਰਨਾ ਅਤੇ ਬਦਲਾ ਲੈਣ ਦੀ ਥਾਂ ਉਸ ਦਾ ਭਲਾ ਲੋਚਣਾ ਅਤੇ ਮੌਕਾ ਮਿਲੇ ’ਤੇ ਭਲਾ ਕਰਨਾ ਹੀ ਸਹੀ ਦਿਸ਼ਾ ’ਚ ਪੁੱਟਿਆ ਕਦਮ ਹੈ। ਗੁਰਬਾਣੀ ਦੇ ਵਾਕ ਹਨ : ਫ਼ਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨਾ ਹਢਾਇ।। (ਪੰਨਾ 1381) ਅਤੇ ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ।।’’ (ਪੰਨਾ 47)
ਕੁਲਦੀਪ ਸਿੰਘ, ਯੂਨੀਅਨ ਸਿਟੀ, ਕੈਲੀਫੋਰਨੀਆ (ਅਮਰੀਕਾ)
ਮੌਨਸੂਨ ਬਾਰੇ ਗੱਲਾਂ
6 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਵਿਜੈ ਬੰਬੇਲੀ ਦਾ ਲੇਖ ‘ਮੌਨਸੂਨ ਨੂੰ ਉਡੀਕਦਿਆਂ’ ਪੜ੍ਹਿਆ। ਲੇਖਕ ਨੇ ਮੌਨਸੂਨ ਨਾਲ ਸਬੰਧਿਤ ਹਰ ਗੱਲ ਬੜੀ ਬਰੀਕੀ ਨਾਲ ਕੀਤੀ ਹੈ। ਤਲਾਅ, ਟੋਭਿਆਂ ਅਤੇ ਕੁਦਰਤੀ ਜਲ ਕੁੰਡਾਂ ਦੇ ਖਾਤਮੇ ਕਾਰਨ ਪੈਦਾ ਹੋ ਰਹੇ ਖ਼ਤਰੇ ਤੋਂ ਵੀ ਸੁਚੇਤ ਕੀਤਾ ਗਿਆ ਹੈ। ਪਾਣੀ ਦੀ ਸਮੱਸਿਆ ਦੇ ਹੱਲ ਲਈ ਕੁਝ ਤਰੀਕੇ ਵੀ ਸੁਝਾਏ ਗਏ ਹਨ। 5 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਹਰਜਿੰਦਰ ਸਿੰਘ ਗੁਲਪੁਰ ਦਾ ਮਿਡਲ ‘ਟੋਕਰੇ ਵਰਗੇ ਸ਼ਹਿਰ ਤੋਂ ਗੁਲਪੁਰ ਤਕ’ ਪੜ੍ਹ ਕੇ 1947 ਵਿਚ ਭਾਰਤ ਪਾਕਿਸਤਾਨ ਦੀ ਵੰਡ ਸਮੇਂ ਹੋਏ ਦੰਗਿਆਂ ਦੌਰਾਨ ਉਜੜੇ ਮਿਸਤਰੀ ਪਰਿਵਾਰ ਦੀ ਕਹਾਣੀ ਬਾਰੇ ਪਤਾ ਲੱਗਿਆ ਹੈ। ਬੜੀਆਂ ਦਿਲਚਸਪ ਗੱਲਾਂ ਹਨ ਪਰ ਲੇਖਕ ਕਿਤੇ ਕਿਤੇ ਮੁੱਦੇ ਤੋਂ ਪਾਸੇ ਵੀ ਹਟ ਜਾਂਦਾ ਹੈ ਪਰ ਇਹ ਮਸਲਾ ਅਣਗੌਲਿਆ ਕੀਤਾ ਜਾ ਸਕਦਾ ਹੈ।
ਸਰਵਰ ਬਰਗਾੜੀ, ਫਰੀਦਕੋਟ
ਲਖਨਊ ਦੀ ਦਾਸਤਾਂ
ਸੁਰਿੰਦਰ ਸਿੰਘ ਤੇਜ ਪਾਠਕਾਂ ਨੂੰ ਨਵੀਆਂ ਪ੍ਰਕਾਸ਼ਨਾਵਾਂ ਤੋਂ ਜਾਣੂ ਕਰਵਾਉਂਦੇ ਰਹਿੰਦੇ ਹਨ। 5 ਜੁਲਾਈ ਨੂੰ ਉਨ੍ਹਾਂ ਨੇ ‘ਏ ਸ਼ੈਡੋ ਆਫ਼ ਦਿ ਪਾਸਟ: ਏ ਸ਼ਾਰਟ ਬਾਇਓਗਰਾਫ਼ੀ ਆਫ਼ ਲਖਨਊ’ ਬਾਰੇ ਜਾਣਕਾਰੀ ਦਿੱਤੀ ਹੈ। ਪਾਠਕਾਂ ਦੀ ਜਾਣਕਾਰੀ ਲਈ ਦੱਸਣਾ ਚੰਗਾ ਰਹੇਗਾ ਕਿ ਨੈਸ਼ਨਲ ਬੁੱਕ ਟਰਸਟ, ਦਿੱਲੀ ਨੇ 1971 ਦੇ ਸਾਲ ਪੰਜਾਬੀ ਵਿਚ ਅਬਦੁਲ ਹਲੀਮ ‘ਸ਼ਰਰ’ ਲਿਖਤ 372 ਪੰਨਿਆਂ ਦੀ ਕਿਤਾਬ ‘ਕਲ੍ਹ ਦਾ ਲਖਨਊ’ ਛਾਪੀ ਸੀ। ਲਖਨਊ ਉੱਪਰ ਇਸ ਵਰਗੀ ਕਿਤਾਬ ਅਜੇ ਤਕ ਲਿਖੀ ਨਹੀਂ ਗਈ। ਮੂਲ ਉਰਦੂ ਵਿਚ ਸੀ ‘ਗੁਜ਼ਸ਼ਤਾ ਲਖਨਊ’, ਗੁਜ਼ਸ਼ਤਾ ਮਾਇਨੇ ਬੀਤਿਆ ਕੱਲ੍ਹ। ਇਹ ਭਾਰਤ ਦੀਆਂ ਸਾਰੀਆਂ ਜ਼ਬਾਨਾਂ ਵਿਚ ਛਪੀ ਸੀ। ਵਿਚੋਂ ਦੀ ਖ਼ਤਮ ਹੋ ਗਈ ਸੀ, ਹੁਣ ਮੁੜ ਛਾਪ ਦਿੱਤੀ ਹੈ।
ਡਾ. ਹਰਪਾਲ ਸਿੰਘ ਪੰਨੂ, ਪਟਿਆਲਾ
ਸਿਆਸਤ ਅਤੇ ਬੁੱਧੀਜੀਵੀ
5 ਜੁਲਾਈ ਦੇ ਅੰਕ ਵਿਚ ਐੱਸਪੀ ਸਿੰਘ ਦੀ ਲਿਖਤ ‘ਲੜਾਈਆਂ ਗਹਿ-ਗੱਚ ਹੋਣਗੀਆਂ’ ਪੜ੍ਹਿਆ। ਲੇਖਕ ਵੋਟਾਂ ਦੀ ਸਿਆਸਤ ਦੇ ਮਾਹੌਲ ਵਿਚ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਗਹਿ-ਗੱਚ ਵਿਚਾਰ ਵਟਾਂਦਰੇ ਹੁੰਦੇ ਦੇਖਣ ਦੇ ਤਲਬਗ਼ਾਰ ਹੈ ਪਰ ਸਿਆਸੀ ਪਾਰਟੀਆਂ ਲੋਕ ਸਰੋਕਾਰਾਂ ਨੂੰ ਦਰਕਿਨਾਰ ਕਰਨ ਦੀ ਤਾਕ ਵਿਚ ਹਨ। ਦੇਸ਼ ਵਿਚ ਚੱਲ ਰਿਹਾ ਵੱਡਾ ਕਿਸਾਨ ਅੰਦੋਲਨ ਸਿਆਸਤ ਦੀ ਦਿਸ਼ਾ ਬਦਲੇ ਜਾਣ ਦੀ ਜ਼ੋਰਦਾਰ ਮੰਗ ਕਰ ਰਿਹਾ ਹੈ। ਸਿਆਸੀ ਪਾਰਟੀਆਂ ਨੂੰ ਸਿਆਸੀ ਬਿਰਤਾਂਤ ਬਦਲੇ ਜਾਣ ਵਾਸਤੇ ਮਜਬੂਰ ਕਰਨ ਲਈ ਬੁੱਧੀਜੀਵੀ ਵਰਗ ਸਿਰ ਹੁਣ ਵੱਡੀ ਜ਼ਿੰਮੇਵਾਰੀ ਹੈ। ਪੰਜਾਬ ਦੇ ਪ੍ਰਸੰਗ ’ਚ ਮੁੱਦਿਆਂ ਨੂੰ ਸਿਆਸਤ ਦੇ ਕੇਂਦਰ ’ਚ ਲਿਆਉਣ ਦੀ ਜ਼ਰੂਰਤ ਹੈ।
ਹਜ਼ਾਰਾ ਸਿੰਘ, ਮਿਸੀਸਾਗਾ (ਕੈਨੇਡਾ)
ਅੱਖਾਂ ਨਮ
ਤ੍ਰੈਲੋਚਨ ਲੋਚੀ ਦਾ ਮਿਡਲ ‘ਖ਼ਰਾ ਸੌਦਾ’ (2 ਜੁਲਾਈ) ਨੇ ਅੱਖਾਂ ਨਮ ਕਰ ਦਿੱਤੀਆਂ। ਕਿੱਥੇ ਤੰਗੀ-ਤੁਰਸ਼ੀ ਕਾਰਨ ਆੜ੍ਹਤੀਏ ਤੋਂ ਫੜੀ ਰਕਮ, ਤੇ ਕਿੱਥੇ ਪੂਰੀ ਦੀ ਪੂਰੀ ਰਕਮ ਗੁੰਗੇ-ਬੋਲ਼ੇ ਬੱਚਿਆਂ ਦੇ ਪੱਲੇ ਪਾ ਦੇਣੀ। ਆਤਮਾ ਸਿੰਘ ਵਰਗੇ ਲੋਕਾਂ ਨੂੰ ਦਿਲੋਂ ਸਲਾਮ ਹੈ।
ਕੁਲਵੰਤ ਸਿੰਘ, ਬਠਿੰਡਾ
ਫੁੱਟਬਾਲ ਦਾ ਸ਼ੁਦਾਅ
7 ਜੁਲਾਈ ਦੇ ਇੰਟਰਨੈੱਟ ਪੰਨੇ ‘ਪੰਜਾਬੀ ਪੈੜਾਂ’ ’ਤੇ ਹਰਜੀਤ ਅਟਵਾਲ ਦਾ ਲੇਖ ‘ਫੁੱਟਬਾਲ ਦਾ ਸ਼ੁਦਾਅ’ ਇੰਗਲੈਂਡ ਵਿਚ ਆਮ ਲੋਕਾਂ ਦੀ ਫੁੱਟਬਾਲ ਦੀ ਦੀਵਾਨਗੀ ਬਾਰੇ ਬਹੁਤ ਕੁਝ ਬਿਆਨ ਕਰਦਾ ਹੈ। ਲੇਖਕ ਨੇ ਯੂਕੇ ਦੇ ਫੁੱਟਬਾਲ ਇਤਿਹਾਸ ਦੀ ਚਰਚਾ ਬੜੇ ਹੀ ਰੌਚਿਕ ਢੰਗ ਨਾਲ ਕੀਤੀ, ਜਿਵੇਂ ਫੁੱਟਬਾਲ ਦੀ ਸ਼ੁਰੂਆਤ, ਫੁੱਟਬਾਲ ਐਸੋਸੀਏਸ਼ਨਾਂ, ਕਲੱਬਾਂ ਦੇ ਗਠਨ ਦੇ ਨਾਲ ਨਾਲ ਸੰਸਾਰ ਕੱਪ ਵਿਚ ਯੂਕੇ ਦੀ ਸ਼ਮੂਲੀਅਤ ਆਦਿ। ਇਸ ਦੇ ਨਾਲ ਹੀ ਪੰਜਾਬੀਆਂ ਦਾ ਖੇਡ ਸਭਿਆਚਾਰ ਤੋਂ ਗੁਰਦੁਆਰਿਆਂ ਦੀ ਰਾਜਨੀਤੀ ਵਿਚ ਤਬਦੀਲ ਹੋਣਾ ਅਤੇ ਭਾਰਤ ਵਿਚ ਕਦੇ ਮਸ਼ਹੂਰ ਰਹੀ ਫੁੱਟਬਾਲ ਅਤੇ ਹਾਕੀ ਦੀ ਖੇਡ ਦੀ ਜਗ੍ਹਾ ਕ੍ਰਿਕਟ ਦਾ ਹਾਵੀ ਹੋਣਾ ਲੇਖਕ ਦੀ ਚਿੰਤਾ ਉਜਾਗਰ ਕਰਦਾ ਸੀ।
ਡਾ. ਗੁਰਇਕਬਾਲ ਸਿੰਘ ਬੋਦਲ, ਦਸੂਹਾ (ਹੁਸ਼ਿਆਰਪੁਰ)